ਦੁਨੀਆ ਦੀ 80 ਫ਼ੀਸਦੀ ਆਬਾਦੀ ਤੰਦਰੁਸਤੀ ਲਈ ਪੌਦਿਆਂ 'ਤੇ ਨਿਰਭਰ ਕਰਦੀ ਹੈ। ਲਗਪਗ 25 ਫ਼ੀਸਦੀ ਦਵਾਈਆਂ ਪੌਦਿਆਂ ਤੋਂ ਬਣਾਈਆਂ ਜਾਂਦੀਆਂ ਹਨ। ਕੁਝ ਦਹਾਕਿਆਂ ਤੋਂ ਖੇਤੀ ਖੇਤਰ 'ਚ ਰਸਾਇਣਾਂ ਦੀ ਜ਼ਿਆਦਾ ਵਰਤੋਂ ਕਾਰਨ ਖ਼ੁਰਾਕੀ ਪਦਾਰਥ ਤੇ ਵਾਤਾਵਰਨ ਰਸਾਇਣਾਂ ਨਾਲ ਲਬਰੇਜ਼ ਹਨ। ਇਨ੍ਹਾਂ ਰਸਾਇਣਾਂ ਦਾ ਸਾਡੀ ਸਿਹਤ ਉੱਪਰ ਮਾੜਾ ਅਸਰ ਪੈ ਰਿਹਾ ਹੈ। ਇਸ ਨਾਲ ਮਨੁੱਖ ਦਾ ਧਿਆਨ ਜੜ੍ਹੀਆਂ-ਬੂਟੀਆਂ, ਕੁਦਰਤੀ ਉਤਪਾਦਾਂ ਤੇ ਜੈਵਿਕ ਖੇਤੀ ਵੱਲ ਵਧਿਆ ਹੈ। ਫ਼ਸਲਾਂ, ਵਾਤਾਵਰਨ ਤੇ ਪਾਣੀ ਦੇ ਸੋਮਿਆਂ 'ਚ ਸਿੰਥੈਟਿਕ ਰਸਾਇਣਾਂ ਦੀ ਮੌਜੂਦਗੀ ਕਾਰਨ ਮਨੁਖੀ ਸਿਹਤ ਉੱਪਰ ਮਾੜੇ ਪ੍ਰਭਾਵ ਵਧੇ ਹਨ। ਦੁਨੀਆ ਦੀ ਐਗਰੋ ਕੈਮੀਕਲ ਮਾਰਕੀਟ 31 ਤੋਂ 35 ਬਿਲੀਅਨ ਡਾਲਰ ਦੇ ਵਿਚਕਾਰ ਹੈ। ਇਨ੍ਹਾਂ ਉਤਪਾਦਾਂ ਵਿਚ ਜੜ੍ਹੀਆਂ-ਬੂਟੀਆਂ ਦੀ ਮਾਤਰਾ 48 ਫ਼ੀਸਦੀ, ਕੀਟਨਾਸ਼ਕ 25 ਫ਼ੀਸਦੀ ਤੇ ਉੱਲੀਮਾਰ ਦਵਾਈਆਂ 22 ਫ਼ੀਸਦੀ ਹਨ। ਹੁਣ ਦਵਾਈਆਂ ਬਣਾਉਣ ਵਾਲੀਆਂ ਕੰਪਨੀਆਂ ਵੀ ਕੀੜੇ-ਮਕੌੜਿਆਂ ਅਤੇ ਬਿਮਾਰੀਆਂ 'ਤੇ ਕਾਬੂ ਪਾਉਣ ਲਈ ਪੌਦਿਆਂ ਵਿਚਲੇ ਤੱਤਾਂ, ਜਿਵੇਂ ਪੌਦੇ ਤੋਂ ਪ੍ਰਾਪਤ ਤੇਲ, ਪੌਦੇ ਦਾ ਰਸ ਆਦਿ ਦੀ ਵਰਤੋਂ ਕਰ ਰਹੀਆਂ ਹਨ। ਦਵਾਈਆਂ ਦੇ ਗੁਣਾਂ ਵਾਲੇ ਅਜਿਹੇ ਪੌਦਿਆਂ ਵਿਚ ਨਿੰਮ ਦਾ ਰੁੱਖ ਬੇਹੱਦ ਅਹਿਮ ਹੈ।

ਮਹੱਤਤਾ

ਨਿੰਮ ਨੂੰ ਭਾਰਤੀ ਉਪ ਮਹਾਦੀਪ ਦਾ ਸਭ ਤੋਂ ਅਹਿਮ ਰੁੱਖ ਮੰਨਿਆ ਜਾਂਦਾ ਹੈ। ਨਿੰਮ ਦਾ ਪੂਰੀ ਤਰ੍ਹਾਂ ਵਿਕਸਤ ਰੁੱਖ 10 ਮੀਟਰ ਘੇਰੇ ਤਕ ਫੈਲ ਸਕਦਾ ਹੈ। ਫ਼ਾਰਸੀ ਸਹਿਤ 'ਚ ਇਸ ਨੂੰ 'ਆਜ਼ਾਦ-ਏ-ਹਿੰਦ', ਭਾਵ ਭਾਰਤ ਦਾ ਆਜ਼ਾਦ ਰੁੱਖ ਆਖਿਆ ਗਿਆ ਹੈ। ਇਕ ਅੰਦਾਜ਼ੇ ਅਨੁਸਾਰ ਭਾਰਤ ਵਿਚ ਇਸ ਸਮੇਂ 13.8 ਮਿਲੀਅਨ ਨਿੰਮ ਦੇ ਰੁੱਖ ਹਨ, ਜਿਨ੍ਹਾਂ ਤੋਂ 83 ਹਜ਼ਾਰ ਟਨ ਨਿੰਮ ਦਾ ਤੇਲ, 3.3 ਲੱਖ ਟਨ ਨਿੰਮ ਦੇ ਕੇਕ ਅਤੇ 4.13 ਲੱਖ ਟਨ ਨਿੰਮ ਦਾ ਬੀਜ ਤਿਆਰ ਕੀਤਾ ਜਾ ਸਕਦਾ ਹੈ। ਨਿੰਮ ਦੇ ਇਕ ਰੁੱਖ ਤੋਂ ਹਰ ਸਾਲ 37-50 ਕਿੱਲੋ ਨਿਮੋਲੀਆਂ ਪ੍ਰਾਪਤ ਹੁੰਦੀਆਂ ਹਨ। ਇਸ ਦੇ 40 ਕਿੱਲੋ ਫਲਾਂ ਤੋਂ 24 ਕਿਲੋ ਸੁੱਕਾ ਮਾਦਾ ਅਤੇ 11.52 ਕਿੱਲੋ ਗੁੱਦਾ ਪ੍ਰਾਪਤ ਹੁੰਦਾ ਹੈ। ਇਸ ਤੋਂ ਇਲਾਵਾ 6 ਕਿੱਲੋ ਬੂਰਾ ਤੇ 1.1 ਕਿੱਲੋ ਬੀਜ ਦਾ ਛਿਲਕਾ ਪ੍ਰਾਪਤ ਹੁੰਦਾ ਹੈ।

ਵਿਲੱਖਣਤਾ

ਨਿੰਮ ਅਜਿਹਾ ਵਿਲੱਖਣ ਰੁੱਖ ਹੈ, ਜਿਸ ਵਿਚ ਔਸ਼ਧੀਆਂ ਵਾਲੇ ਬਹੁਤ ਸਾਰੇ ਗੁਣ ਹਨ। ਇਸ ਵਿਚਲੇ ਕੁਦਰਤੀ ਤੱਤ ਬੈਕਟੀਰੀਆ, ਉੱਲੀ ਰੋਗਾਂ ਅਤੇ ਕੀੜੇ-ਮਕੌੜਿਆਂ ਨੂੰ ਭਜਾਉਣ ਦੀ ਸਮਰਥਾ ਰੱਖਦੇ ਹਨ। ਮੁੱਢ ਕਦੀਮ ਤੋਂ ਬਹੁਤ ਸਾਰੀਆਂ ਬਿਮਾਰੀਆਂ ਦੇ ਇਲਾਜ ਲਈ ਨਿੰਮ ਦੀ ਵਰਤੋਂ ਕੀਤੀ ਜਾਂਦੀ ਰਹੀ ਹੈ। ਨਿੰਮ ਦੇ ਪੱਤੇ ਪਾਲਤੂ ਜਾਨਵਰਾਂ ਦੀ ਖ਼ੁਰਾਕ ਪੂਰਤੀ ਲਈ ਅਤੇ ਫਲਾਂ ਤੇ ਬੀਜਾਂ ਤੋਂ ਤੇਲ ਤਿਆਰ ਕੀਤਾ ਜਾਂਦਾ ਹੈ। ਨਿੰਮ ਦੀਆਂ ਜੜ੍ਹਾਂ ਦਵਾਈਆਂ ਬਣਾਉਣ ਲਈ ਵਰਤੀਆਂ ਜਾਂਦੀਆਂ ਹਨ ਜਦਕਿ ਲੱਕੜ ਫਰਨੀਚਰ ਤੇ ਹੋਰ ਘਰੇਲੂ ਸਮਾਨ ਬਣਾਉਣ ਲਈ ਵਰਤੀ ਜਾਂਦੀ ਹੈ।

ਸਿਹਤ ਲਈ ਗੁਣਕਾਰੀ

ਨਿੰਮ ਦੇ ਪੱਤੇ ਖ਼ੂਨ ਦੀ ਸਫ਼ਾਈ ਲਈ ਮਹੱਤਵਪੂਰਨ ਮੰਨੇ ਗਏ ਹਨ। ਖ਼ੂਨ ਦੇ ਵਿਕਾਰਾਂ ਤੋ ਗ੍ਰਸਤ ਵਿਅਕਤੀ ਰੋਜ਼ ਸਵੇਰੇ ਨਿੰਮ ਦੇ 10-12 ਪੱਤਿਆਂ ਦਾ ਰਸ ਅੱਧਾ ਕੱਪ ਪਾਣੀ 'ਚ ਪਾ ਕੇ ਪੀ ਸਕਦੇ ਹਨ। ਨਿੰਮ ਦਾ ਤੇਲ ਦੰਦਾਂ ਅਤੇ ਮਸੂੜਿਆਂ ਦੀ ਸੰਭਾਲ ਲਈ ਗੁਣਕਾਰੀ ਹੈ। ਤਿੰਨ ਮਹੀਨੇ ਤਕ ਇਸ ਦੀ ਕਾਲੀ ਮਿਰਚ ਨਾਲ ਵਰਤੋਂ ਕਰਨ ਨਾਲ ਸ਼ੂਗਰ ਰੋਗ 'ਤੇ ਕਾਬੂ ਪਾਇਆ ਜਾ ਸਕਦਾ ਹੈ। ਨਿੰਮ ਦੇ ਪੱਤਿਆਂ ਦੇ ਪਾਊਡਰ ਨੂੰ ਸ਼ਹਿਦ 'ਚ ਮਿਲਾ ਜ਼ਖ਼ਮਾਂ ਲਈ ਕਾਰਗਰ ਲੇਪ ਤਿਆਰ ਕੀਤਾ ਜਾ ਸਕਦਾ ਹੈ। ਨਿੰਮ ਦੇ ਤਾਜ਼ੇ ਪੱਤਿਆਂ ਦਾ ਲੇਪ ਚਿਹਰੇ ਦੇ ਕਿੱਲਾਂ ਤੇ ਛਾਈਆਂ ਦੀ ਰੋਕਥਾਮ ਲਈ ਗੁਣਕਾਰੀ ਹੈ। ਚਮੜੀ ਦੇ ਦੂਸਰੇ ਰੋਗਾਂ ਲਈ ਤਿੰਨ ਗ੍ਰਾਮ ਨਿੰਮ ਦੇ ਪੱਤੇ ਅਤੇ ਤਿੰਨ ਗ੍ਰਾਮ ਅਮਾਲਕੀ ਪਾਊਡਰ ਨੂੰ ਘਿਉ 'ਚ ਮਿਲਾ ਕੇ ਵਰਤਣ ਨਾਲ ਇਨ੍ਹਾਂ ਰੋਗਾਂ ਨੂੰ ਠੀਕ ਕੀਤਾ ਜਾ ਸਕਦਾ ਹੈ। ਸਿਰ 'ਚ ਨਿੰਮ ਦਾ ਤੇਲ ਝੱਸਣ ਨਾਲ ਜੂੰਆਂ ਤੇ ਸਿੱਕਰੀ ਦੀ ਸਮੱਸਿਆ ਨਹੀਂ ਹੁੰਦੀ। ਘਰ ਨੂੰ ਕੀਟਾਣੂਆਂ ਅਤੇ ਮੱਛਰਾਂ-ਮੱਖੀਆਂ ਤੋਂ ਮੁਕਤ ਰੱਖਣ ਲਈ ਸੁੱਕੇ ਪੱਤਿਆਂ ਨੂੰ ਘਿਉ 'ਚ ਮਿਲਾ ਕੇ ਵਰਤਿਆ ਜਾ ਸਕਦਾ ਹੈ।

ਫ਼ਸਲਾਂ ਉੱਪਰ ਵਰਤੋਂ

ਨਿੰਮ ਨੂੰ ਕੀਟਨਾਸ਼ਕ ਤੇ ਰੋਗਨਾਸ਼ਕ ਵਿਸ਼ੇਸ਼ਤਾਵਾਂ ਲਈ ਜਾਣਿਆ ਜਾਂਦਾ ਹੈ। ਨਿੰਮ ਦੇ ਦੱਰਖ਼ਤ ਤੋਂ ਪ੍ਰਾਪਤ ਸਾਰੇ ਉਤਪਾਦਾਂ ਵਿੱਚੋਂ ਬੀਜਾਂ ਦਾ ਤੇਲ ਵਪਾਰਕ ਤੌਰ 'ਤੇ ਸਭ ਤੋ ਵੱਧ ਮੱਹਤਵਪੂਰਨ ਹੈ। ਇਹ ਤੇਲ ਕੀਟਨਸ਼ਕਾਂ ਤੇ ਮਨੁੱਖੀ ਵਰਤੋਂ ਵਾਲੀਆਂ ਦਵਾਈਆਂ ਵਿਚ ਵਰਤਿਆ ਜਾਂਦਾ ਹੈ। ਕੁਝ ਸਮਾਂ ਪਹਿਲਾਂ ਖਾਦਾਂ ਵਿਚ ਨੀਮ ਲਿਪਤ ਯੂਰੀਆ ਦੀ ਵਰਤੋਂ ਹੋਈ ਸ਼ੁਰੂ ਹੋਈ। ਇਸ ਨਾਲ ਮਿੱਟੀ ਦੀ ਸਿਹਤ 'ਚ ਆ ਰਹੇ ਨਿਘਾਰ ਨੂੰ ਠੱਲ੍ਹ ਪਾਈ ਜਾ ਸਕਦੀ ਹੈ ਅਤੇ ਇਸ ਕਾਰਨ ਨਿੰਮ ਦੇ ਤੇਲ ਦੀ ਮੰਗ 'ਚ ਹੋਰ ਵਾਧਾ ਹੋਇਆ ਹੈ। ਨਿੰਮ ਦੇ ਬੀਜਾਂ ਤੋਂ ਬੀਜ ਕੇਕ ਤੇ ਦੇਸੀ ਖਾਦ ਵੀ ਤਿਆਰ ਕੀਤੀ ਜਾਂਦੀ ਹੈ। ਨਿੰਮ ਤੋਂ ਤਿਆਰ ਕੀਤੇ ਪਦਾਰਥ ਫ਼ਸਲਾਂ ਦੇ ਦੁਸ਼ਮਣ ਕੀੜਿਆਂ ਦੇ ਵਾਧੇ ਨੂੰ ਰੋਕਣ ਦੀ ਸਮਰਥਾ ਰੱਖਦੇ ਹਨ ਪਰ ਹੁਣ ਤਕ ਇਸ ਤੋਂ ਬਹੁਤ ਘੱਟ ਅਜਿਹੇ ਪਦਾਰਥ ਤਿਆਰ ਕੀਤੇ ਗਏ ਹਨ। ਇਹ ਪਦਾਰਥ ਨਰਮੇ ਤੇ ਝੋਨੇ ਦੀ ਖੇਤੀ 'ਚ ਸਿਫ਼ਾਰਸ਼ ਕੀਤੇ ਗਏ ਹਨ। ਚਿੱਟੀ ਮੱਖੀ ਅਤੇ ਤਣਾ ਛੇਦਕ ਸੁੰਡੀ ਦੀ ਰੋਕਥਾਮ ਲਈ ਨਿੰਮ ਅਧਾਰਿਤ ਘੋਲ 'ਨਿੰਬੀਸਾਈਡ' ਜਾਂ 'ਅਚੂਕ' ਇਕ ਲੀਟਰ ਦੀ ਪ੍ਰਤੀ ਏਕੜ ਲਈ ਸਿਫ਼ਾਰਸ਼ ਕੀਤੀ ਗਈ ਹੈ। ਨਿੰਮ ਦਾ ਘੋਲ ਤਿਆਰ ਕਰਨ ਲਈ ਨਿੰਮ ਦੇ ਚਾਰ ਕਿੱਲੋ ਪੱਤੇ, ਹਰੀਆਂ ਟਹਿਣੀਆਂ ਤੇ ਨਿਮੋਲੀਆਂ ਨੂੰ 10 ਲੀਟਰ ਪਾਣੀ 'ਚ 30 ਮਿੰਟ ਤਕ ਉਬਾਲੋ। ਇਸ ਘੋਲ ਨੂੰ ਕੱਪੜੇ ਨਾਲ ਛਾਣ ਲਵੋ ਅਤੇ ਤਰਲ ਦਾ ਸਿਫ਼ਾਰਸ਼ ਕੀਤੀ ਮਾਤਰਾ ਮੁਤਾਬਕ ਫ਼ਸਲ ਉੱਪਰ ਛਿੜਕਾਅ ਕਰੋ। ਇਹ ਘੋਲ ਫ਼ਸਲਾਂ ਦੀਆਂ ਕਈ ਬਿਮਾਰੀਆਂ ਨੂੰ ਕਾਬੂ ਕਰਨ 'ਚ ਵੀ ਕਾਫ਼ੀ ਲਾਭਕਾਰੀ ਹੈ। ਉਮੀਦ ਹੈ ਕਿ ਭਵਿੱਖ ਵਿਚ ਨਿੰਮ ਤੋਂ ਤਿਆਰ ਹੋਰ ਪਦਾਰਥ ਵੀ ਵਰਤੋਂ 'ਚ ਆਉਣਗੇ।

- ਅਸ਼ੋਕ ਕੁਮਾਰ ਧਾਕੜ, ਵਿਜੈ ਕੁਮਾਰ

Posted By: Harjinder Sodhi