ਦੇਸ ਨੂੰ ਆਤਮ-ਨਿਰਭਰ ਬਣਾਉਣ ਲਈ ਪੰਜਾਬ 'ਚ ਕਣਕ-ਝੋਨੇ ਰਾਹੀਂ ਸ਼ੁਰੂ ਹੋਈ ਹਰੀ ਕ੍ਰਾਂਤੀ ਨਾਲ ਫ਼ਸਲਾਂ ਦੇ ਝਾੜ ਤੇ ਕਿਸਾਨਾਂ ਦੀ ਆਮਦਨ 'ਚ ਚੋਖਾ ਵਾਧਾ ਹੋਇਆ। 80ਵਿਆਂ ਤੋਂ ਬਾਅਦ ਫ਼ਸਲਾਂ ਦਾ ਝਾੜ ਤਾਂ ਵਧਿਆ ਪਰ ਵਾਧੇ ਦੀ ਦਰ ਘਟਦੀ ਗਈ। ਫ਼ਸਲਾਂ ਦੀਆਂ ਕੀਮਤਾਂ ਨਾਲੋਂ ਲਾਗਤ ਕੀਮਤਾਂ ਵਧਣ ਕਾਰਨ ਕਿਸਾਨਾਂ ਦੇ ਸ਼ੁੱਧ ਲਾਭ ਘਟਣੇ ਸ਼ੁਰੂ ਹੋ ਗਏ।

ਜ਼ਮੀਨਦੋਜ਼ ਪਾਣੀ ਦੀ ਵਰਤੋਂ ਵਧਣ ਕਰਕੇ ਪਾਣੀ ਡੂੰਘੇ ਹੋ ਗਏ। ਸੈਂਟਰੀਫਿਊਗਲ ਪੰਪਾਂ ਦੀ ਥਾਂ ਸਬਮਰਸੀਬਲ ਮੋਟਰਾਂ ਲਗਾਉਣ ਨਾਲ ਬੋਰਾਂ ਦਾ ਖ਼ਰਚ ਤੇ ਬਿਜਲੀ ਦੀ ਖਪਤ ਵਧ ਗਈ। ਪੰਜਾਬ ਦੀ ਕਣਕ ਤੇ ਝੋਨੇ ਦੀ ਵਾਧੂ ਪੈਦਾਵਾਰ ਸੂਬੇ ਤੋਂ ਬਾਹਰ ਜਾਂਦੀ ਹੈ।

ਜ਼ਮੀਨ ਦੀਆਂ ਖ਼ੁਰਾਕੀ ਲੋੜਾਂ ਪੂਰੀਆਂ ਕਰਨ ਲਈ ਖਾਦਾਂ 'ਤੇ ਨਿਰਭਰਤਾ ਵਧ ਗਈ। ਨਦੀਨਾਂ, ਕੀੜਿਆਂ ਤੇ ਬਿਮਾਰੀਆਂ 'ਚ ਵਾਧਾ ਹੋਣ ਨਾਲ ਇਨ੍ਹਾਂ ਦੀ ਰੋਕਥਾਮ ਲਈ ਵਰਤੇ ਜਾਣ ਵਾਲੇ ਨਦੀਨ ਨਾਸ਼ਕਾਂ ਤੇ ਕੀਟਨਾਸਕਾਂ ਨਾਲ ਖ਼ਰਚਿਆਂ 'ਚ ਭਾਰੀ ਵਾਧਾ ਹੋਇਆ। ਨਾੜ ਤੇ ਪਰਾਲੀ ਸਾੜਨ ਦੇ ਰੁਝਾਨ ਨੇ ਪ੍ਰਦੂਸਣ ਤੇ ਜ਼ਮੀਨ ਦੀ ਸਿਹਤ ਨੂੰ ਭਾਰੀ ਨੁਕਸਾਨ ਪਹੁੰਚਾਇਆ।

ਸੋ ਕੁਦਰਤੀ ਸੋਮਿਆਂ ਦੀ ਘਾਟ ਤੇ ਖੇਤੀ ਲਾਗਤਾਂ ਵਧਣ ਨਾਲ ਛੋਟੇ ਤੇ ਦਰਮਿਆਨੇ ਕਿਸਾਨ ਕਰਜ਼ੇ ਦੇ ਜਾਲ 'ਚ ਫਸ ਗਏ। ਇਨ੍ਹਾਂ ਮੁਸਕਲਾਂ ਨੂੰ ਦੂਰ ਕਰਨ ਤੇ ਖੇਤੀ ਨੂੰ ਲਾਹੇਵੰਦ ਬਣਾਉਣ ਲਈ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਵੱਲੋਂ ਕੁਝ ਪਹਿਲ ਕਦਮੀਆਂ ਕੀਤੀਆਂ ਗਈਆਂ ਹਨ :

ਪਰਾਲੀ ਦੀ ਸੰਭਾਲ

ਕਣਕ-ਝੋਨੇ ਦੇ ਫ਼ਸਲੀ ਚੱਕਰ 'ਚ ਕਰੀਬ 370 ਲੱਖ ਟਨ ਫ਼ਸਲੀ ਰਹਿੰਦ-ਖੂੰਹਦ ਪੈਦਾ ਹੁੰਦੀ ਹੈ। ਇਸ ਵਿਚੋਂ 210 ਲੱਖ ਟਨ ਪਰਾਲੀ ਪੈਦਾ ਹੁੰਦੀ ਹੈ। ਖੇਤ ਨੂੰ ਛੇਤੀ ਖ਼ਾਲੀ ਕਰਨ ਲਈ ਲਗਪਗ 55 ਫ਼ੀਸਦੀ ਪਰਾਲੀ ਨੂੰ ਖੇਤਾਂ 'ਚ ਹੀ ਅੱਗ ਲਾ ਦਿੱਤੀ ਜਾਂਦੀ ਹੈ। ਪਰਾਲੀ ਨੂੰ ਅੱਗ ਲਗਾਉਣ ਨਾਲ ਵਾਤਾਵਰਨ ਪ੍ਰਦੂਸ਼ਣ ਵਧਦਾ ਹੈ। ਇਸ ਨਾਲ ਜ਼ਮੀਨ ਵਿਚਲੇ ਖ਼ੁਰਾਕੀ ਤੱਤ ਤੇ ਜੀਵ-ਜੰਤੂ ਵੀ ਸੜ ਜਾਂਦੇ ਹਨ ਤੇ ਜ਼ਮੀਨ ਦੀ ਉਪਜਾਊ ਸ਼ਕਤੀ ਘਟਦੀ ਹੈ। ਇਕ ਅੰਦਾਜ਼ੇ ਮੁਤਾਬਿਕ ਝੋਨੇ ਦੀ ਫ਼ਸਲ ਦੁਆਰਾ ਲਈ ਗਈ 25 ਫ਼ੀਸਦੀ ਨਾਈਟਰੋਜਨ ਤੇ ਫਾਸਫੋਰਸ, 50 ਫ਼ੀਸਦੀ ਗੰਧਕ ਤੇ 75 ਫ਼ੀਸਦੀ ਪੋਟਾਸ਼ ਪਰਾਲੀ ਵਿਚ ਹੀ ਰਹਿ ਜਾਂਦੀ ਹੈ।

10 ਕੁਇੰਟਲ ਪਰਾਲੀ ਸਾੜਨ ਨਾਲ 400 ਕਿੱਲੋ ਜੈਵਿਕ ਕਾਰਬਨ, 5.5 ਕਿੱਲੋ ਨਾਈਟਰੋਜਨ, 2.3 ਕਿੱਲੋ ਫਾਸਫੋਰਸ, 25 ਕਿੱਲੋ ਪੋਟਾਸੀ ਅਮ ਤੇ 1.2 ਕਿੱਲੋ ਗੰਧਕ ਸੜ ਜਾਂਦੀ ਹੈ। ਪੀਏਯੂ ਵੱਲੋਂ ਪਿਛਲੇ ਸਾਲ ਪਰਾਲੀ ਦੀ ਸੰਭਾਲ ਤੇ ਸੁਚੱਜੀ ਵਰਤੋਂ ਲਈ ਜ਼ਿਲ੍ਹਾ ਪੱਧਰ 'ਤੇ ਪ੍ਰਦਰਸਨੀਆਂ ਲਗਾਈਆਂ ਗਈਆਂ ਸਨ, ਜੋ ਇਸ ਸਾਲ ਵੀ ਦੁਹਰਾਈਆਂ ਜਾਣਗੀਆਂ। ਪਰਾਲੀ ਦੀ ਸੰਭਾਲ ਲਈ ਵਿਦਿਆਰਥੀਆਂ ਨੂੰ ਵੀ ਪੇਂਟਿੰਗ ਮੁਕਾਬਲੇ ਤੇ ਪ੍ਰਭਾਤ ਫੇਰੀਆਂ ਰਾਹੀਂ ਇਸ ਮੁਹਿੰਮ 'ਚ ਸ਼ਾਮਲ ਕੀਤਾ ਗਿਆ। ਕ੍ਰਿਸੀ ਵਿਗਿਆਨ ਕੇਂਦਰਾਂ, ਸਹਿਕਾਰੀ ਸਭਾਵਾਂ ਤੇ ਨਿੱਜੀ ਪੱਧਰ 'ਤੇ ਸਬਸਿਡੀ ਦੇ ਕੇ ਸਰਕਾਰੀ ਇਮਦਾਦ ਨਾਲ ਖੇਤੀ ਮਸੀਨਰੀ ਬੈਂਕ ਕਾਇਮ ਕੀਤੇ ਗਏ ਹਨ। ਛੋਟੇ ਕਿਸਾਨ ਇਨ੍ਹਾਂ ਸੁਸਾਇਟੀਆਂ ਜ਼ਰੀਏ ਪਰਾਲੀ ਦੀ ਸੰਭਾਲ ਕਰਨ ਵਾਲੀਆਂ ਮਸ਼ੀਨਾਂ ਦਾ ਲਾਹਾ ਲੈ ਸਕਦੇ ਹਨ।

ਆਮਦਨ 'ਚ ਵਾਧਾ

ਖੇਤੀ ਵਿਚ ਰਸਾਇਣਾਂ ਦੀ ਵਰਤੋਂ ਉੱਪਰ ਭਾਰੀ ਖ਼ਰਚ ਹੁੰਦਾ ਹੈ। ਰਸਾਇਣਾਂ ਦੀ ਬੇਲੋੜੀ ਵਰਤੋਂ ਨਾਲ ਖੇਤੀ ਖ਼ਰਚਾ ਵਧਦਾ ਹੈ ਤੇ ਆਮਦਨ ਘਟਦੀ ਹੈ। ਇਸ ਲਈ ਖੇਤੀ ਰਸਾਇਣਾਂ ਦੀ ਵਿਗਿਆਨਕ ਢੰਗਾਂ ਨਾਲ ਵਰਤੋਂ ਕੀਤੇ ਜਾਣ ਦੀ ਲੋੜ ਹੈ। ਜ਼ਮੀਨ ਦੀ ਸਿਹਤ ਨੂੰ ਬਰਕਰਾਰ ਰੱਖਣ ਲਈ ਪੀਏਯੂ ਵੱਲੋਂ ਕਣਕ, ਝੋਨਾ, ਮੱਕੀ, ਗੰਨਾ, ਛੋਲੇ, ਮਟਰ, ਮਸਰ, ਅਰਹਰ, ਬਰਸੀਮ, ਲੂਸਣ, ਮੂੰਗੀ, ਮਾਂਹ, ਗਰਮ ਰੁੱਤ ਦੀ ਮੂੰਗੀ, ਗਰਮ ਰੁੱਤ ਦੇ ਮਾਂਹ, ਸੋਇਆਬੀਨ, ਆਲੂ, ਹਲਦੀ, ਪਿਆਜ਼, 18 ਫਸਲਾਂ ਵਿਚ ਜੀਵਾਣੂ ਖਾਦਾਂ ਦੀ ਸਿਫ਼ਾਰਸ਼ ਕੀਤੀ ਗਈ ਹੈ। ਇਹ ਜੀਵਾਣੂ ਖਾਦਾਂ ਯੂਨੀਵਰਸਿਟੀ ਵਲੋਂ ਤਿਆਰ ਕਰਕੇ ਕਿਸਾਨਾਂ ਨੂੰ ਮੁਹੱਈਆ ਕਰਵਾਈਆਂ ਜਾਂਦੀਆਂ ਹਨ, ਜੋ ਬਹੁਤ ਸਸਤੀਆਂ ਤੇ ਕਾਰਗਰ ਹਨ।

ਬਹੁਤ ਸਾਰੀਆਂ ਬਿਮਾਰੀਆਂ ਤੇ ਕੀੜਿਆਂ ਦੀ ਰੋਕਥਾਮ ਬੀਜ-ਸੋਧ ਨਾਲ ਹੀ ਕੀਤੀ ਜਾ ਸਕਦੀ ਹੈ, ਜਿਸ ਨਾਲ ਖੇਤੀ ਖ਼ਰਚਾ ਘਟਦਾ ਹੈ। ਕੀੜਿਆਂ ਦੀ ਰੋਕਥਾਮ ਲਈ ਰਸਾਇਣਾਂ ਦੀ ਵਰਤੋਂ ਉਦੋਂ ਹੀ ਕੀਤੀ ਜਾਵੇ ਜਦੋਂ ਫ਼ਸਲ ਦਾ ਵਿੱਤੀ ਨੁਕਸਾਨ ਰਸਾਇਣਾਂ ਦੇ ਖ਼ਰਚੇ ਤੋਂ ਜ਼ਿਆਦਾ ਹੋਵੇ। ਕਣਕ, ਝੋਨੇ ਤੇ ਮੱਕੀ ਵਿਚ ਯੂਰੀਆ ਖਾਦ ਦੀ ਵਰਤੋਂ ਪੱਤਾ ਰੰਗ ਚਾਰਟ ਅਨੁਸਾਰ ਕਰਨ ਨਾਲ ਵੀ ਖੇਤੀ ਖ਼ਰਚੇ ਘਟਦੇ ਹਨ।

ਇਸ ਤੋਂ ਇਲਾਵਾ ਪਰਿਵਾਰਾਂ ਵਿਚ ਵੰਡੀਆਂ ਪੈਣ ਕਰਕੇ ਵੀ ਖੇਤੀ ਜੋਤਾਂ ਘਟ ਰਹੀਆਂ ਹਨ। ਪੰਜਾਬ 'ਚ ਕਰੀਬ 10.53 ਲੱਖ ਪਰਿਵਾਰਾਂ ਵਿਚੋਂ 35 ਫ਼ੀਸਦੀ ਪਰਿਵਾਰਾਂ ਕੋਲ 5 ਏਕੜ ਤੋਂ ਘੱਟ ਜ਼ਮੀਨ ਹੈ। ਵਧਦੇ ਖੇਤੀ ਖ਼ਰਚੇ, ਮਹਿੰਗੀ ਖੇਤੀ ਮਸੀਨਰੀ ਤੇ ਹਰ ਵਧਣ ਵਾਲੇ ਜ਼ਮੀਨ ਦੇ ਠੇਕੇ ਨੇ ਛੋਟੇ ਕਿਸਾਨਾਂ ਨੂੰ ਮੁਨਾਫ਼ੇ ਦੀ ਥਾਂ ਨੁਕਸਾਨ ਪਹੁੰਚਾਇਆ ਹੈ। ਅਜਿਹੇ ਕਿਸਾਨਾਂ ਨੂੰ ਆਮਦਨ ਵਧਾਉਣ ਲਈ ਖੇਤੀ ਦੇ ਨਾਲ ਸਹਾਇਕ ਧੰਦੇ ਅਪਨਾਉਣੇ ਚਾਹੀਦੇ ਹਨ। ਖੇਤੀਬਾੜੀ ਯੂਨੀਵਰਸਿਟੀ, ਕ੍ਰਿਸ਼ੀ ਵਿਗਿਆਨ ਕੇਂਦਰਾਂ ਰਾਹੀਂ ਇਹ ਕਿੱਤਾ-ਮੁਖੀ ਸਿਖਲਾਈ ਪ੍ਰਾਪਤ ਕੀਤੀ ਜਾ ਸਕਦੀ ਹੈ। ਆਪਣੇ ਮਨਪਸੰਦ ਕਿੱਤੇ ਦੀ ਸਿਖਲਾਈ ਲੈ ਕੇ ਛੋਟੇ-ਛੋਟੇ ਗਰੁੱਪ ਬਣਾ ਕੇ ਆਪਣਾ ਰੁਜ਼ਗਾਰ ਸ਼ੁਰੂ ਕੀਤਾ ਜਾ ਸਕਦਾ ਹੈ ਤੇ ਕਿਰਸਾਨੀ ਕਿੱਤੇ 'ਚੋਂ ਆਮਦਨ ਵਧਾਈ ਜਾ ਸਕਦੀ ਹੈ।

ਪਾਣੀ ਦੀ ਸੁਚੱਜੀ ਵਰਤੋਂ

ਪਾਣੀ ਦੀ ਬੱਚਤ ਲਈ ਝੋਨੇ ਦੀ ਅਗੇਤੀ ਲੁਆਈ ਤੇ ਵਧੇਰੇ ਸਮਾਂ ਲੈਣ ਵਾਲੀਆਂ ਕਿਸਮਾਂ ਤੋਂ ਗੁਰੇਜ ਕਰਨਾ ਚਾਹੀਦਾ ਹੈ। ਯੂਨੀਵਰਸਿਟੀ ਵੱਲੋਂ ਘੱਟ ਸਮਾਂ ਲੈਣ ਵਾਲੀਆਂ ਕਿਸਮਾਂ ਪੀਆਰ-121, 124 ਤੇ 126 ਵਿਕਸਤ ਕੀਤੀਆਂ ਗਈਆਂ ਹਨ, ਜੋ ਵਧੇਰੇ ਝਾੜ ਦਿੰਦੀਆਂ ਹਨ ਤੇ ਪੱਕਣ ਲਈ ਘੱਟ ਸਮਾਂ ਲੈਂਦੀਆਂ ਹਨ। ਇਸ ਨਾਲ ਪਾਣੀ ਦੀ ਬੱਚਤ ਹੁੰਦੀ ਹੈ। ਯੂਨੀਵਰਸਿਟੀ ਵੱਲੋਂ ਪਾਣੀ ਦੀ ਬੱਚਤ ਲਈ ਕਈ ਤਕਨੀਕਾਂ ਵਿਕਸਤ ਕੀਤੀਆਂ ਗਈਆਂ ਹਨ। ਇਨ੍ਹਾਂ ਵਿਚ ਲੇਜਰ ਲੈਂਡਲੈਵਲਰ, ਝੋਨੇ ਦੀ ਸਿੱਧੀ ਬਿਜਾਈ, ਝੋਨੇ ਵਿਚ ਜੀਰਨ ਤੋਂ ਦੋ ਦਿਨ ਬਾਅਦ ਪਾਣੀ ਲਗਾਉਣਾ ਤੇ ਛੋਟੇ ਕਿਆਰੇ ਬਣਾਉਣੇ ਆਦਿ ਸ਼ਾਮਲ ਹਨ। ਇਸ ਤੋਂ ਇਲਾਵਾ ਤੁਪਕਾ ਸਿੰਜਾਈ ਤੇ ਫ਼ਸਲਾਂ ਵਿਚ ਜ਼ਮੀਨ ਨੂੰ ਪਰਾਲੀ ਨਾਲ ਢਕ ਕੇ ਵੀ ਪਾਣੀ ਦੀ ਬੱਚਤ ਕੀਤੀ ਜਾ ਸਕਦੀ ਹੈ।

- ਜਸਕਰਨ ਸਿੰਘ ਮਾਹਲ

Posted By: Harjinder Sodhi