ਗੰਨੇ ਦਾ ਝਾੜ ਇਕ ਹਜਾਰ ਕੁਇੰਟਲ ਪ੍ਰਤੀ ਏਕੜ ਤਕ ਲਿਆ ਜਾ ਸਕਦਾ ਹੈ ਪਰ ਇਸ ਸਮੇਂ ਗੰਨੇ ਦਾ ਔਸਤ ਝਾੜ 250 ਤੋਂ 300 ਕੁਇੰਟਲ ਹੀ ਮਿਲ ਰਿਹਾ ਹੈ। ਜੇ ਕਿਸਾਨ ਸਿਫ਼ਾਰਸ਼ਾਂ ਤੇ ਸੁਝਾਵਾਂ ਨੂੰ ਧਿਆਨ 'ਚ ਰੱਖ ਕੇ ਖੇਤੀ ਕਰਨ ਤਾਂ ਸਾਰਥਕ ਨਤੀਜੇ ਪ੍ਰਾਪਤ ਕੀਤੇ ਜਾ ਸਕਦੇ ਹਨ।

ਪੱਤਝੜ (ਅੱਸੂ) ਦੀ ਬਿਜਾਈ ਦੇ ਫ਼ਾਇਦੇ

ਪੱਤਝੜ ਰੁੱਤ ਦੇ ਕਮਾਦ ਦੀ ਬਿਜਾਈ ਕਰਨ 'ਤੇ ਪ੍ਰਤੀ ਏਕੜ ਵਧੇਰੇ ਝਾੜ ਪ੍ਰਾਪਤ ਹੁੰਦਾ ਹੈ। ਕਮਾਦ ਦੇ ਸਿਆੜਾਂ ਵਿਚਕਾਰ ਤੋਰੀਆ, ਮਸਰ, ਛੋਲੇ, ਮੱਕੀ, ਸਰ੍ਹੋਂ, ਆਲੂ, ਕਣਕ ਤੇ ਸਬਜ਼ੀਆਂ ਆਦਿ ਦੀ ਬਿਜਾਈ ਕਰ ਕੇ ਵਾਧੂ ਆਮਦਨ ਪ੍ਰਾਪਤ ਕੀਤੀ ਜਾ ਸਕਦੀ ਹੈ। ਗੰਨੇ ਦਾ ਬੀਜ ਆਸਾਨੀ ਨਾਲ ਤੇ ਪਿਛਲੇ ਸਾਲ ਦੇ ਰੇਟਾਂ 'ਤੇ ਉਪਲਬਧ ਹੋ ਜਾਂਦਾ ਹੈ। ਅੱਸੂ ਮਹੀਨੇ ਗੰਨੇ ਦੀ ਬਿਜਾਈ ਲਈ ਲੇਬਰ ਆਸਾਨੀ ਨਾਲ ਮਿਲ ਜਾਂਦੀ ਹੈ। ਗੰਨਾ ਕੱਚਾ ਹੋਣ ਕਰਕੇ ਇਸ ਦਾ ਜਮਾਅ ਜ਼ਿਆਦਾ ਹੁੰਦਾ ਹੈ।

ਹਲਕੀ ਜ਼ਮੀਨ ਵਿਚ ਵੀ ਗੰਨੇ ਤੋਂ ਜ਼ਿਆਦਾ ਝਾੜ ਲਿਆ ਜਾ ਸਕਦਾ ਹੈ। ਪੱਤਝੜ ਰੁੱਤ 'ਚ ਬੀਜੀ ਗਈ ਫ਼ਸਲ ਗਰਮੀਆਂ ਆਉਣ ਤਕ ਧਰਤੀ 'ਚ ਕਾਫ਼ੀ ਜੜ੍ਹਾਂ ਬਣਾ ਲੈਂਦੀ ਹੈ, ਜਿਸ ਕਾਰਨ ਇਹ ਸੋਕੇ ਨੂੰ ਸਹਾਰਨ ਦੇ ਸਮਰੱਥ ਹੁੰਦੀ ਹੈ। ਕਮਾਦ 'ਚ ਬੀਜੀ ਗਈ ਫ਼ਸਲ ਨਾਲ ਕਮਾਦ ਦਾ ਸਰਦੀਆਂ ਵਿਚ ਕੋਰੇ ਤੋਂ ਬਚਾ ਰਹਿੰਦਾ ਹੈ। ਕਮਾਦ ਵਿਚ ਬੀਜੀ ਫ਼ਸਲ ਕਾਰਨ ਨਦੀਨ ਘੱਟ ਹੁੰਦੇ ਹਨ। ਜਿਸ ਕਿਸਾਨ ਨੇ ਪਹਿਲੀ ਵਾਰ ਗੰਨਾ ਬੀਜਣਾ ਹੈ ਉਸ ਵਾਸਤੇ ਅੱਸੂ 'ਚ ਬਿਜਾਈ ਕਰਨੀ ਸੌਖੀ ਹੈ। ਕਣਕ ਵੱਢ ਕੇ ਗੰਨੇ ਦੀ ਬਜਾਈ ਪਛੇਤੀ ਹੋ ਜਾਂਦੀ ਹੈ, ਜਿਸ ਕਾਰਣ ਨਰ/ਸਹਿ ਫੋਟ/ਗੜੂੰਏਂ ਦਾ ਹਮਲਾ ਜ਼ਿਆਦਾ ਹੁੰਦਾ ਹੈ, ਇਸ ਲਈ ਅੱਸੂ-ਕੱਤੇ ਵਿਚ ਗੰਨਾ ਬੀਜ ਕੇ ਉਸ ਵਿਚ ਕਣਕ ਦੀ ਬਿਜਾਈ ਕਰੋ।

ਬਿਜਾਈ ਦਾ ਤਰੀਕਾ

ਸਿਆੜ ਦੀ ਡੂੰਘਾਈ 9 ਤੋਂ 10 ਇੰਚ ਤੇ ਸਿਆੜਾਂ ਦਰਮਿਆਨ ਫ਼ਾਸਲਾ 2-3 ਫੁੱਟ ਹੋਣਾ ਚਾਹੀਦਾ ਹੈ। ਜੇ ਬਿਜਾਈ ਖਾਲ਼ੀਆਂ 'ਚ ਕਰਨੀ ਹੋਵੇ ਤਾਂ ਇਕ ਖਾਲ਼ੀ ਦੇ ਕੇਂਦਰ ਤੋਂ ਦੂਜੀ ਖਾਲੀ ਦੇ ਕੇਂਦਰ ਤਕ ਫ਼ਾਸਲਾ 4 ਜਾਂ ਸਾਢੇ 4 ਫੁੱਟ ਰੱਖੋ। ਖਾਲ਼ੀ ਦੀ ਚੌੜਾਈ ਇਕ ਤੋਂ ਸਵਾ ਫੁੱਟ ਅਤੇ ਡੂੰਘਾਈ 10-12 ਇੰਚ ਹੋਵੇ।

ਉੱਨਤ ਕਿਸਮਾਂ

ਪੱਤਝੜ ਰੁੱਤ ਵਿਚ ਸੀਓਜੇ-85, ਸੀਓ-89003, ਸੀਓ-0118, ਸੀਓਪੀਬੀ-92 ਤੇ ਸੀਓਪੀਬੀ-93 ਕਿਸਮਾਂ ਦੀ ਸਿਫਾਰਿਸ਼ ਕੀਤੀ ਗਈ ਹੈ ਪਰ ਧਿਆਨ ਰੱਖੋ ਕਿ ਸੀਓ-89003 ਕਿਸਮ ਥੱਲੇ ਰਕਬਾ 20 ਫ਼ੀਸਦੀ ਤੋਂ ਜ਼ਿਆਦਾ ਨਾ ਹੋਵੇ।

ਬਿਜਾਈ ਦਾ ਸਮਾਂ

ਪੱਤਝੜ ਦੀ ਬਿਜਾਈ ਦਾ ਢੁੱਕਵਾਂ ਸਮਾਂ 15 ਸਤੰਬਰ ਤੋਂ 20 ਅਕਤੂਬਰ ਹੈ। ਤਾਪਮਾਨ ਠੀਕ ਰਹਿਣ 'ਤੇ 30 ਅਕਤੂਬਰ ਤਕ ਵੀ ਬਿਜਾਈ ਕੀਤੀ ਜਾ ਸਕਦੀ ਹੈ।

ਬੀਜ ਦੀ ਮਾਤਰਾ

ਰਵਾਇਤੀ ਵਿਧੀ ਰਾਹੀਂ 30-35 ਕੁਇੰਟਲ ਗੰਨੇ ਦਾ ਬੀਜ ਵਰਤੋ। ਖਾਲ਼ੀਆਂ 'ਚ ਬਿਜਾਈ ਲਈ 25-30 ਕੁਇੰਟਲ ਪ੍ਰਤੀ ਏਕੜ ਬੀਜ ਦੀ ਵਰਤੋਂ ਦੋ- ਕਤਾਰੀ ਵਿਧੀ ਵਿਚ ਕੀਤੀ ਜਾਵੇ। ਖ਼ਿਆਲ ਰੱਖੋ ਕਿ ਬੀਜ ਦੇ ਬਰੋਟੇ ਦੋ ਅੱਖਾਂ ਤੋਂ ਵੱਡੇ ਨਾ ਹੋਣ। ਇਕ ਬਰੋਟੇ ਤੋਂ ਦੂਜੇ ਬਰੋਟੇ ਦੀ ਵਿੱਥ ਇਕ ਫੁੱਟ ਰੱਖੋ। ਜੇਕਰ ਬਿਜਾਈ ਬੀਜ ਨਰਸਰੀ ਰਾਹੀਂ ਤਿਆਰ ਕੀਤੇ ਬੂਟਿਆ ਨਾਲ ਕਰਨੀ ਹੋਵੇ ਤਾਂ ਇਕ ਏਕੜ ਵਿਚ 7-8 ਹਜ਼ਾਰ ਬੂਟੇ ਖ਼ਾਲੀਆਂ 'ਚ ਲਗਾਓ ਤੇ ਬੂਟੇ ਤੋਂ ਬੂਟੇ ਦੀ ਵਿੱਥ ਡੇਢ ਫੁੱਟ ਰੱਖੋ।

ਬੀਜ ਦੀ ਸੋਧ

ਬਿਜਾਈ ਤੋਂ ਪਹਿਲਾਂ ਬੀਜ ਦੇ ਬਰੋਟਿਆ ਨੂੰ 350 ਗ੍ਰਾਮ ਐਮੀਸਨ ਜਾਂ ਬੈਗਾਲੌਲ ਜਾਂ 250 ਮਿਲੀਲਿਟਰ ਟਿਲਟ ਦਵਾਈ ਦੇ 200 ਲੀਟਰ ਪਾਣੀ ਦੇ ਘੋਲ 'ਚ ਡੁਬੋ ਕੇ ਤੁਰੰਤ ਬਾਹਰ ਕੱਢ ਕੇ ਬੀਜ ਦੇਵੋ। ਇਸ ਨਾਲ ਗੰਨੇ ਦੀ ਉੱਗਣ ਸ਼ਕਤੀ ਵਧੇਗੀ ਤੇ ਬਿਮਾਰੀਆਂ ਤੋਂ ਬਚਾਅ ਰਹੇਗਾ।

ਜ਼ਮੀਨ ਦੀ ਸੋਧ

ਅਗੇਤੀ ਫੋਟ ਦੇ ਗੜੂੰਏ ਤੇ ਸਿਉਂਕ ਤੋਂ ਬਚਾਅ ਲਈ ਦੋ ਲੀਟਰ ਕਲੋਰੋਪਾÂਰੀਫਾਸ ਨੂੰ 300 ਲੀਟਰ ਪਾਣੀ 'ਚ ਘੋਲ ਕੇ ਸਿਆੜਾਂ ਵਿਚ ਬਰੋਟੇ ਪਾਉਣ ਤੋਂ ਬਾਅਦ ਫ਼ੁਹਾਰੇ ਨਾਲ ਛਿੜਕਾਅ ਕਰੋ ਜਾਂ 7 ਕਿੱਲੋ ਸੈਵੀਡੋਲ ਜਾਂ 10 ਕਿੱਲੋ ਰੀਜੈਂਟ ਦਾਣੇਦਾਰ ਦਵਾਈ ਪ੍ਰਤੀ ਏਕੜ ਸਿਆੜਾ 'ਚ ਪਾਓ ਤੇ ਤੁਰੰਤ ਹਲਕੀ ਮਿੱਟੀ ਨਾਲ ਢਕ ਦੇਵੋ।

ਖਾਦ

ਬਿਜਾਈ ਵੇਲੇ ਦੋ ਬੋਰੇ ਡੀਏਪੀ ਖਾਦ ਪ੍ਰਤੀ ਏਕੜ ਸਿਆੜਾ ਵਿਚ ਵਰਤੋ। ਹਲਕੀਆ ਜ਼ਮੀਨਾਂ ਵਿਚ 25 ਕਿੱਲੋ ਮਿਊਰੇਟ ਆਫ ਪੋਟਾਸ਼ ਦੀ ਵਰਤੋਂ ਖਾਲ਼ੀਆ ਵਿਚ ਕਰੋ। ਗੰਨੇ ਲਈ ਕੁੱਲ 90 ਕਿੱਲੋ ਨਾਈਟਰੋਜਨ ਤੱਤ ਦੀ ਲੋੜ ਹੁੰਦੀ ਹੈ। ਨਾਈਟਰੋਜਨ ਦੀ ਪੂਰਤੀ ਲਈ ਤਿੰਨ ਬੋਰੇ ਯੂਰੀਆ ਖਾਦ ਪ੍ਰਤੀ ਏਕੜ ਵਰਤੋ। ਇਕ ਬੋਰਾ ਮਾਰਚ ਵਿਚ, ਇਕ ਅਪ੍ਰੈਲ ਵਿਚ ਤੇ ਇਕ ਬੋਰਾ ਮਈ ਦੇ ਅਖ਼ੀਰ ਵਿਚ ਪਾਣੀ ਲਗਾਉਣ ਉਪਰੰਤ ਵਰਤੋ ਤੇ ਨਾਲ ਦੇ ਨਾਲ ਮਿੱਟੀ ਪਾ ਕੇ ਖਾਲ਼ੀਆਂ ਦੀ ਭਰਾਈ ਕਰਦੇ ਰਹੋ।

ਨਦੀਨ ਨਾਸ਼ਕ

ਚੌੜੇ ਪੱਤਿਆਂ ਵਾਲੇ ਨਦੀਨਾਂ ਦੀ ਰੋਕਥਾਮ ਲਈ ਗੰਨਾ ਬੀਜਣ ਤੋਂ 2-3 ਦਿਨਾਂ ਵਿਚ 800 ਗ੍ਰਾਮ ਐਟਰਾਟੌਫ/ਸੈਲਾਰੋ/ਸੈਨਕੋਅਰ/ਕਾਰਮੈਕਸ ਜਾਂ ਐਟਰਾਜਨ 225 ਲੀਟਰ ਪਾਣੀ ਵਿਚ ਘੋਲ ਕੇ ਪ੍ਰਤੀ ਏਕੜ ਦੇ ਹਿਸਾਬ ਨਾਲ ਸਪਰੇਅ ਕਰੋ। ਡੀਲੇ ਦੀ ਰੋਕਥਾਮ ਲਈ 800 ਗ੍ਰਾਮ 2-4-ਡੀ ਸੋਡੀਅਮ ਸਾਲਟ ਨੂੰ 200 ਲੀਟਰ ਪਾਣੀ 'ਚ ਘੋਲ ਕੇ 30-35 ਦਿਨਾਂ ਵਿਚ ਛਿੜਕਾਅ ਕਰੋ।

ਖਾਲ਼ੀਆਂ 'ਚ ਗੰਨੇ ਦੀ ਬਿਜਾਈ

ਟ੍ਰੈਕਟਰ ਨਾਲ ਚੱਲਣ ਵਾਲੇ ਦੋ ਫਾਲ਼ਿਆ ਵਾਲੇ ਟਰੈਂਚ ਡਿੱਗਰ (ਖਾਲ਼ੀ ਬਣਾਉਣ ਵਾਲੇ ਹਲ਼) ਨਾਲ ਇਕ ਫੁੱਟ ਡੂੰਘੀ ਤੇ ਇਕ ਤੋਂ ਸਵਾ ਫੁੱਟ ਚੌੜੀ ਖਾਲ਼ੀ ਤਿਆਰ ਕਰੋ। ਇਕ ਖਾਲ਼ੀ ਤੋਂ ਦੂਜੀ ਖਾਲ਼ੀ ਦੇ ਸੈਂਟਰ ਦੀ ਵਿੱਥ 4-ਸਾਢੇ 4 ਫੁੱਟ ਹੋਵੇ। ਟ੍ਰੈਕਟਰ ਦੇ ਟਾਇਰਾਂ ਦੀ ਚੌੜਾਈ ਨੂੰ ਮੁੱਖ ਰੱਖਦੇ ਹੋਏ ਇਹ ਵਿਥ 2-3 ਇੰਚ ਤਕ ਘਟਾਈ ਜਾਂ ਵਧਾਈ ਜਾ ਸਕਦੀ ਹੈ। ਇਕ ਏਕੜ 'ਚ ਇਸ ਤਰੀਕੇ ਨਾਲ 50-54 ਖਾਲ਼ੀਆਂ ਬਣਦੀਆਂ ਹਨ। ਇਸ ਤੋਂ ਬਾਅਦ ਦੋ-ਦੋ ਅੱਖਾਂ ਵਾਲੇ ਬਰੋਟੇ ਬਣਾ ਕੇ ਖਾਲ਼ੀ ਵਿਚ ਦੋ ਕਤਾਰੀ ਵਿਧੀ ਰਾਹੀਂ ਲਗਾਓ। ਬਰੋਟਿਆਂ ਦੀ ਵਿੱਥ ਇਕ ਫੁੱਟ ਰੱਖੋ। ਦਵਾਈ, ਖਾਦ ਪਾਉਣ ਉਪਰੰਤ ਬਰੋਟਿਆਂ ਨੂੰ ਹਲਕੀ ਮਿੱਟੀ ਨਾਲ ਢਕ ਕੇ ਹਲਕਾ ਪਾਣੀ ਲਗਾ ਦਿਓ। ਬੇਟ ਇਲਾਕੇ ਵਿਚ ਇਸ ਤਰੀਕੇ ਨਾਲ ਗੰਨਾ ਬੀਜ ਕੇ ਬੀਜ ਨੂੰ ਦੋ-ਤਿੰਨ ਇੰਚ ਮਿੱਟੀ ਦੀ ਤਹਿ ਨਾਲ ਢਕ ਦਿੱਤਾ ਜਾਵੇ ਤੇ ਬੀਜਣ ਉਪਰੰਤ ਲੋੜ ਅਨੁਸਾਰ ਪਾਣੀ ਲਗਾਇਆ ਜਾਵੇ। ਨਰਸਰੀ ਰਾਹੀਂ ਤਿਆਰ ਕੀਤੇ ਬੂਟੇ ਖਾਲ਼ੀਆ ਵਿਚ ਡੇਢ ਫੁੱਟ ਦੀ ਵਿੱਥ ਤੇ ਲਗਾਓ ਤੇ ਤੁਰੰਤ ਪਾਣੀ ਲਗਾ ਦੇਵੋ।

ਖਾਲ਼ੀਆਂ 'ਚ ਗੰਨਾ ਲਗਾਉਣ ਦੇ ਫ਼ਾਇਦੇ

ਇਸ ਨਾਲ ਰਵਾਇਤੀ ਢੰਗ ਦੇ ਮੁਕਾਬਲੇ ਪਾਣੀ ਦੀ ਖਪਤ ਸਿਰਫ਼ ਤੀਸਰਾ ਹਿੱਸਾ ਹੀ ਹੁੰਦੀ ਹੈ। ਕਮਾਦ ਡੂੰਘਾ ਲੱਗਾ ਹੋਣ ਕਰਕੇ ਘੱਟ ਡਿੱਗਦਾ ਹੈ। ਡੂੰਘੀਆਂ ਖਾਲ਼ੀਆਂ ਪੁੱਟਣ ਕਰਕੇ ਧਰਤੀ ਦਾ ਕੜ੍ਹ ਟੁੱਟ ਜਾਂਦਾ ਹੈ ਤੇ ਜ਼ਮੀਨ ਦੀ ਹੇਠਲੀ ਸਤਹ ਨੂੰ ਹਵਾ ਤੇ ਧੁੱਪ ਮਿਲਣ ਕਾਰਨ ਜ਼ਮੀਨ ਦੀ ਉਪਜਾਊ ਸ਼ਕਤੀ ਵਧਦੀ ਹੈ। ਧਰਤੀ ਦੀ ਉਪਰਲੀ ਸਤਹ ਨੂੰ ਵਿਹਲੇ ਰਹਿਣ ਕਰਕੇ ਸਾਹ ਮਿਲ ਜਾਂਦਾ ਹੈ।

ਗੰਨੇ ਦੀਆਂ ਲਾਈਨਾਂ ਵਿਚ ਵਿੱਥ ਹੋਣ ਕਾਰਨ ਗੰਨੇ ਦੇ ਮੁੱਢਾਂ ਤਕ ਧੁੱਪ ਤੇ ਹਵਾ ਮਿਲਦੀ ਰਹਿੰਦੀ ਹੈ, ਜਿਸ ਕਾਰਨ ਗੰਨੇ ਮੋਟੇ, ਲੰਬੇ ਤੇ ਤੰਦਰੁਸਤ ਹੋਣ ਕਾਰਨ ਝਾੜ ਦੋ ਗੁਣਾਂ ਤਕ ਵਧ ਸਕਦਾ ਹੈ। ਖਾਂਦਾਂ, ਦਵਾਈਆਂ ਤੇ ਪਾਣੀ ਦੀ ਵਰਤੋਂ ਬੂਟੇ ਦੇ ਮੁੱਢਾਂ ਕੋਲ ਹੀ ਹੁੰਦੀ ਹੈ। ਇਸ ਲਈ ਇਸ ਦਾ ਫ਼ਸਲ ਨੂੰ ਭਰਪੂਰ ਫ਼ਾਇਦਾ ਹੁੰਦਾ ਹੈ ਤੇ ਕੋਈ ਵੀ ਚੀਜ਼ ਅਜਾਈਂ ਨਹੀਂ ਜਾਂਦੀ

ਰਲਵੀਂ ਫ਼ਸਲ

ਗੰਨੇ ਦੀਆਂ ਦੋ ਲਾਈਨਾ ਵਿਚ ਕਣਕ ਦੀਆ ਤਿੰਨ ਅਤੇ ਸਰ੍ਹੋਂ, ਆਲੂ, ਛੋਲੇ, ਸਿਆਲੂ ਮੱਕੀ, ਮਸਰ, ਅਲਸੀ, ਮੇਥਰੇ ਸਬਜ਼ੀਆਂ ਆਦਿ ਦੀ ਇਕ ਲਾਈਨ ਦੋਹਾਂ ਸਿਆੜਾ ਦੇ ਸੈਂਟਰ ਵਿਚ ਬੀਜੋ। ਰਲਵੀਂ ਫ਼ਸਲ ਲਈ ਬੀਜ ਦੀ ਮਾਤਰਾ ਆਮ ਬੀਜੀ ਜਾਣ ਵਾਲੀ ਫ਼ਸਲ ਨਾਲੋਂ ਅੱਧੀ ਰੱਖੋ। ਮਈ ਦੇ ਅਖ਼ੀਰ ਜਾਂ ਜੂਨ ਦੇ ਸ਼ੁਰੂ ਵਿਚ ਗੰਨੇ ਦੀ ਉਚਾਈ ਨੂੰ ਮੁੱਖ ਰੱਖ ਕੇ ਫ਼ਸਲ ਨੂੰ ਮਿੱਟੀ ਚੜ੍ਹਾ ਦਿਓ, ਜਿਸ ਨਾਲ ਬੂਟਿਆਂ ਵਾਲੀ ਜਗ੍ਹਾ ਉੱਚੀ ਹੋ ਜਾਵੇਗੀ ਤੇ ਪਾਣੀ ਨਵੀਂ ਬਣੀ ਖਾਲੀ ਰਾਹੀਂ ਦਿੱਤਾ ਜਾਵੇਗਾ।

ਫ਼ਸਲ ਦੀ ਬੰਨ੍ਹਾਈ

ਸਤੰਬਰ ਦੇ ਸ਼ੁਰੂ ਵਿਚ ਗੰਨੇ ਦੀਆਂ 2-2 ਲਾਈਨਾਂ ਨੂੰ ਇੱਕਠੀਆ ਬੰਨ ਦੇਵੋ। ਆਗ ਜਾਂ ਖੋਰੀ ਨਾਲ ਕੀਤੀ ਬੰਨ੍ਹਾਈ ਬਾਅਦ 'ਚ ਖੁੱਲ ਜਾਂਦੀ ਹੈ ਕਿਉਂਕਿ ਜਿਵੇਂ-ਜਿਵੇਂ ਗੰਨਾ ਪੱਕਦਾ ਹੈ ਆਗ ਤੇ ਖੋਰੀ ਦਾ ਜੋੜ ਤਣੇ ਨਾਲੋਂ ਟੁੱਟਦਾ ਜਾਂਦਾ ਹੈ। ਇਸ ਵਿਧੀ ਰਾਹੀ ਕਿਸਾਨ 700-800 ਕੁਇੰਟਲ ਤਕ ਪ੍ਰਤੀ ਏਕੜ ਝਾੜ ਪ੍ਰਾਪਤ ਕਰ ਚੁੱਕੇ ਹਨ।

- ਡਾ. ਗੁਰਇਕਬਾਲ ਸਿੰਘ ਕਾਹਲੋਂ

95922-58626

Posted By: Harjinder Sodhi