ਪੰਜਾਬੀ ਜਾਗਰਣ ਬਿਊਰੋ, ਚੰਡੀਗੜ੍ਹ : ਵਧੀਕ ਮੁੱਖ ਸਕੱਤਰ ਵਿਸ਼ਵਾਜੀਤ ਖੰਨਾ ਨੇ ਦਾਅਵਾ ਕੀਤਾ ਹੈ ਕਿ ਫਸਲੀ ਵੰਨ ਸੁਵੰਨਤਾ ਪ੍ਰੋਗਰਾਮ ਤਹਿਤ ਸਾਲ 2020 ਵਿਚ ਨਰਮੇ ਦੀ ਕਾਸ਼ਤ ਹੇਠ 12.5 ਲੱਖ ਰਕਬਾ ਲਿਆਉਣ ਦਾ ਟੀਚਾ ਲਗਪਗ ਪੂਰਾ ਹੋਣ ਦੇ ਨੇੜੇ ਹੈ ਜਦਕਿ ਪਿਛਲੇ ਸਾਲ 9.7 ਲੱਖ ਏਕੜ ਸੀ।

ਕਿਸਾਨਾਂ ਨੂੰ ਝੋਨੇ ਦੀ ਥਾਂ ਬਦਲੀਆਂ ਫਸਲਾਂ ਵੱਲ ਮੋੜਨ ਨਾਲ ਸੂਬੇ ਦੇ ਪਾਣੀ ਵਰਗੇ ਬਹੁਮੁੱਲੇ ਕੀਮਤੀ ਵਸੀਲੇ ਨੂੰ ਬਚਾਉਣ, ਜ਼ਮੀਨ ਦੀ ਉਪਜਾਊ ਸ਼ਕਤੀ 'ਚ ਸੁਧਾਰ ਲਿਆਉਣ, ਸਰਦੀਆਂ 'ਚ ਪਰਾਲੀ ਸਾੜਣ ਦੀ ਸਮੱਸਿਆ ਤੋਂ ਛੁਟਕਾਰਾ ਪਾਉਣ 'ਚ ਮਦਦ ਮਿਲੇਗੀ, ਜਿਸ ਨਾਲ ਵਾਤਾਵਰਣ 'ਚ ਸੁਧਾਰ ਹੋਵੇਗਾ। ਖੰਨਾ ਨੇ ਦੱਸਿਆ ਕਿ ਇਨ੍ਹਾਂ ਜ਼ਿਲਿ੍ਹਆਂ 'ਚ ਹੁਣ ਤਕ 10 ਲੱਖ ਏਕੜ ਤੋਂ ਵੱਧ ਰਕਬੇ 'ਚ ਨਰਮੇ ਦੀ ਬੀਜਾਂਦ ਕੀਤੀ ਜਾ ਚੁੱਕੀ ਹੈ ਤੇ ਮਿੱਥਿਆ ਹੋਇਆ ਟੀਚਾ ਬਹੁਤ ਛੇਤੀ ਪੂਰਾ ਕੀਤਾ ਜਾਵੇਗਾ।

ਉਨ੍ਹਾਂ ਦੱਸਿਆ ਕਿ ਮਾਲਵਾ ਪੱਟੀ ਦੇ ਇਨ੍ਹਾਂ ਜ਼ਿਲਿ੍ਹਆਂ 'ਚ ਪਿਛਲੇ ਸਾਲ 9.80 ਲੱਖ ਏਕੜ (3.92 ਲੱਖ ਹੈਕਟੇਅਰ) ਰਕਬੇ 'ਚ ਨਰਮੇ ਦੀ ਬਿਜਾਈ ਹੋਈ ਤੇ ਸਰਕਾਰ ਨੇ ਇਸ ਸਾਲ 12.5 ਲੱਖ ਏਕੜ (5 ਲੱਖ ਹੈਕਟੇਅਰ) ਰਕਬਾ ਇਸ ਫਸਲ ਹੇਠ ਲਿਆਉਣ ਦਾ ਟੀਚਾ ਮਿੱਥਿਆ ਹੋਇਆ ਹੈ ਜੋ ਜੂਨ ਦੇ ਪਹਿਲੇ ਹਫ਼ਤੇ ਤਕ ਪੂਰਾ ਹੋਣ ਦੀ ਉਮੀਦ ਹੈ। ਉਨ੍ਹਾਂ ਦੱਸਿਆ ਕਿ ਪਿਛਲੇ ਸਾਲਾਂ 'ਚ ਮਈ ਮਹੀਨੇ ਦੇ ਅਖੀਰ ਤਕ ਬੀਜਾਂਦ ਲਗਪਗ ਮੁਕੰਮਲ ਹੋ ਜਾਂਦੀ ਸੀ ਪਰ ਇਸ ਵਾਰ ਕਣਕ ਦੀ ਵਾਢੀ 15 ਦਿਨ ਪੱਛੜ ਕੇ 15 ਮਈ ਤੋਂ ਸ਼ੁਰੂ ਹੋਣ ਨਾਲ ਬੀਜਾਂਦ ਦਾ ਕੰਮ ਕੁਝ ਦਿਨ ਅੱਗੇ ਪਿਆ ਹੈ।

ਉਨ੍ਹਾਂ ਨੇ ਦੱਸਿਆ ਕਿ ਬਠਿੰਡਾ ਜ਼ਿਲ੍ਹੇ 'ਚ ਨਰਮੇ ਦੀ ਕਾਸ਼ਤ ਹੇਠ ਸਭ ਤੋਂ ਵੱਧ ਰਕਬਾ ਆਇਆ ਹੈ, ਜਿੱਥੇ 3.39 ਲੱਖ ਏਕੜ ਰਕਬੇ 'ਚ ਬੀਜਾਂਦ ਹੋ ਚੁੱਕੀ ਹੈ। ਇਸ ਤੋਂ ਬਾਅਦ ਫਾਜ਼ਿਲਕਾ 'ਚ 2.38 ਲੱਖ ਏਕੜ, ਮਾਨਸਾ 'ਚ 2.10 ਲੱਖ ਏਕੜ, ਸ੍ਰੀ ਮੁਕਤਸਰ ਸਾਹਿਬ 2.02 ਲੱਖ ਏਕੜ, ਸੰਗਰੂਰ ਵਿਚ 7800 ਏਕੜ, ਫਰੀਦਕੋਟ ਵਿਚ 5800 ਏਕੜ, ਬਰਨਾਲਾ ਵਿਚ 1870 ਏਕੜ ਤੇ ਮੋਗਾ 'ਚ 1257 ਏਕੜ ਰਕਬੇ ਵਿਚ ਨਰਮੇ ਦੀ ਬੀਜਾਂਦ ਹੋ ਚੁੱਕੀ ਹੈ।

ਦੱਸਣਯੋਗ ਹੈ ਕਿ ਸਾਲ 2018 ਦੌਰਾਨ 6.62 ਲੱਖ ਏਕੜ ਰਕਬਾ ਨਰਮੇ ਦੀ ਕਾਸ਼ਤ ਹੇਠ ਲਿਆਂਦਾ ਗਿਆ ਸੀ ਜਿਸ ਤੋਂ ਬਾਅਦ ਸਾਲ 2019 ਵਿੱਚ ਇਸ ਰਕਬੇ ਨੂੰ ਵਧਾ ਕੇ 9.7 ਲੱਖ ਏਕੜ ਤੱਕ ਲਿਆਂਦਾ ਗਿਆ। ਇਸੇ ਤਰ੍ਹਾਂ ਖੇਤੀਬਾੜੀ ਵਿਭਾਗ ਨੇ ਮੌਜੂਦਾ ਸਾਲ ਨਰਮੇ ਦੀ ਕਾਸ਼ਤ ਹੇਠ ਰਕਬਾ 9.7 ਲੱਖ ਏਕੜ ਤੋਂ ਵਧਾ ਕੇ 12.5 ਲੱਖ ਏਕੜ ਕਰਨ ਦੀ ਯੋਜਨਾ ਉਲੀਕੀ ਸੀ ਜੋ ਸਫਲਤਾਪੂਰਵਕ ਮੁਕੰਮਲ ਹੋਣ ਦੇ ਨੇੜੇ ਹੈ।

ਵਧੀਕ ਮੁੱਖ ਸਕੱਤਰ ਨੇ ਦੱਸਿਆ ਕਿ ਸੂਬੇ ਵਿੱਚ ਨਕਲੀ ਬੀਜਾਂ ਦੀ ਸਮਗਲਿੰਗ ਰੋਕਣ ਲਈ ਮੁੱਖ ਖੇਤੀਬਾੜੀ ਅਫਸਰਾਂ ਤੇ ਸਟਾਫ ਨੂੰ ਹਦਾਇਤਾਂ ਜਾਰੀ ਕੀਤੀਆਂ ਗਈਆਂ ਸਨ ਕਿਉਂ ਜੋ ਇਹ ਬੀਜ ਰਸ ਚੂਸਣ ਵਾਲੇ ਕੀੜਿਆਂ ਨੂੰ ਆਕਰਿਸ਼ਤ ਕਰਦਾ ਹੈ ਜਿਸ ਨਾਲ ਫਸਲ ਨੂੰ ਭਾਰੀ ਨੁਕਸਾਨ ਹੁੰਦਾ ਹੈ।