ਪੰਜਾਬ ਵਿਚ ਵਾਤਾਵਰਨ ਤੇ ਪਾਣੀ ਦੀ ਸੰਭਾਲ ਲਈ ਪੰਜਾਬ ਸਰਕਾਰ ਅਤੇ ਖੇਤੀ ਮਾਹਿਰਾਂ ਵੱਲੋਂ ਕਿਸਾਨਾਂ ਨੂੰ ਰਵਾਇਤੀ ਫ਼ਸਲੀ ਚੱਕਰ 'ਚੋਂ ਨਿਕਲਣ ਦੀ ਲਗਾਤਾਰ ਸਲਾਹ ਦਿੱਤੀ ਜਾ ਰਹੀ ਹੈ। ਭਵਿੱਖ ਦੇ ਗੰਭੀਰ ਸਿੱਟਿਆਂ ਨੂੰ ਭਾਂਪਦੇ ਹੋਏ ਬੁਹਤ ਸਾਰੇ ਕਿਸਾਨਾਂ ਨੇ ਰਿਵਾਇਤੀ ਫ਼ਸਲੀ ਚੱਕਰ ਨੂੰ ਛੱਡ ਕੇ ਦੂਸਰੀਆਂ ਫ਼ਸਲਾਂ ਦੀ ਕਾਸ਼ਤ ਕਰਨੀ ਸ਼ੁਰੂ ਕੀਤਾ ਹੈ। ਇਸ ਨਾਲ ਜਿੱਥੇ ਉਨ੍ਹਾਂ ਦੀ ਆਮਦਨ 'ਚ ਵਾਧਾ ਹੋ ਰਿਹਾ ਹੈ, ਉੱਥੇ ਵਾਤਾਵਰਨ ਦੀ ਸੰਭਾਲ ਵਿਚ ਵੀ ਅਸੀਂ ਇਕ ਕਦਮ ਅੱਗੇ ਪੁੱਟਿਆ ਹੈ। ਪਾਣੀ ਦੀ ਘੱਟ ਵਰਤੋਂ ਵਾਲੀਆਂ ਫ਼ਸਲਾਂ ਦੀ ਪੈਦਾਵਾਰ ਨੂੰ ਉਤਸ਼ਾਹਿਤ ਕੀਤੇ ਜਾਣ ਦੇ ਨਾਲ-ਨਾਲ ਫ਼ਸਲੀ ਰਹਿੰਦ-ਖੂੰਹਦ ਨੂੰ ਖੇਤ ਵਿਚ ਸਾੜਨ ਦੀ ਥਾਂ ਉਸ ਦੀ ਸੁਚੱਜੀ ਵਰਤੋਂ ਕੀਤੀ ਜਾਣ ਲੱਗੀ ਹੈ। ਨੰਗਲ (ਜ਼ਿਲ੍ਹਾ ਰੂਪਨਗਰ) ਦੇ ਪਿੰਡ ਬ੍ਰਹਮਪੁਰ ਦੇ ਕਿਸਾਨ ਸੁੱਖਰਾਮ ਨੇ ਰਵਾਇਤੀ ਫ਼ਸਲਾਂ ਨੂੰ ਛੱਡ ਕੇ ਸਬਜ਼ੀਆਂ ਦੀ ਕਾਸ਼ਤ ਸ਼ੁਰੂ ਕੀਤੀ। ਸੁੱਖਰਾਮ ਆਪਣੇ ਪਰਿਵਾਰ ਦੇ ਸਹਿਯੋਗ ਨਾਲ ਬੀਤੇ 30 ਸਾਲ ਤੋਂ ਸਬਜ਼ੀਆਂ ਦੀ ਕਾਸ਼ਤ ਕਰ ਰਿਹਾ ਹੈ।

ਰੋਜ਼ਾਨਾ ਆਮਦਨ ਦਾ ਵਧੀਆ ਜ਼ਰੀਆ

60 ਸਾਲਾ ਸੁੱਖਰਾਮ ਪਿੰਡ ਬ੍ਰਹਮਪੁਰ ਤਹਿ ਨੰਗਲ ਦਾ ਰਹਿਣ ਵਾਲਾ ਹੈ। ਉਹ ਲਗਭਗ 30 ਸਾਲ ਤੋਂ ਸਬਜ਼ੀਆਂ ਦੀ ਖੇਤੀ ਕਰ ਰਿਹਾ ਹੈ। ਉਸ ਕੋਲ ਸਿਰਫ਼ ਦੋ ਏਕੜ ਜ਼ਮੀਨ ਹੈ ਤੇ ਰਿਹਾਇਸ਼ ਵੀ ਖੇਤਾਂ ਵਿਚ ਹੀ ਹੈ। ਉਸ ਨੇ ਝੋਨੇ ਦੀ ਖੇਤੀ ਨੂੰ ਛੱਡ ਕੇ ਆਪਣੇ ਖੇਤਾਂ 'ਚ ਟਮਾਟਰ, ਖੀਰਾ, ਬੈਂਗਣ, ਕਰੇਲਾ, ਗੋਭੀ, ਹਿਮ ਸੋਨਾ, ਕੱਦੂ ਜਾਤੀ ਦੀਆਂ ਸਬਜ਼ੀਆਂ ਦੀ ਬਿਜਾਈ ਕਰਨੀ ਸ਼ੁਰੂ ਕੀਤਾ ਤੇ ਇਨ੍ਹਾਂ ਸਬਜ਼ੀਆਂ ਨੂੰ ਖ਼ੁਦ ਮੰਡੀ ਵਿਚ ਲਿਜਾ ਕੇ ਵਿੱਕਰੀ ਕਰਨ ਨਾਲ ਰੋਜ਼ਾਨਾ ਆਮਦਨ ਦੇ ਵਸੀਲੇ ਪੈਦਾ ਕੀਤੇ। ਇਸ ਧੰਦੇ ਵਿਚ ਉਸ ਦਾ ਪੁੱਤਰ ਹਰਜਾਪ ਸਿੰਘ, ਨੂੰਹ ਰਜਨੀ ਤੇ ਪਤਨੀ ਉਰਮਲਿ ਪੂਰੀ ਤਰ੍ਹਾਂ ਸਾਥ ਦੇ ਰਹੇ ਹਨ। ਖੇਤੀਬਾੜੀ ਸੰਦਾਂ ਵਿਚ ਉਸ ਕੋਲ ਟ੍ਰੈਕਟਰ, ਤਵੀਆਂ, ਹਲ, ਪਲਾਂਟਰ, ਐੱਮਬੀ ਬਲਾਕ ਹਨ। ਉਹ ਹੱਥੀ ਕਿਰਤ ਕਰਨ ਨੂੰ ਤਰਜੀਹ ਦਿੰਦਾ ਹੈ। ਘੱਟ ਤੋਂ ਘੱਟ ਖਾਦਾਂ ਦੀ ਵਰਤੋਂ ਕਰਦਾ ਹੈ। ਉਹ ਆਪਣੇ ਖੇਤਾਂ ਵਿਚ ਘਰੇਲੂ ਖਪਤ ਲਈ ਸਥਾਪਿਤ ਕੀਤੇ ਗਏ ਗੋਬਰ ਗੈਸ ਪਲਾਂਟ ਦੀ ਖਾਦ ਖੇਤੀ ਪੈਦਾਵਾਰ ਲਈ ਵਰਤਦੇ ਹਨ।

ਕੀਟਨਾਸ਼ਕਾਂ ਦੀ ਸੁਚੱਜੀ ਵਰਤੋਂ

ਕੀਟਨਾਸ਼ਕਾਂ ਤੋਂ ਰਹਿਤ ਇਨ੍ਹਾਂ ਸਬਜ਼ੀਆਂ ਦੀ ਵਿਕਰੀ ਟਮਾਟਰ 20 ਰੁਪਏ ਕਿੱਲੋ, ਗੋਭੀ 15 ਰੁਪਏ, ਖੀਰਾ 15 ਰੁਪਏ ਪ੍ਰਤੀ ਕਿੱਲੋ ਦੇ ਹਿਸਾਬ ਨਾਲ ਕਰਦੇ ਹਨ। ਸੁੱਖਰਾਮ ਨੂੰ ਸਬਜ਼ੀਆਂ ਦੀ ਪੈਦਾਵਾਰ ਤੋਂ ਰੋਜ਼ਾਨਾ ਲਗਪਗ 2000 ਰੁਪਏ ਦੀ ਆਮਦਨ ਹੁੰਦੀ ਹੈ, ਜੋ ਕਣਕ-ਝੋਨੇ ਨਾਲੋਂ ਕਾਫ਼ੀ ਵੱਧ ਹੈ। ਉਨ੍ਹਾਂ ਦਾ ਕਹਿਣਾ ਹੈ ਕਿ ਛੋਟੇ ਕਿਸਾਨਾਂ ਲਈ ਸਬਜ਼ੀਆਂ ਦੀ ਕਾਸ਼ਤ ਬੇਹੱਦ ਲਾਭਦਾਇਕ ਹੈ। ਉਹ ਕੀਟਨਾਸ਼ਕ ਦਵਾਈਆਂ ਦੀ ਵਰਤੋਂ ਸਿਰਫ਼ ਮਾਹਿਰਾਂ ਦੀ ਸਲਾਹ ਅਨੁਸਾਰ ਅਤੇ ਜ਼ਿਆਦਾ ਲੋੜ ਪੈਣ 'ਤੇ ਹੀ ਕਰਦੇ ਹਨ। ਸੁੱਖਰਾਮ ਦਾ ਕਹਿਣਾ ਹੈ ਕਿ ਉਨ੍ਹਾਂ ਨੂੰ ਬਾਗ਼ਬਾਨੀ ਵਿਭਾਗ ਦੇ ਅਧਿਕਾਰੀਆਂ ਦਾ ਭਰਪੂਰ ਸਹਿਯੋਗ ਮਿਲਦਾ ਹੈ।

ਸਬਜ਼ੀਆਂ ਦੀ ਕਾਸ਼ਤ ਲਈ ਉਨ੍ਹਾਂ ਨੇ ਖੇਤੀਬਾੜੀ ਅਤੇ ਬਾਗ਼ਬਾਨੀ ਵਿਭਾਗ ਵੱਲੋਂ ਲਗਾਏ ਜਾਂਦੇ ਕੈਂਪਾਂ 'ਚ ਸ਼ਾਮਲ ਹੋ ਕੇ ਮਾਹਿਰਾਂ ਪਾਸੋਂ ਸਿਖਲਾਈ ਵੀ ਪ੍ਰਾਪਤ ਕੀਤੀ ਹੈ। ਵਾਤਾਵਰਣ ਦੀ ਸੰਭਾਲ ਤੇ ਫ਼ਸਲ ਦੀ ਚੰਗੀ ਪੈਦਾਵਾਰ ਲਈ ਪਿਛਲੇ ਕਈ ਸਾਲਾਂ ਤੋਂ ਉਹ ਫ਼ਸਲੀ ਰਹਿੰਦ-ਖੂੰਹਦ ਨੂੰ ਮਲਚਿੰਗ ਦੇ ਤੌਰ 'ਤੇ ਆਪਣੇ ਖੇਤਾਂ ਵਿਚ ਵਰਤ ਕੇ ਜ਼ਮੀਨ ਦੀ ਉਪਜਾਊ ਸ਼ਕਤੀ ਨੂੰ ਬਰਕਰਾਰ ਰੱਖ ਰਹੇ ਹਨ।

ਸਬਜ਼ੀਆਂ ਦੀ ਪੈਦਾਵਾਰ ਦੇ ਨਾਲ-ਨਾਲ ਸੁੱਖਰਾਮ ਨੇ ਡੇਅਰੀ ਫਾਰਮਿੰਗ ਦੇ ਧੰਦੇ ਨੂੰ ਵੀ ਅਪਣਾਇਆ ਹੋਇਆ ਹੈ ਤੇ ਕੁਝ ਪਸ਼ੂ ਵੀ ਰੱਖੇ ਹਨ, ਜਿਨ੍ਹਾਂ ਵਿਚ ਵਿਸੇਸ਼ ਤੌਰ 'ਤੇ ਐੱਚਐੱਫ ਨਸਲ ਦੀਆਂ ਗਾਵਾਂ ਮੌਜੂਦ ਹਨ। ਇਨ੍ਹਾਂ ਪਸ਼ੂਆਂ ਦਾ ਦੁੱਧ ਉਹ ਸਥਾਨਕ ਡੇਅਰੀ 'ਚ

ਵੇਚਦੇ ਹਨ।

- ਗੁਰਦੀਪ ਭੱਲੜੀ

94173-35325

Posted By: Harjinder Sodhi