ਅੱਜ ਜਦੋਂ ਵਿਸ਼ਵ ਕਰੋਨਾ ਨਾਂ ਦੀ ਮਹਾਮਾਰੀ ਨਾਲ ਜੂਝ ਰਿਹਾ ਹੈ ਤਾਂ ਅਜਿਹੇ ਵਿਚ ਟਿੱਡੀ ਦਲਾਂ ਦੇ ਹਮਲੇ ਕਿਸੇ ਕੁਦਰਤੀ ਕਹਿਰ ਤੋਂ ਘੱਟ ਨਹੀਂ ਜਾਪਦੇ। ਕਰੋੜਾਂ ਦੀ ਗਿਣਤੀ ਵਾਲੇ ਟਿੱਡੀਆਂ ਦੇ ਇਹ ਝੁੰਡ ਖੜ੍ਹੀਆਂ ਫ਼ਸਲਾਂ ਨੂੰ ਜਿਸ ਤਰ੍ਹਾਂ ਵੇਖਦੇ ਹੀ ਵੇਖਦੇ ਪਲਾਂ 'ਚ ਬਰਬਾਦ ਕਰ ਦਿੰਦੇ ਹਨ, ਉਸ ਨੂੰ ਵੇਖਦਿਆਂ ਯਕੀਨਨ ਸਰਕਾਰਾਂ, ਕਾਸ਼ਤਕਾਰੀ ਤੇ ਬਾਗ਼ਬਾਨੀ ਜਿਹੇ ਪੇਸ਼ਿਆਂ ਨਾਲ ਜੁੜੇ ਲੋਕਾਂ ਦਾ ਚਿੰਤਤ ਹੋਣਾ ਸੁਭਾਵਿਕ ਹੈ। ਇਹ ਟਿੱਡੀ ਦਲ ਅਫਰੀਕਾ, ਪਾਕਿਸਤਾਨ ਤੇ ਦੂਜੇ ਮੁਲਕਾਂ ਵਿੱਚੋਂ ਹੁੰਦੇ ਹੋਏ ਭਾਰਤ ਦੇ ਮਹਾਰਾਸ਼ਟਰ, ਰਾਜਸਥਾਨ, ਗੁਜਰਾਤ, ਮੱਧ ਪ੍ਰਦੇਸ਼, ਉੱਤਰ ਪ੍ਰਦੇਸ਼ ਤੇ ਪੰਜਾਬ ਤਕ ਆਣ ਪੁੱਜਾ ਹੈ। ਰੇਗਿਸਤਾਨੀ ਟਿੱਡੀਆਂ ਦੇ ਇਨ੍ਹਾਂ ਦਲਾਂ ਨੇ ਵੱਡੇ ਪੱਧਰ 'ਤੇ ਇੱਥੇ ਫ਼ਸਲਾਂ ਦੀ ਬਰਬਾਦੀ ਕੀਤੀ। ਟਿੱਡੀ ਦਲ ਨੂੰ ਲੈ ਕੇ ਭਾਰਤ ਸਰਕਾਰ ਦੇ ਖੇਤੀਬਾੜੀ ਮੰਤਰਾਲੇ ਦੇ ਸੂਤਰਾਂ ਦਾ ਕਹਿਣਾ ਹੈ ਕਿ ਰਾਜਸਥਾਨ ਦੇ 20, ਮੱਧ ਪ੍ਰਦੇਸ਼ 'ਚ 9, ਗੁਜਰਾਤ 'ਚ ਦੋ ਅਤੇ ਉਤਰ ਪ੍ਰਦੇਸ਼ ਵਿਚ ਇਕ ਜ਼ਿਲ੍ਹੇ ਦੇ 47 ਹਜ਼ਾਰ ਹੈਕਟੇਅਰ ਤੋਂ ਵਧੇਰੇ ਰਕਬੇ 'ਚ ਫੈਲੇ 303 ਸਥਾਨਾਂ 'ਤੇ ਟਿੱਡੀਆਂ ਦੀ ਰੋਕਥਾਮ ਲਈ ਮੁਹਿਮਾਂ ਚਲਾਈਆਂ ਗਈਆਂ ਹਨ।

ਘਾਤਕਤਾ

ਝੁੰਡਾਂ ਵਿਚ ਰਹਿ ਕੇ ਬਹੁਤ ਸਾਰੀਆਂ ਫ਼ਸਲਾਂ ਦਾ ਇੱਕੋ ਵੇਲੇ ਨਾਸ਼ ਕਰਨ ਵਾਲੇ ਘਾਹ ਦੇ ਟਿੱਡਿਆਂ ਨੂੰ 'ਟਿੱਡੀ ਦਲ' ਆਖਦੇ ਹਨ। ਇਹ ਟਿਡੀ ਦਲ ਪੈਦਾ ਹੋਣ ਵਾਲੇ ਆਪਣੇ ਮੂਲ ਸਥਾਨ ਤੋਂ ਹਜ਼ਾਰਾਂ ਮੀਲ ਦੂਰ ਜਾਣ ਦੀ ਸਮਰਥਾ ਰੱਖਦੇ ਹਨ। ਟਿੱਡੀ ਦਲ ਦੇ ਖ਼ਤਰਨਾਕ ਹੋਣ ਦਾ ਅੰਦਾਜ਼ਾ ਇਸੇ ਤੋਂ ਲਗਾਇਆ ਜਾ ਸਕਦਾ ਹੈ ਕਿ ਇਕ ਵਾਰ ਟਿੱਡੀ ਦਲ ਦਾ ਇਕ ਝੁੰਡ ਸਮੁੰਦਰ ਦੀਆਂ ਲਹਿਰਾਂ ਨਾਲ ਵਹਿ ਤੁਰਿਆ ਅਤੇ ਇਨ੍ਹਾਂ ਦੇ ਕਰੰਗ ਸਮੁੰਦਰ ਤਟ ਦੇ ਨਾਲ ਇਕੱਠੇ ਹੋ ਗਏ, ਨਤੀਜੇ ਵਜੋਂ 40 ਮੀਲ ਲੰਬੀ ਤੇ ਕਈ ਮੀਟਰ ਉੱਚੀ ਦੀਵਾਰ ਤਟ ਦੇ ਨਾਲ ਬਣ ਗਈ।

ਹਮਲੇ ਵਾਲੇ ਇਲਾਕੇ

ਇਕ ਰਿਪੋਰਟ ਮੁਤਾਬਕ ਪੂਰੀ ਦੁਨੀਆ ਵਿਚ ਇਸ ਸਮੇਂ ਟਿੱਡੀਆਂ ਦੀਆਂ 11 ਪ੍ਰਜਾਤੀਆਂ ਜਾਂ ਉਪ-ਜਾਤੀਆਂ ਹਨ, ਜਿਨ੍ਹਾਂ ਵਿੱਚੋਂ 3 ਪ੍ਰਜਾਤੀਆਂ ਭਾਰਤ ਵਿਚ ਮਿਲਦੀਆਂ ਹਨ। ਇਨ੍ਹਾਂ ਨੂੰ ਮਾਰੂਥਲੀ ਟਿੱਡੀ-ਦਲ, ਪਰਵਾਸੀ ਟਿੱਡੀ-ਦਲ ਤੇ ਬੌਂਬੇ ਟਿੱਡੀ ਦਲ ਸ਼ਾਮਲ ਹਨ। ਇਸ ਸਮੇਂ ਮਾਰੂਥਲੀ ਟਿੱਡੀ ਦਲ ਭਾਰਤ 'ਚ ਬਹੁਤ ਜ਼ਿਆਦਾ ਨੁਕਸਾਨ ਕਰ ਰਿਹਾ ਹੈ। ਇਹ ਟਿੱਡੀ ਦਲ ਉੱਤਰ-ਪੱਛਮੀ ਅਫਰੀਕਾ ਤੋਂ ਮੱਧ ਪੂਰਬ ਤੇ ਇਸ ਤੋਂ ਅੱਗੇ ਆਸਾਮ, ਪੂਰਬੀ ਇਲਾਕੇ ਅਤੇ ਦੱਖਣ ਵਿਚ ਕੇਰਲਾ ਤਕ ਨੁਕਸਾਨ ਪਹੁੰਚਾਉਂਦਾ ਹੈ ਜਦਕਿ ਉੱਤਰ ਵਿਚ ਇਸ ਵੱਲੋਂ ਕੀਤਾ ਗਿਆ ਨੁਕਸਾਨ ਪੁਰਤਗਾਲ, ਦੱਖਣੀ ਸਪੇਨ, ਤੁਰਕੀ ਤੇ ਉਜ਼ਬੇਕਿਸਤਾਨ ਤਕ ਰਿਕਾਰਡ ਕੀਤਾ ਗਿਆ ਹੈ।

ਹਮਲੇ ਤੇ ਵਿਰਾਮ ਦੀ ਅਵਸਥਾ

ਇਕ ਰਿਪੋਰਟ ਅਨੁਸਾਰ ਟਿੱਡੀ ਦਲ ਦੇ ਸਰਗਰਮ ਹੋਣ ਤੇ ਇਕਾਂਤਵਾਸ ਹੋਣ ਦੀ ਜੋ ਅਵਸਥਾ ਹੈ, ਉਸ ਮੁਤਾਬਕ ਮਾਰੂਥਲੀ ਟਿੱਡੀ ਦਲ ਦੋ ਵੱਖ-ਵੱਖ ਅਵਸਥਾਵਾਂ 'ਚ ਜਿਊਂਦਾ ਰਹਿੰਦਾ ਹੈ। ਵਿਸ਼ਰਾਮ ਦੀ ਹਾਲਤ ਵਿਚ ਇਹ ਇਕਾਂਤ ਅਵਸਥਾ 'ਚ ਹੁੰਦਾ ਹੈ ਜਦਕਿ ਹਮਲਾ ਕਰਨ ਦੀ ਹਾਲਤ ਵਿਚ ਇਹ ਸਮੂਹਿਕ ਅਵਸਥਾ ਅਖ਼ਤਿਆਰ ਕਰ ਲੈਂਦਾ ਹੈ। ਵਿਰਾਮ ਅਵਸਥਾ ਵਿਚ ਟਿੱਡੀ ਦਲ ਦੀ ਇਕ ਆਮ ਟਿੱਡੇ ਵਾਂਗ ਪ੍ਰਜਣਨ ਪ੍ਰਕਿਰਿਆ ਹੁੰਦੀ ਹੈ ਅਤੇ ਅਜਿਹਾ ਸਿਰਫ਼ ਤੇ ਸਿਰਫ਼ ਖ਼ਾਸ ਮਾਰੂਥਲ ਜਾਂ ਅਰਧ ਮਾਰੂਥਲ ਖੇਤਰਾਂ ਵਿਚ ਹੀ ਹੁੰਦਾ ਹੈ। ਇਨ੍ਹਾਂ ਖੇਤਰਾਂ ਵਿਚ ਪ੍ਰਜਣਨ ਖਿੱਲਰਿਆ ਹੋਇਆ ਹੁੰਦਾ ਹੈ ਨਾ ਕਿ ਇਕੱਠਾ। ਇਹੋ ਵਜ੍ਹਾ ਹੈ ਕਿ ਅਜਿਹੇ ਹਾਲਾਤ ਵਿਚ ਟਿੱਡਿਆਂ ਦੀ ਇਹ ਜਾਤੀ ਕੋਈ ਜ਼ਿਆਦਾ ਧਿਆਨ ਨਹੀਂ ਖਿੱਚਦੀ ਪਰ ਜਦੋਂ ਟਿੱਡੀ ਦਲ ਲਈ ਹਮਲੇ ਵਾਸਤੇ ਹਾਲਾਤ ਅਨੁਕੂਲ ਹੋਣੇ ਸ਼ੁਰੂ ਹੋ ਜਾਣ ਤਾਂ ਇਹ ਇਕਾਂਤ ਤੋਂ ਸਮੂਹਿਕ ਅਵਸਥਾ 'ਚ ਤਬਦੀਲ ਹੋ ਜਾਂਦੇ ਹਨ।

ਟਿੱਡੀ ਦਲ ਦੇ ਜੀਵਨ ਬਾਰੇ ਇਕ ਹੋਰ ਖ਼ਾਸੀਅਤ ਇਹ ਹੈ ਕਿ ਇਹ ਗਰਮੀ ਅਤੇ ਬਹਾਰ ਦੀ ਰੁੱਤ ਵਿਚ ਹੀ ਕਿਉਂ ਪਰਵਾਸ ਕਰਦਾ ਹੈ? ਗਰਮ ਰੁੱਤ ਵਾਲੇ ਪ੍ਰਜਣਨ ਖੇਤਰਾਂ 'ਚ ਮਾਨਸੂਨ ਵਿਚ ਬਾਰਿਸ਼ ਪੈਂਦੀ ਹੈ ਅਤੇ ਇਹ ਖੇਤਰ ਦੱਖਣੀ ਸਹਾਰਾ, ਲਿਬੀਆ ਅਤੇ ਮਿਸਰ ਤੋਂ ਦੱਖਣੀ ਅਰਬ, ਪੱਛਮੀ ਪਾਕਿਸਤਾਨ ਤੋਂ ਉੱਤਰ-ਪੱਛਮੀ ਭਾਰਤ ਵਿਚ ਫੈਲਿਆ ਹੈ। ਬਹਾਰ ਰੁੱਤ ਵਾਲੇ ਪ੍ਰਜਣਨ ਖੇਤਰਾਂ ਵਿਚ ਸਰਦ ਰੁੱਤ ਵਿਚ ਬਾਰਿਸ਼ ਹੁੰਦੀ ਹੈ ਅਤੇ ਇਹ ਖੇਤਰ ਅਫਰੀਕਾ ਦੀ ਉੱਤਰੀ ਬੈਲਟ ਅਤੇ ਅਰਬ ਤੋਂ ਈਰਾਨ ਅਤੇ ਬਲੋਚਿਤਸਾਨ ਤਕ ਫੈਲਿਆ ਹੈ। ਪਰਵਾਸ ਦੇ ਨਤੀਜੇ ਵਜੋਂ ਇਹ ਜਾਤੀ ਗਰਮੀ ਅਤੇ ਸਰਦੀ ਵਿਚ ਪੈਣ ਵਾਲੀ ਬਾਰਿਸ਼ ਦੀ ਵਰਤੋਂ ਆਪਣੇ ਪ੍ਰਜਣਨ ਲਈ ਕਰਦੀ ਹੈ ਅਤੇ ਇਸ ਨਾਲ ਇਸ ਦੀਆਂ ਬਹੁਤ ਸਾਰੀਆਂ ਪੀੜ੍ਹੀਆਂ ਇਕ ਸਾਲ ਵਿਚ ਹੀ ਪੈਦਾ ਹੋ ਜਾਂਦੀਆਂ ਹਨ। ਜਲਵਾਯੂ 'ਤੇ ਅਧਾਰਿਤ ਹੋਣ ਨਾਲ ਇਕ ਸਾਲ ਵਿਚ ਪੈਦਾ ਹੋਈਆਂ ਬਹੁਤ ਸਾਰੀਆਂ ਪੀੜ੍ਹੀਆਂ ਦਾ ਅਸਰ ਸਮੇਂ-ਸਮੇਂ ਪੈਂਦਾ ਰਹਿੰਦਾ ਹੈ। ਇਸ ਦੇ ਨਾਲ ਹੀ ਕੁਝ ਵਿਸ਼ੇਸ਼ ਸੁਭਾਵਿਕ ਵਿਸ਼ੇਸ਼ਤਾਵਾਂ ਵੀ ਇਸ ਜਾਤੀ ਦੇ ਪਰਵਾਸ ਨਾਲ ਸਬੰਧਤ ਹਨ।

ਅਵਸਥਾਵਾਂ ਤੇ ਪ੍ਰਜਨਣ

ਖੋਜ ਮੁਤਾਬਕ ਟਿੱਡੀ ਦਲ ਦੇ ਜੀਵਨ ਨੂੰ ਤਿੰਨ ਅਵਸਥਾਵਾਂ 'ਚ ਵੰਡਿਆ ਜਾ ਸਕਦਾ ਹੈ- ਆਂਡਾ, ਟਿੱਡਾ ਅਤੇ ਪ੍ਰੌੜ। ਇਕ ਟਿੱਡੀ 150 ਜਾਂ ਇਸ ਤੋਂ ਵੱਧ ਆਂਡੇ ਸਮੂਹ ਵਿਚ ਜ਼ਮੀਨ 'ਚ 8 ਤੋਂ 15 ਸੈਂਟੀਮੀਟਰ ਦੀ ਡੂੰਘਾਈ ਤੱਕ ਦਿੰਦੀ ਹੈ। ਰਾਣੀ ਟਿੱਡੀ ਆਪਣੇ ਪੇਟ ਦੇ ਪਿਛਲੇ ਹਿੱਸੇ ਨੂੰ ਬਹੁਤ ਲੰਬਾ ਕਰ ਕੇ ਇਨ੍ਹਾਂ ਆਂਡਿਆਂ ਨੂੰ ਜ਼ਮੀਨ ਅੰਦਰ ਡੂੰਘਾਈ ਤਕ ਲਿਜਾਣ ਦੀ ਸਮਰਥਾ ਰੱਖਦੀ ਹੈ ਪ੍ਰੰਤੂ ਇਸ ਦੇ ਲਈ ਪੋਲੀ ਤੇ ਰੇਤਲੀ ਜ਼ਮੀਨ ਯੋਗ ਹੁੰਦੀ ਹੈ। ਇਕ ਆਂਡੇ ਦਾ ਆਕਾਰ ਚੌਲ ਦੇ ਦਾਣੇ ਜਿੱਡਾ ਹੁੰਦਾ ਹੈ, ਜਿਸ ਦਾ ਰੰਗ ਪੀਲਾ, 7-8 ਮਿਲੀਮੀਟਰ ਲੰਬਾ ਤੇ ਘੇਰੇ ਵਿਚ ਇਹ ਇਕ ਮਿਲੀਮੀਟਰ ਹੁੰਦਾ ਹੈ। ਤਾਪਮਾਨ ਅਨੁਸਾਰ ਆਂਡੇ ਵਾਲੀ ਹਾਲਤ 1-4 ਹਫ਼ਤਿਆਂ ਤਕ ਰਹਿੰਦੀ ਹੈ। ਆਂਡਿਆਂ ਦੇ ਪੂਰਨ ਵਿਕਾਸ ਲਈ ਜ਼ਮੀਨ ਵਿਚ ਸਿੱਲ੍ਹ ਦਾ ਹੋਣਾ ਅਤਿ ਜ਼ਰੂਰੀ ਹੈ। ਜੇਕਰ ਇਹ ਲੋੜ ਬਾਰਿਸ਼ ਨਾਲ ਪੂਰੀ ਹੋ ਜਾਵੇ ਤਾਂ ਆਂਡਿਆਂ 'ਚੋਂ 'ਵਰਮੀਫਾਰਮ ਲਾਰਵੇ' ਨਿਕਲ ਆਉਂਦੇ ਹਨ ਅਤੇ ਇਹ ਇਧਰ-ਉਧਰ ਫਿਰਦੇ ਆਪਣੇ ਸਰੀਰ ਤੋਂ ਇਕ ਝਿੱਲੀ ਉਤਾਰ ਕੇ 'ਹਾਪਰ ਅਵਸਥਾ' ਵਿਚ ਆ ਜਾਂਦੇ ਹਨ। ਇਸ ਅਵਸਥਾ ਤੋਂ ਅੱਗੇ ਰੰਗ, ਬਣਤਰ ਅਤੇ ਸੁਭਾਅ ਇਸ ਗੱਲ 'ਤੇ ਨਿਰਭਰ ਕਰਦਾ ਹੈ ਕਿ ਕੀ ਟਿੱਡਾ 'ਇਕਾਂਤ ਅਵਸਥਾ' ਵਾਲਾ ਹੈ ਜਾਂ 'ਸਮੂਹਿਕ ਅਵਸਥਾ' ਵਾਲਾ। ਫਿਰ ਵੀ ਹਾਪਰ ਅਵਸਥਾ ਚਾਲੂ ਤਾਪਮਾਨ 'ਤੇ ਨਿਰਭਰ ਕਰਦਿਆਂ 3 ਤੋਂ 10 ਹਫ਼ਤਿਆਂ ਤਕ ਰਹਿੰਦੀ ਹੈ ਅਤੇ ਇਸ ਅਵਸਥਾ ਦੌਰਾਨ ਟਿੱਡੇ ਆਪਣੀ ਚਮੜੀ ਕਈ ਵਾਰ ਉਤਾਰਦੇ ਹਨ। ਅਖ਼ੀਰਲੀ ਵਾਰ ਚਮੜੀ ਉਤਾਰਨ ਤੋਂ ਬਾਅਦ ਟਿੱਡਾ ਪ੍ਰੌੜ ਅਵਸਥਾ ਵਿਚ ਦਾਖਲ ਹੋ ਜਾਂਦਾ ਹੈ ਅਤੇ 10 ਤੋਂ 15 ਦਿਨ ਬਾਅਦ ਫਿਰ ਪ੍ਰਜਣਨ ਸ਼ੁਰੂ ਹੋ ਜਾਂਦਾ ਹੈ। ਇਕਾਂਤ ਅਵਸਥਾ ਵਿਚ ਟਿੱਡੇ ਜਾਂ ਤਾਂ ਹਰੇ ਹੁੰਦੇ ਹਨ ਜਾਂ ਉਹ ਜਿਸ ਪ੍ਰਕਾਰ ਦੀ ਬਨਸਪਤੀ ਵਿਚ ਰਹਿੰਦੇ ਹੋਣ ਉਸ ਵਰਗਾ ਰੰਗ ਧਾਰਨ ਕਰ ਲੈਂਦੇ ਹਨ। ਇਹ ਆਮਤੌਰ 'ਤੇ ਘਾਹ ਦੇ ਟਿੱਡਿਆਂ ਵਾਂਗ ਵਿਚਰਦੇ ਹਨ ਤੇ ਕਾਫ਼ੀ ਦੂਰ-ਦੂਰ ਤਕ ਖਿੱਲਰੇ ਹੋਏ ਹੁੰਦੇ ਹਨ ਅਤੇ ਪ੍ਰੌੜ ਹਾਲਤ ਵਿਚ ਇਨ੍ਹਾਂ ਦਾ ਰੰਗ ਸਲੇਟੀ ਹੋ ਜਾਂਦਾ ਹੈ ਅਤੇ ਇਹ ਜ਼ਿਆਦਾਤਰ ਰਾਤ ਵੇਲੇ ਇਕੱਲੇ-ਇਕੱਲੇ ਹੀ ਉੱਡਦੇ ਹਨ। ਦੂਜੇ ਪਾਸੇ ਸਮੂਹਿਕ ਅਵਸਥਾ ਵਿਚ ਇਹ ਕਾਲੇ ਰੰਗ ਦੇ ਹੋ ਜਾਂਦੇ ਹਨ ਅਤੇ ਦੂਰ ਦੁਰਾਡੇ ਤਕ ਖ਼ਾਸ ਟੁਕੜੀਆਂ ਜਾਂ ਝੁੰਡਾਂ ਵਿਚ ਚੱਲਦੇ ਹਨ। ਜਦ ਇਹ ਪ੍ਰੌੜ ਅਵਸਥਾ ਵਿਚ ਹੋਣ ਤਾਂ ਇਨ੍ਹਾਂ ਦਾ ਰੰਗ ਗੁਲਾਬੀ ਵੀ ਹੋ ਜਾਂਦਾ ਹੈ। ਜਦ ਇਹ ਪ੍ਰਜਣਨ ਅਵਸਥਾ ਵਿਚ ਪੁੱਜ ਜਾਣ ਤਾਂ ਇਨ੍ਹਾਂ ਦਾ ਰੰਗ ਪੀਲਾ ਹੋ ਜਾਂਦਾ ਹੈ ਤੇ ਇਹ ਝੁੰਡਾਂ ਵਿਚ ਦਿਨ ਵੇਲੇ ਉੱਡਦੇ ਹਨ।

ਕਾਬੂ ਪਾਉਣ ਦੇ ਤਰੀਕੇ

ਟਿੱਡੀ ਦਲਾਂ 'ਤੇ ਕਾਬੂ ਪਾਉਣ ਲਈ ਵੱਖ-ਵੱਖ ਹਾਲਾਤ 'ਚ ਕੰਟਰੋਲ ਕਰਨਾ ਜ਼ਰੂਰੀ ਹੈ। ਟਿੱਡੀ ਦਲ ਦੇ ਆਉਣ ਤੋਂ ਪਹਿਲਾਂ ਇਸ ਦਾ ਪਤਾ ਲਗਾਇਆ ਜਾ ਸਕੇ, ਇਸ ਦੇ ਝੁੰਡਾਂ ਦਾ ਪ੍ਰਜਣਨ ਰੋਕਿਆ ਜਾਵੇ, ਟਿੱਡੀ ਦਲ ਦੇ ਝੁੰਡਾਂ ਅਤੇ ਉਨ੍ਹਾਂ ਇਲਾਕਿਆਂ ਵਿਚ, ਜਿਥੇ ਇਨ੍ਹਾਂ ਦੀ ਨਸਲ ਵੱਡੀ ਗਿਣਤੀ 'ਚ ਮੌਜੂਦ ਹੋਵੇ, ਉੱਥੇ ਇਨ੍ਹਾਂ ਦਾ ਸਰਵਨਾਸ਼ ਕਰਨਾ ਤੇ ਟਿੱਡੀ ਦਲ ਦੇ ਨੁਕਸਾਨ ਤੋਂ ਫ਼ਸਲਾਂ ਨੂੰ ਤੁਰੰਤ ਸੰਕਟ ਕਾਲ ਦੇ ਆਧਾਰ 'ਤੇ ਬਚਾਉਣਾ ਲਾਜ਼ਮੀ ਹੈ। ਪ੍ਰਜਣਨ ਦੇ ਘੇਰੇ ਵਿਚ ਸਮੂਹ ਬਣਨ ਤੋਂ ਬਚਾਅ ਦੇ ਇਸ ਕੰਮ 'ਚ ਅਜਿਹੇ ਕਦਮ ਚੁੱਕੇ ਜਾਂਦੇ ਹਨ ਜਿਨ੍ਹਾਂ ਨਾਲ ਟਿੱਡੀ-ਦਲ ਦੀ ਗਿਣਤੀ ਵਧਣ ਤੋਂ ਰੋਕੀ ਜਾ ਸਕੇ ਅਤੇ ਇਨ੍ਹਾਂ ਨੂੰ ਪ੍ਰਜਣਨ ਦੇ ਘੇਰੇ ਤੋਂ ਬਾਹਰ ਵੱਲ ਉੱਡਣ ਤੋਂ ਪਹਿਲਾਂ ਹੀ ਖ਼ਤਮ ਕੀਤਾ ਜਾ ਸਕੇ। ਇਸ ਤੋਂ ਇਲਾਵਾ ਕੁਝ ਸਮਾਂ ਪਹਿਲਾਂ ਆਂਡਿਆਂ ਨੂੰ ਖਾਈਆਂ ਪੁੱਟ ਕੇ, ਖੇਤ ਵਿਚ ਹਲ ਚਲਾ ਕੇ ਜਾਂ ਆਂਡਿਆਂ ਨਾਲ ਭਰੇ ਖੇਤ ਵਿਚ ਪਾਣੀ ਭਰ ਕੇ ਖ਼ਤਮ ਕੀਤ ਜਾਂਦਾ ਸੀ ਪਰ ਅੱਜ ਕਲ੍ਹ ਅਜਿਹੇ ਰਸਾਇਣਿਕ ਪਦਾਰਥ ਮੌਜੂਦ ਹਨ ਜਿਨ੍ਹਾਂ ਦੀ ਸਪਰੇਅ ਕਰ ਕੇ ਜਾਂ ਧੂੜ ਕੇ ਆਂਡਿਆਂ ਨੂੰ ਨਸ਼ਟ ਕੀਤਾ ਜਾ ਸਕਦਾ ਹੈ।

ਟਿੱਡੀਆਂ ਦੇ ਹਮਲਿਆਂ ਦਾ ਇਤਿਹਾਸ

ਟਿੱਡੀ ਦਲ ਦੀ ਸਰਗਰਮੀ ਦੇ ਇਤਿਹਾਸਕ ਰਿਕਾਰਡ 'ਤੇ ਝਾਤੀ ਮਾਰੀ ਜਾਵੇ ਤਾਂ ਪਤਾ ਲਗਦਾ ਹੈ ਕਿ ਇਸ ਦੀ ਸਰਗਰਮੀ ਦੇ ਕਾਲ-ਕ੍ਰਮ ਦਾ ਸਮਾਂ ਜੇਕਰ ਬੇਕਾਇਦਾ ਨਹੀਂ ਤਾਂ ਕੁਝ ਨਿਸ਼ਚਿਤ ਜ਼ਰੂਰ ਰਿਹਾ ਹੈ। ਰਿਕਾਰਡ ਅਨੁਸਾਰ ਇਸ ਦੀ ਸਰਗਰਮੀ ਦੇ ਸਬੂਤ 1812 ਈਸਵੀ ਤੋਂ ਮਿਲਦੇ ਹਨ ਅਤੇ ਇਹ ਸਰਗਰਮੀ ਕੁਝ ਸਮੇਂ ਤਕ ਨਿਰੰਤਰ ਜਾਰੀ ਰਹੀ। ਇਹ ਵੀ ਪਤਾ ਲੱਗਾ ਹੈ ਕਿ ਦੋ ਸਰਗਰਮੀਆਂ ਦੇ ਵਕਫ਼ੇ ਵਿਚ ਇਕ ਨਿਸ਼ਚਿਤ ਵਿਰਾਮ ਦਾ ਸਮਾਂ ਵੀ ਰਿਹਾ ਹੈ। ਟਿੱਡੀ ਦਲ ਦਾ ਹਮਲਾ 1812, 1821, 1834, 1843, 1863, 1869, 1878, 1889, 1896-97, 1901-03, 1906-07, 1912-15, 1926-31, 1940-46 ਅਤੇ 1948-63 ਤਕ ਬਹੁਤ ਤੇਜ਼ ਰਿਹਾ ਹੈ।।

ਰੋਕਥਾਮ ਲਈ ਕੌਮੀ ਤੇ ਕੌਮਾਂਤਰੀ ਉਪਰਾਲੇ

ਟਿੱਡੀ ਦਲ ਦੇ ਹਮਲੇ ਤੋਂ ਬਚਣ ਲਈ ਪੇਸ਼ਗੀ ਇਤਲਾਹ ਪ੍ਰਾਪਤ ਕਰਨ ਲਈ ਕਿਸੇ ਸੂਚਨਾ ਸੰਸਥਾ ਜਾਂ ਕੰਟਰੋਲ ਰੂਮ ਦਾ ਹੋਣਾ ਅਤਿ ਜ਼ਰੂਰੀ ਹੈ। ਇਸ ਮੁੱਢਲੀ ਲੋੜ ਨੂੰ ਮਹਿਸੂਸ ਕਰਦਿਆਂ ਭਾਰਤ ਵਿਚ 1939 ਵਿਚ 'ਲੋਕਸਟ ਵਾਰਨਿੰਗ ਆਰਗੇਨਾਈਜ਼ੇਸ਼ਨ' ਸਥਾਪਿਤ ਕੀਤੀ ਗਈ ਸੀ। ਇਸ ਦਾ ਮੁੱਖ ਉਦੇਸ਼ ਟਿੱਡੀ ਦਲ ਦੀ ਵਸੋਂ, ਅਵਸਥਾ ਬਾਰੇ ਆਉਂਦੀਆਂ ਤਬਦੀਲੀਆਂ ਸਬੰਧੀ ਨਿਰੰਤਰ ਚੌਕਸੀ ਰੱਖਣਾ ਤੇ ਸਬੰਧਤ ਮਹਿਕਮਿਆਂ ਨੂੰ ਇਸ ਬਾਰੇ ਸੂਚਿਤ ਕਰਨਾ ਹੈ। ਜਿਵੇਂ ਕਿ ਅਸੀਂ ਜਾਣਦੇ ਹਾਂ ਕਿ ਮਾਰੂਥਲੀ ਟਿੱਡੀ ਦਲ ਦੇ ਪ੍ਰਜਣਨ ਦਾ ਖੇਤਰ ਕਈ ਅੰਤਰਰਾਸ਼ਟਰੀ ਸੀਮਾਵਾਂ ਵਿਚ ਫ਼ੈਲਿਆ ਹੋਇਆ ਹੈ, ਜਿਵੇਂ ਕਿ ਮੱਧ ਭਾਰਤ ਤੋਂ ਪੱਛਮੀ ਅਫਰੀਕਾ ਤਕ। ਇਸ ਲਈ ਕਿਸੇ ਵੀ ਇਕ ਦੇਸ਼ ਦੀ ਇਕੱਲੀ ਕੋਸ਼ਿਸ਼ ਇਨ੍ਹਾਂ ਦੇ ਪਸਾਰ ਨੂੰ ਰੋਕਣ ਦੇ ਕਾਬਲ ਨਹੀਂ। ਇਹੀ ਵਜ੍ਹਾ ਹੈ ਕਿ ਲੰਬੇ ਸਮੇਂ ਤੋਂ ਇੰਟਰਨੈਸ਼ਨਲ ਲੋਕਸਟ ਰਿਸਰਚ ਸੈਂਟਰ ਲੰਡਨ ਵਿਖੇ ਕੰਮ ਕਰ ਰਿਹਾ ਹੈ ਅਤੇ ਇਸ ਤਹਿਤ ਕਈ ਅੰਤਰਰਾਸ਼ਟਰੀ ਕਾਨਫਰੰਸਾਂ ਵੱਖ-ਵੱਖ ਸਮੇਂ ਹੁੰਦੀਆਂ ਹਨ, ਜਿਸ ਵਿਚ ਭਾਰਤ, ਪਰਸ਼ੀਆ ਆਦਿ ਮੁਲਕ ਵੀ ਅਰਬ ਵਿਚ ਟਿੱਡੀ ਦਲ ਦੀ ਰੋਕਥਾਮ ਲਈ ਸਮੇਂ-ਸਮੇਂ ਸਹਿਯੋਗ ਦਿੰਦੇ ਰਹੇ ਹਨ। ਇਸੇ ਸੰਦਰਭ ਵਿਚ ਯੂਨਾਈਟਿਡ ਨੇਸ਼ਨਜ਼ ਸਪੈਸ਼ਲ ਫੰਡ ਡੈਜ਼ਰਟ ਲੋਕਸਟ ਪ੍ਰਾਜੈਕਟ 1960 ਵਿਚ ਸਥਾਪਿਤ ਕੀਤਾ ਗਿਆ ਸੀ।

ਇਹ ਵੀ ਜ਼ਿਕਰਯੋਗ ਹੈ ਕਿ ਤਬਾਹੀ ਮਚਾਉਣ ਵਾਲੇ ਇਨ੍ਹਾਂ ਟਿੱਡੀ ਦਲਾਂ ਨੂੰ ਕਈ ਦੇਸ਼ਾਂ ਵਿਚ ਉਪਯੋਗੀ ਤੇ ਗੁਣਕਾਰੀ ਭੋਜਨ ਵੀ ਮੰਨਿਆ ਜਾਂਦਾ ਹੈ ਤੇ ਬੜੇ ਚਾਅ ਨਾਲ ਖਾਧਾ ਜਾਂਦਾ ਹੈ। ਜਿਨ੍ਹਾਂ ਦੇਸ਼ਾਂ ਦੇ ਲੋਕ ਇਨ੍ਹਾਂ ਟਿੱਡੀਆਂ ਨੂੰ ਖਾਂਦੇ ਹਨ, ਉਨ੍ਹਾਂ ਦੀ ਇਨ੍ਹਾਂ ਨੂੰ ਖਾਣ ਸਬੰਧੀ ਦਲੀਲ ਦਿੱਤੀ ਜਾਂਦੀ ਹੈ ਕਿ ਇਨ੍ਹਾਂ ਟਿੱਡੀਆਂ ਵਿਚ ਪਾਏ ਜਾਣ ਵਾਲੇ ਤੱਤ 'ਫਾਈਟੋਸਟੀਰਾਲ' ਨਾਲ ਦਿਲ ਦੀਆਂ ਬਿਮਾਰੀਆਂ ਵਾਲੇ ਮਰੀਜ਼ਾਂ ਨੂੰ ਲਾਭ ਮਿਲਦਾ ਹੈ ਅਤੇ ਇਹ ਖ਼ੂਨ ਵਿਚ ਮਾੜੇ ਕੋਲੈਸਟਰਾਲ ਦੇ ਪੱਧਰ ਨੂੰ ਘਟਾਉਣ 'ਚ ਅਹਿਮ ਭੂਮਿਕਾ ਨਿਭਾਉਂਦੇ ਹਨ।

- ਮੁਹੰਮਦ ਅੱਬਾਸ ਧਾਲੀਵਾਲ

98552-59650

Posted By: Harjinder Sodhi