ਤੰਦਰੁਸਤ ਰਹਿਣਾ ਸੰਸਾਰ ਦੇ ਹਰ ਪ੍ਰਾਣੀ ਦੀ ਦਿਲੀ ਖ਼ਾਹਿਸ਼ ਹੈ। ਮਨੁੱਖ ਨੂੰ ਤੰਦਰੁਸਤ ਰੱਖਣ 'ਚ ਸੰਤੁਲਤ ਭੋਜਨ ਦੀ ਵੱਡੀ ਅਹਿਮੀਅਤ ਹੈ। ਇਸ ਲਈ ਅਨਾਜ ਅਤੇ ਸਬਜ਼ੀਆਂ ਤੋਂ ਬਾਅਦ ਆਪਣੇ ਵਿੱਤ ਅਨੁਸਾਰ ਮਨੁੱਖ ਦੁਆਰਾ ਫਲਾਂ ਦਾ ਸੇਵਨ ਕੀਤਾ ਜਾਂਦਾ ਹੈ। ਹਰ ਮਨੁੱਖ ਦੀ ਤਮੰਨਾ ਹੁੰਦੀ ਹੈ ਕਿ ਤਾਜ਼ੇ ਫਲਾਂ ਦੀ ਟੋਕਰੀ ਉਸ ਦੇ ਘਰ ਹਰ ਵੇਲੇ ਮੌਜੂਦ ਰਹੇ। ਇਸ ਲਈ ਅਸੀਂ ਆਉਂਦੇ-ਜਾਂਦੇ ਬਾਜ਼ਾਰ ਵਿਚੋਂ ਆਪਣੀ ਤੇ ਆਪਣੇ ਪਰਿਵਾਰ ਦੀ ਲੋੜ ਅਨੁਸਾਰ ਫਲ ਖ਼ਰੀਦ ਕੇ ਲਿਆਉਂਦੇ ਹਾਂ।

ਘਰੇਲੂ ਬਗ਼ੀਚੀ ਤੇ ਫਲਦਾਰ ਬੂਟੇ

ਜ਼ਿਆਦਾ ਮੁਨਾਫ਼ਾ ਲੈਣ ਦੇ ਲਾਲਚ ਵਿਚ ਫਲਾਂ ਨੂੰ ਛੇਤੀ ਪਕਾਉਣ ਤੇ ਲੰਬੇ ਸਮੇਂ ਤਕ ਤਾਜ਼ਾ ਰੱਖਣ ਲਈ ਕਈ ਵਾਰ ਕੁਝ ਦੁਕਾਨਦਾਰ ਅਤੇ ਵਪਾਰੀ ਖ਼ਤਰਨਾਰ ਰਸਾਇਣਾਂ ਦੀ ਵਰਤੋਂ ਕਰਦੇ ਹਨ, ਜਿਸ ਨਾਲ ਅਸੀਂ ਤੰਦਰੁਸਤ ਰਹਿਣ ਦੀ ਥਾਂ ਬਿਮਾਰੀਆਂ ਦੀ ਲਪੇਟ 'ਚ ਆ ਜਾਂਦੇ ਹਾਂ। ਇਸ ਲਈ ਸਾਨੂੰ ਆਪਣੇ ਘਰ, ਪਲਾਟ, ਖੇਤਾਂ ਜਾਂ ਕੋਈ ਵੀ ਅਜਿਹੀ ਥਾਂ, ਜਿੱਥੇ ਪੌਦੇ ਲਗਾਏ ਜਾ ਸਕਦੇ ਹੋਣ, ਉਸ ਥਾਂ ਫਲਦਾਰ ਪੌਦੇ ਜ਼ਰੂਰ ਲਗਾਉਣੇ ਚਾਹੀਦੇ ਹਨ ਤਾਂ ਦੋ ਸਾਨੂੰ, ਸਾਡੇ ਬੱਚਿਆਂ ਤੇ ਕਰੀਬੀ ਲੋਕਾਂ ਨੂੰ ਤਾਜ਼ੇ ਤੇ ਗੁਣਵੱਤਾ ਵਾਲੇ ਫਲ ਪ੍ਰਾਪਤ ਹੋ ਸਕਣ। ਫਰਵਰੀ-ਮਾਰਚ ਤੋਂ ਬਾਅਦ ਜੁਲਾਈ-ਅਗਸਤ ਦਾ ਬਰਸਾਤੀ ਮੌਸਮ ਫਲਦਾਰ ਰੁੱਖ ਲਗਾਉਣ ਲਈ ਬੇਹੱਦ ਢੁੱਕਵਾਂ ਸਮਾਂ ਹੈ। ਅਸੀਂ ਆਪਣੀ ਬਗ਼ੀਚੀ ਵਿਚ ਅਮਰੂਦ, ਅਨਾਰ, ਆੜੂ, ਬੇਰ, ਜਾਮਣ, ਪਪੀਤਾ, ਕਿਨੂੰ, ਅੰਬ ਆਦਿ ਪੰਜਾਬ ਵਿਚ ਲਗਾਏ ਜਾਣ ਵਾਲੇ ਮਹੱਤਵਪੂਰਨ ਫਲਦਾਰ ਬੂਟੇ ਹਨ।

ਘੱਟ ਤੇ ਵਧਰੇ ਸਮੇਂ ਵਾਲੇ ਬੂਟੇ

ਘੱਟ ਸਮੇਂ ਵਿਚ ਫਲ ਲੈਣ ਲਈ ਪਪੀਤਾ, ਅਨਾਰ, ਆੜੂ ਅਤੇ ਅਮਰੂਦ ਦੇ ਪੌਦੇ ਬੇਹੱਦ ਢੁੱਕਵੇਂ ਹਨ। ਪਪੀਤੇ ਦਾ ਬੂਟਾ ਅਜਿਹਾ ਹੈ, ਜੋ ਇਕ ਸਾਲ ਦੇ ਅੰਦਰ ਫਲ ਦੇਣਾ ਸ਼ੁਰੂ ਕਰ ਦਿੰਦਾ ਹੈ। ਬਾਕੀ ਬੂਟਿਆਂ ਦੇ ਮੁਕਾਬਲੇ ਇਹ ਜਗ੍ਹਾ ਵੀ ਕਾਫ਼ੀ ਘੱਟ ਘੇਰਦਾ ਹੈ। ਘਰ ਦੀ ਕਿਸੇ ਵੀ ਕੰਧ ਦੇ ਨਾਲ ਡੇਢ ਫੁੱਟ ਜਗ੍ਹਾ ਛੱਡ ਕੇ ਇਸ ਨੂੰ ਸਹਿਜੇ ਹੀ ਉਗਾਇਆ ਜਾ ਸਕਦਾ ਹੈ, ਬਸ਼ਰਤੇ ਕਿ ਇਸ ਦੀਆਂ ਜੜ੍ਹਾਂ ਦੇ ਨੇੜੇ ਜ਼ਿਆਦਾ ਸਿੱਲ੍ਹ ਨਾ ਰਹੇ। ਰੈੱਡ ਲੇਡੀ 786 ਪਪੀਤੇ ਦੀ ਇਕ ਵਧੀਆ ਕਿਸਮ ਹੈ। ਫਲਾਂ ਦੇ ਨਾਲ-ਨਾਲ ਜੇਕਰ ਸਾਨੂੰ ਛਾਂ ਵੀ ਚਾਹੀਦੀ ਹੈ ਤਾਂ ਅੰਬ, ਅਮਰੂਦ, ਜਾਮਣ, ਬਿੱਲ ਆਦਿ ਦੇ ਬੂਟੇ ਢੁੱਕਵੇਂ ਹਨ। ਨਾਸ਼ਪਾਤੀ ਅਤੇ ਬੱਗੂਗੋਸ਼ਾ ਲੰਬੇ ਸਮੇਂ ਵਿਚ ਫਲ ਦੇਣ ਵਾਲੇ ਪੌਦੇ ਹਨ।

ਜ਼ਰੂਰੀ ਹੈ ਤਕਨੀਕੀ ਜਾਣਕਾਰੀ

ਫਲਦਾਰ ਬੂਟਿਆਂ ਦੀ ਕਾਸ਼ਤ ਜੇਕਰ ਵਪਾਰਕ ਪੱਧਰ 'ਤੇ ਕਰਨੀ ਹੋਵੇ ਤਾਂ ਇਸ ਦੀ ਵੀ ਪੰਜਾਬ ਵਿਚ ਕਾਫ਼ੀ ਸੰਭਾਵਨਾ ਹੈ ਪਰ ਵਪਾਰਕ ਪੱਧਰ 'ਤੇ ਤਰੱਕੀ ਲਈ ਬਾਗ਼ਬਾਨੀ ਦੇ ਤਕਨੀਕੀ ਪਹਿਲੂਆਂ ਬਾਰੇ ਜਾਣਕਾਰੀ ਹੋਣੀ ਬੇਹੱਦ ਲਾਜ਼ਮੀ ਹੈ। ਮਿੱਟੀ ਦੀ ਕਿਸਮ ਬਾਗ਼ ਲਗਾਉਣ ਲਈ ਢੁੱਕਵੀਂ ਹੈ ਤਾਂ, ਉਸ ਖੇਤਰ ਦੀ ਆਬੋ-ਹਵਾ ਪੌਦੇ ਦੇ ਵਿਕਾਸ ਲਈ ਕਿਹੋ ਜਿਹਾ ਹੈ, ਕਿਹੜੀ ਕਿਸਮ ਦੇ ਪੌਦੇ ਕਿੱਥੇ ਲਗਾਏ ਜਾਣ, ਪੌਦੇ ਲਗਾਉਣ ਦਾ ਵਧੀਆ ਢੰਗ ਕੀ ਹੈ, ਪੌਦੇ ਨੂੰ ਖਾਦ ਦੀ ਸਹੀ ਮਾਤਰਾ ਅਤੇ ਉਸ ਦਾ ਉਚਿਤ ਸਮਾਂ ਕੀ ਹੈ, ਪੌਦੇ ਨੂੰ ਕਿਹੜੀਆਂ ਬਿਮਾਰੀਆਂ ਲੱਗ ਸਕਦੀਆਂ ਹਨ ਤੇ ਉਨ੍ਹਾਂ ਦੀ ਰੋਕਥਾਮ ਕਿਵੇਂ ਕਰਨੀ ਹੈ ਆਦਿ ਪਹਿਲੂਆਂ ਬਾਰੇ ਜਾਣਕਾਰੀ ਹੋਣੀ ਬੇਹੱਦ ਲਾਜ਼ਮੀ ਹੈ।

ਬਾਗ਼ਬਾਨੀ ਬਾਰੇ ਪੂਰੀ ਜਾਣਕਾਰੀ ਪ੍ਰਾਪਤ ਕੀਤੇ ਤੋਂ ਬਗ਼ੈਰ ਵਪਾਰਕ ਪੱਧਰ 'ਤੇ ਪੌਦੇ ਲਗਾਉਣ ਦੀ ਭੁੱਲ ਕਦੇ ਨਹੀਂ ਕਰਨੀ ਚਾਹੀਦੀ ਕਿਉਂਕਿ ਬਾਗ਼ ਲਗਾਉਣ ਸਮੇਂ ਕੀਤੀ ਗਈ ਭੁੱਲ ਦਾ ਭਵਿੱਖ ਵਿਚ ਵੱਡਾ ਮੁੱਲ ਤਾਰਨਾ ਪੈ ਸਕਦਾ ਹੈ। ਵਪਾਰਕ ਪੱਧਰ 'ਤੇ ਬਾਗ਼ ਲਗਾਉਣ ਲਈ ਕਿਸਾਨ ਤੇ ਬਾਗ਼ਬਾਨ ਪੰਜਾਬ ਸਰਕਾਰ ਪਾਸੋ ਮਿਲਣ ਵਾਲੀਆਂ ਵਿਸ਼ੇਸ਼ ਰਿਆਇਤਾਂ ਦਾ ਲਾਭ ਵੀ ਪ੍ਰਾਪਤ ਕਰ ਸਕਦੇ ਹਨ।

ਮਿਆਰੀ ਬੂਟਿਆਂ ਦੀ ਪ੍ਰਾਪਤੀ

ਚੰਗੀ ਨਸਲ ਦੇ ਰੋਗ ਰਹਿਤ ਫਲਦਾਰ ਬੂਟੇ ਪੰਜਾਬ ਖੇਤੀਬਾੜੀ ਯੂਨੀਵਰਸਿਟੀ, ਬਾਗ਼ਬਾਨੀ ਵਿਭਾਗ, ਖੇਤੀਬਾੜੀ ਵਿਭਾਗ, ਜ਼ਿਲ੍ਹੇ ਦੇ ਕ੍ਰਿਸ਼ੀ ਵਿਗਿਆਨ ਕੇਂਦਰ ਜਾਂ ਭਰੋਸੇਯੋਗ ਨਰਸਰੀਆਂ ਤੋਂ ਹੀ ਲੈਣੇ ਚਾਹੀਦੇ ਹਨ। ਗ਼ੈਰ ਪ੍ਰਮਾਣਿਤ ਏਜੰਸੀਆਂ ਜਾਂ ਨਰਸਰੀਆਂ ਬੇਸ਼ਕ ਇਹ ਬੂਟੇ ਸਸਤੇ ਦਿੰਦੀਆਂ ਹੋਣ ਪਰ ਉਨ੍ਹਾਂ ਨੂੰ ਫਲ ਲੱਗੇਗਾ ਜਾਂ ਨਹੀਂ, ਇਸ ਦੀ ਕੋਈ ਗਰੰਟੀ ਨਹੀਂ ਹੁੰਦੀ।

- ਸ਼ਿਵਕਰਨ ਸਿੰਘ ਉੱਪਲ

Posted By: Harjinder Sodhi