ਅਕਤੂਬਰ ਮਹੀਨੇ ਮੌਸਮ 'ਚ ਤਬਦੀਲੀਆਂ ਆਉਣ ਨਾਲ ਹੀ ਬਾਗ਼ਬਾਨੀ ਫ਼ਸਲਾਂ ਨੂੰ ਗਰਮੀ ਤੇ ਬਾਰਿਸ਼ ਤੋਂ ਕਾਫ਼ੀ ਰਾਹਤ ਮਿਲ ਜਾਂਦੀ ਹੈ। ਇਸ ਮੌਸਮ ਦੌਰਾਨ ਕੀੜੇ-ਮਕੌੜਿਆਂ ਦਾ ਹਮਲਾ ਵੀ ਕਾਫ਼ੀ ਘਟ ਜਾਂਦਾ ਹੈ। ਨਿੰਬੂ ਜਾਤੀ ਦੇ ਫਲਾਂ, ਅਮਰੂਦ, ਲੁਕਾਠ ਤੇ ਬੇਰ ਦਾ ਵਾਧਾ ਜਾਰੀ ਰਹਿੰਦਾ ਹੈ।

ਨਵੇਂ ਲਗਾਏ ਫਲਦਾਰ ਬੂਟਿਆਂ ਦੀ ਸਾਂਭ-ਸੰਭਾਲ ਵੱਲ ਧਿਆਨ ਜਾਰੀ ਰੱਖੋ ਤੇ ਪਿਉਂਦ ਤੋਂ ਹੇਠਾਂ ਫੁੱਟ ਰਹੀਆਂ ਟਹਿਣੀਆਂ ਨੂੰ ਮੁੱਢ ਤੋਂ ਕੱਟਦੇ ਰਹੋ। ਨਵੇਂ ਫਲਦਾਰ ਬੂਟੇ ਜੇਕਰ ਅਜੇ ਵੀ ਨਹੀ ਲਗਾਏ ਤਾਂ ਠੰਡ ਸ਼ੁਰੂ ਹੋਣ ਤੋਂ ਪਹਿਲਾਂ-ਪਹਿਲਾਂ ਲਗਾ ਦੇਵੋ। ਨਵੇਂ ਲਗਾਏ ਬੂਟਿਆਂ ਵਿਚ ਖ਼ਾਲੀ ਥਾਂ 'ਤੇ ਹਾੜੀ ਦੀਆਂ ਫ਼ਸਲਾਂ ਵਿਚੋਂ ਕਣਕ, ਮਟਰ ਤੇ ਛੋਲੇ ਆਦਿ ਦੀ ਬਿਜਾਈ ਕਰ ਦਿਓ ਪਰ ਫਲਦਾਰ ਬੂਟਿਆਂ ਦੇ ਪਾਣੀ ਦਾ ਪ੍ਰਬੰਧ ਵੱਖਰਾ ਹੀ ਰੱਖੋ।

ਫਲਦਾਰ ਬੂਟਿਆਂ ਦੀ ਸਾਂਭ-ਸੰਭਾਲ

ਪਪੀਤੇ ਦੇ ਬੂਟੇ ਇਸ ਮਹੀਨੇ ਦੇ ਅੱਧ ਤਕ ਲਗਾ ਦਿਓ। ਅੰਬ ਦੇ ਬੂਟਿਆਂ ਵਿਚ ਕੋਹੜ ਵਾਲੇ ਗੁੱਛੇ ਕੱਟ ਕੇ ਸਾੜ ਦਿਓ ਜਾਂ ਦੱਬ ਦਿਓ ਤੇ ਸਿਰਫ਼ ਇਸੇ ਮਹੀਨੇ ਵਿਚ ਹੀ ਬਿਮਾਰੀ ਦੀ ਰੋਕਥਾਮ ਲਈ 3 ਗ੍ਰਾਮ ਐੱਨਏਏ ਨੂੰ 3 ਮਿਲੀਲਿਟਰ ਅਲਕੋਹਲ ਵਿਚ ਘੋਲ ਕੇ 15 ਲੀਟਰ ਪਾਣੀ (ਇਕ ਸਪਰੇਅ ਪੰਪ) ਵਿਚ ਪਾ ਕੇ ਸਪਰੇਅ ਕਰੋ।

ਨਿੰਬੂ ਜਾਤੀ ਦੇ ਫਲਾਂ ਦੀ ਕੋਹੜ ਰੋਗ ਤੋਂ ਰੋਕਥਾਮ ਲਈ 0.1 ਗ੍ਰਾਮ ਸਟਰੈਪਟੋਸਾਈਕਲੀਨ ਤੇ 0.05 ਗ੍ਰਾਮ ਕਾਪਰ ਸਲਫੇਟ ਜਾਂ 30 ਗ੍ਰਾਮ ਕਾਪਰ ਔਕਸੀਕਲੋਰਾਈਡ, ਸੁਰੰਗੀ ਕੀੜੇ ਦੀ ਰੋਕਥਾਮ ਲਈ 0.4 ਮਿਲੀਲਿਟਰ ਕਨਫੀਡੋਰ 17.8 ਐੱਸਐੱਲ ਨੂੰ ਇਕ ਲੀਟਰ ਪਾਣੀ ਵਿਚ ਪਾ ਕੇ ਸਪਰੇਅ ਕਰੋ।

ਸਬਜ਼ੀਆਂ ਦੀ ਬਿਜਾਈ

ਸਰਦ ਰੁੱਤ ਦੀਆਂ ਸਬਜ਼ੀਆਂ ਦੀ ਘਰੇਲੂ ਬਗ਼ੀਚੀ ਵਿਚ ਲਗਾਉਣ ਲਈ ਬਾਗ਼ਬਾਨੀ ਵਿਭਾਗ ਜਾਂ ਪੀਏਯੂ ਲੁਧਿਆਣਾ ਤੋਂ ਸਬਜ਼ੀ ਬੀਜਾਂ ਦੀ ਕਿੱਟ ਲਿਆ ਕੇ ਬਿਜਾਈ ਕਰ ਦਿਓ। ਆਲੂ ਦੀ ਬਿਜਾਈ ਲਈ ਇਹ ਢੁੱਕਵਾਂ ਸਮਾਂ ਹੈ। ਇਸ ਲਈ ਬੀਜ ਸਟੋਰ ਵਿਚੋਂ ਕੱਢ ਕੇ ਹਵਾਦਾਰ ਕਮਰੇ ਵਿਚ ਪਤਲੀ ਤਹਿ 'ਚ ਵਿਛਾ ਦਿਓ ਤੇ ਦਿਨ ਵਿਚ ਇਕ ਵਾਰ ਹਿਲਾਓ। ਬੀਜ ਨੂੰ ਰੋਗ ਰਹਿਤ ਕਰਨ ਲਈ 2.5 ਮਿਲੀਲਿਟਰ ਮੋਨਸਰਨ ਦਵਾਈ ਪ੍ਰਤੀ ਲੀਟਰ ਪਾਣੀ ਵਿਚ ਘੋਲ ਕੇ 10 ਮਿੰਟ ਲਈ ਭਿਓਂ ਕੇ ਸੋਧ ਲਵੋ। ਬਿਜਾਈ ਸਮੇਂ 125 ਕੁਇੰਟਲ ਦੇਸੀ ਰੂੜੀ ਖਾਦ, 500 ਗ੍ਰਾਮ ਯੂਰੀਆ, 970 ਗ੍ਰਾਮ ਸਿੰਗਲ ਸੁਪਰਫਾਸਫੇਟ ਤੇ 250 ਗ੍ਰਾਮ ਮਿਊਰੇਟ ਆਫ ਪੋਟਾਸ਼ ਖਾਦ ਪ੍ਰਤੀ ਮਰਲਾ ਪਾਓ ਤੇ ਫਿਰ ਵੱਟਾਂ 'ਤੇ ਆਲੂ ਲਗਾ ਦਿਓ। ਨਦੀਨਾਂ ਦੀ ਰੋਕਥਾਮ ਲਈ 6.25 ਮਿਲੀਲਿਟਰ ਸਟੌਂਪ-30 ਈਸੀ ਜਾਂ 1.25 ਗ੍ਰਾਮ ਸੈਨਕੋਰ 70 ਤਾਕਤ ਨਦੀਨ ਉੱਗਣ ਤੋਂ ਪਹਿਲਾਂ ਜਾਂ 3-4.5 ਮਿਲੀਲਿਟਰ ਗਰਾਮੈਕਸੋਨ ਜਦੋਂ ਫ਼ਸਲ 5-10 ਫ਼ੀਸਦੀ ਉੱਗ ਆਵੇ ਤਾਂ ਪ੍ਰਤੀ ਮਰਲਾ ਛਿੜਕਾਅ ਕਰੋ।

ਮੂਲੀ ਦੀਆਂ ਕਿਸਮਾਂ ਪੰਜਾਬ ਸਫ਼ੈਦ ਮੂਲੀ-2, ਪੰਜਾਬ ਪਸੰਦ, ਸ਼ਲਗਮ ਲਈ ਐੱਲ-1 ਤੇ ਗਾਜਰ ਦੀ ਪੰਜਾਬ ਬਲੈਕ ਬਿਊਟੀ, ਪੰਜਾਬ ਕੈਰਟ ਰੈੱਡ ਤੇ ਪੀਸੀ-34 ਦੀ ਬਿਜਾਈ ਖ਼ਤਮ ਕਰ ਦਿਓ ਤੇ ਬੀਜਣ ਤੋਂ ਪਹਿਲਾਂ 100 ਕਿੱਲੋ ਦੇਸੀ ਰੂੜੀ, 350 ਗ੍ਰਾਮ ਯੂਰੀਆ, 470 ਗ੍ਰਾਮ ਸਿੰਗਲ ਸੁਪਰਫਾਸਫੇਟ ਖਾਦ ਪ੍ਰਤੀ ਮਰਲਾ ਪਾਓ। ਗਾਜਰ ਲਈ 312 ਗ੍ਰਾਮ ਮਿਊਰੇਟ ਆਫ ਪੋਟਾਸ਼ ਖਾਦ ਪਾਓ। ਬੂਟਿਆਂ ਨੂੰ ਲੋੜ ਅਨੁਸਾਰ ਪਾਣੀ ਲਗਾਓ ਤੇ ਬਿਜਾਈ ਤੋਂ 15 ਦਿਨ ਬਾਅਦ ਬੂਟੇ ਵਿਰਲੇ ਕਰ ਦਿਓ ਤਾਂ ਜੋ ਇਨ੍ਹਾਂ ਦਾ ਵਾਧਾ ਇਕਸਾਰ ਹੋਵੇ।

ਮਟਰ ਲਈ ਅਗੇਤਾ-6, ਅਗੇਤਾ-7 ਜਾਂ ਅਰਕਲ ਦੀ ਬਿਜਾਈ ਸ਼ੁਰੂ ਕਰਨ ਤੋਂ ਪਹਿਲਾ 15 ਗ੍ਰਾਮ ਬੀਜ ਸੂਡੋਮੋਨਾਸ ਫਲੋਰੇਸੈਂਸ ਫਾਰਮੂਲੇਸ਼ਨ ਨਾਲ ਸੋਧ ਕੇ ਲਗਾਉਣ ਸਮੇਂ 280 ਗ੍ਰਾਮ ਯੂਰੀਆ, 970 ਗ੍ਰਾਮ ਸਿੰਗਲ ਸੁਪਰਫਾਸਫੇਟ ਖਾਦ ਪ੍ਰਤੀ ਮਰਲਾ ਪਾਓ। ਅੱਧ ਅਕਤੂਬਰ ਤੋਂ ਪੰਜਾਬ-89 ਤੇ ਮਿੱਠੀ ਫਲੀ ਦੀ ਬਿਜਾਈ 30*10 ਸੈਂਟੀਮੀਟਰ ਦੇ ਫ਼ਾਸਲੇ 'ਤੇ ਕਰੋ। ਪੱਤੇਦਾਰ ਸਬਜ਼ੀਆਂ ਵਿਚ ਪਾਲਕ, ਮੇਥੀ, ਸਲਾਦ ਦੀ ਬਿਜਾਈ ਵੀ ਕਰ ਦਿਓ। ਪਿਆਜ਼ ਦੀ ਪੰਜਾਬ ਨਰੋਆ, ਪੀਆਰਓ-6 ਤੇ ਪੰਜਾਬ ਵਾਈਟ ਕਿਸਮਾਂ ਦੀ ਪਨੀਰੀ ਲਈ ਬੀਜ ਦੀ ਬਿਜਾਈ 15-20 ਸੈਂਟੀਮੀਟਰ ਉੱਚੇ ਬੈੱਡ 'ਤੇ 25-30 ਗ੍ਰਾਮ ਬੀਜ ਪ੍ਰਤੀ ਮਰਲਾ ਦੇ ਹਿਸਾਬ ਨਾਲ ਕਰ ਦਿਓ। ਟਮਾਟਰ ਦੀ ਪਨੀਰੀ ਤਿਆਰ ਕਰਨ ਲਈ ਮੰਡੀ ਦੇ ਹਿਸਾਬ ਨਾਲ ਕਿਸਮਾਂ ਦੀ ਚੋਣ ਕਰ ਕੇ ਵਿਉਂਤਬੰਦੀ ਕਰੋ।

ਮੌਸਮੀ ਫ਼ਲ

ਸਰਦ ਰੁੱਤ ਦੇ ਮੌਸਮੀ ਫੁੱਲਾਂ ਦੀ ਤਿਆਰ ਕੀਤੀ ਪਨੀਰੀ ਨੂੰ ਗਮਲਿਆਂ ਜਾਂ ਕਿਆਰੀਆਂ 'ਚ ਲਗਾ ਦਿਓ। ਗੁਲਾਬ ਦੇ ਬੂਟਿਆਂ ਦੀ ਕਾਂਟ-ਛਾਂਟ ਕਰ ਦਿਓ ਤੇ ਕੱਟੇ ਹੋਏ ਸਿਰਿਆਂ 'ਤੇ ਕਾਪਰ ਆਕਸੀਕਲੋਰਾਈਡ ਦਾ ਪੇਸਟ ਲਗਾ ਦਿਓ। ਗੁਲਦਾਉਦੀ ਦੇ ਬੂਟਿਆਂ ਨੂੰ ਕਾਨਿਆਂ ਦਾ ਸਹਾਰਾ ਦਿਓ ਤੇ ਰਸ ਚੂਸਣ ਵਾਲੇ ਕੀੜਿਆਂ ਤੋਂ ਰੋਕਥਾਮ ਲਈ 2 ਮਿਲੀਲਿਟਰ ਰੋਗਰ ਦਵਾਈ ਪ੍ਰਤੀ ਲੀਟਰ ਪਾਣੀ ਦੇ ਹਿਸਾਬ ਸਪਰੇਅ ਕਰੋ। ਗੰਢੇਦਾਰ ਬੂਟਿਆਂ, ਜਿਵੇਂ ਗਲੈਡੀਓਲਸ, ਡੇਲੀਆ, ਨਰਗਿਸ ਆਦਿ ਦੀ ਬਿਜਾਈ ਹੁਣ ਵੀ ਕੀਤੀ ਜਾ ਸਕਦੀ ਹੈ ਤੇ ਰਜਨੀਗੰਧਾ, ਫੁੱਟਬਾਲ ਲਿੱਲੀ ਨੂੰ ਪਾਣੀ ਦੇਣਾ ਬੰਦ ਕਰ ਦਿਓ ਤੇ ਜਦੋਂ ਪੱਤੇ ਪੀਲੇ ਹੋ ਜਾਣ ਤਾਂ ਇਨ੍ਹਾਂ ਦੇ ਗੰਢੇ ਪੁੱਟ ਕੇ 2 ਗ੍ਰਾਮ ਬਾਵਿਸਟਨ ਦਵਾਈ ਪ੍ਰਤੀ ਲੀਟਰ ਪਾਣੀ ਦੇ ਹਿਸਾਬ ਨਾਲ ਇਕ ਘੰਟਾ ਸੋਧਣ ਤੋਂ ਬਾਅਦ ਕੋਲਡ ਸਟੋਰੇਜ ਵਿਚ ਰੱਖ ਦਿਓ।

ਖੁੰਬਾਂ ਦੀ ਕਾਸ਼ਤ

ਬਟਨ ਖੁੰਬ ਉਗਾਉਣ ਵਾਲੇ ਕਮਰੇ ਜਾਂ ਸ਼ੈੱਡ 'ਚ ਬਿਜਾਈ ਕਰਨ ਤੋਂ ਇਕ ਹਫ਼ਤਾ ਪਹਿਲਾਂ ਕਿਟਾਣੂ ਰਹਿਤ ਕਰਨ ਲਈ 4-5 ਮਿਲੀਲਿਟਰ ਫਾਰਮਾਲੀਨ ਦੇ ਘੋਲ ਪ੍ਰਤੀ ਲੀਟਰ ਪਾਣੀ ਦੇ ਹਿਸਾਬ ਸਪਰੇਅ ਕਰੋ। ਤਿਆਰ ਕੀਤੀ ਕੰਪੋਸਟ ਵਿਚ ਖੁੰਬ ਦੀ ਬਿਜਾਈ ਅਕਤੂਬਰ ਦੇ ਦੂਜੇ ਹਫ਼ਤੇ ਦੌਰਾਨ ਕਰੋ ਤੇ ਸ਼ੈਲਫਾਂ ਤੇ ਲੱਕੜ ਦੀਆਂ ਪੇਟੀਆਂ ਵਿਚ ਕੀਤੀ ਬਿਜਾਈ ਨੂੰ ਅਖ਼ਬਾਰਾਂ ਨਾਲ ਢਕ ਦੇਵੋ ਅਤੇ ਇਨ੍ਹਾਂ ਉੱਪਰ ਹਰ ਰੋਜ਼ ਪਾਣੀ ਦੀ ਹਲਕੀ ਸਪਰੇਅ ਕਰਦੇ ਰਹੋ।

ਜੇਕਰ ਬਿਜਾਈ ਪਲਾਸਟਿਕ ਦੇ ਲਿਫਾਫਿਆਂ ਵਿਚ ਕੀਤੀ ਗਈ ਹੈ ਤਾਂ ਪਾਣੀ ਦੇ ਸਪਰੇਅ ਦੀ ਜ਼ਰੂਰਤ ਨਹੀਂ ਹੈ। ਬੀਜ ਦੇ ਰੇਸ਼ੇ ਫੈਲਣ ਤਕ ਕਮਰੇ ਨੂੰ ਬੰਦ ਰੱਖੋ ਅਤੇ ਬਾਅਦ ਵਿਚ ਤਾਪਮਾਨ ਅਨੁਸਾਰ ਤਾਜ਼ੀ ਹਵਾ ਦੇਣ ਲਈ ਕੁਝ ਸਮੇਂ ਵਾਸਤੇ ਕਮਰੇ ਦਾ ਦਰਵਾਜ਼ਾ ਜਾਂ ਬਾਰੀਆਂ ਖੋਲ੍ਹ ਦਿਓ।

ਖੁੰਬਾਂ ਦੀ ਬਜਾਈ ਤੋਂ ਦੋ ਹਫ਼ਤੇ ਬਾਅਦ ਕੇਸਿੰਗ ਕਰਨ ਲਈ ਵਰਤੀ ਜਾਣ ਵਾਲੀ ਖਾਦ ਦੀ ਤਿਆਰੀ ਵੀ ਹੁਣ ਤੋਂ ਹੀ ਸ਼ੁਰੂ ਕਰ ਦਿਓ ਅਤੇ ਉਸ ਨੂੰ ਵੀ 4-5 ਮਿਲੀਲਿਟਰ ਫਾਰਮਾਲੀਨ ਦੇ ਘੋਲ ਪ੍ਰਤੀ ਲਿਟਰ ਪਾਣੀ ਦੇ ਹਿਸਾਬ ਸਪਰੇਅ ਕਰ ਕੇ ਕਿਟਾਣੂ ਰਹਿਤ ਕਰ ਲਵੋ। ਗਰਮੀ ਰੁੱਤ ਦੀਆਂ ਖੁੰਬਾਂ ਦੀ ਕਾਸ਼ਤ ਵਾਸਤੇ ਤਾਜ਼ੀ ਪਰਾਲੀ ਇਕੱਠੀ ਕਰ ਕੇ ਉਸ ਦੇ ਡੇਢ-ਡੇਢ ਕਿੱਲੋ ਦੇ ਪੂਲੇ ਬੰਨ੍ਹ ਕੇ ਕਿਸੇ ਸ਼ੈੱਡ ਹੇਠ ਰੱਖ ਦੇਵੋ। ਖੁੰਬਾਂ ਦੀ ਢੀਂਗਰੀ ਕਿਸਮ ਦੀ ਬਿਜਾਈ ਲਈ ਸਮਾਂ ਢੁੱਕਵਾਂ ਹੈ, ਇਸ ਦੀ ਬਿਜਾਈ ਇਸ ਮਹੀਨੇ ਕੀਤੀ ਜਾ ਸਕਦੀ ਹੈ।

ਸ਼ਹਿਦ ਦੀਆਂ ਮੱਖੀਆਂ ਦੀ ਸੰਭਾਲ

ਸ਼ਹਿਦ ਦੀਆਂ ਮੱਖੀਆਂ ਦੇ ਬਕਸਿਆਂ ਤੋਂ ਵਧੇਰੇ ਸ਼ਹਿਦ ਲੈਣ ਲਈ ਬੇਰੀਆਂ ਤੇ ਤੋਰੀਏ ਦੀ ਫ਼ਸਲ ਦੇ ਨੇੜੇ ਰੱਖਿਆ ਜਾਵੇ। ਜੇਕਰ ਸੰਭਵ ਹੋਵੇ ਤਾਂ ਬਕਸਿਆਂ ਨੂੰ ਇਨ੍ਹਾਂ ਫ਼ਸਲਾਂ ਵਾਲੇ ਇਲਾਕਿਆਂ 'ਚ ਸ਼ਿਫਟ ਕੀਤਾ ਜਾਵੇ। ਫੁੱਲ-ਫਲਾਕੇ ਵਾਲੇ ਇਲਾਕੇ ਵਿਚ ਮੱਖੀਆਂ ਦੇ ਵਾਧੇ ਲਈ ਇਹ ਬਹੁਤ ਢੁੱਕਵਾਂ ਸਮਾਂ ਹੈ, ਸੋ ਬਕਸਿਆਂ ਦੇ ਵਾਧੇ ਲਈ, ਪੁਰਾਣੀਆਂ ਰਾਣੀ ਮੱਖੀਆਂ ਬਦਲਣ ਲਈ ਨਵੀਆਂ ਰਾਣੀ ਮੱਖੀਆਂ ਤਿਆਰ ਕੀਤੀਆਂ ਜਾ ਸਕਦੀਆਂ ਹਨ। ਚਿੱਚੜੀ ਦੇ ਹਮਲੇ ਦੀ ਸੂਰਤ 'ਚ ਅੰਦਰਲੇ ਢੱਕਣ ਹੇਠਾਂ ਡੰਡਿਆਂ ਉੱਤੇ ਇਕ ਗ੍ਰਾਮ ਗੰਧਕ ਦਾ ਧੂੜਾ ਪ੍ਰਤੀ ਛੱਤੇ ਦੇ ਹਿਸਾਬ ਨਾਲ ਧੂੜੋ। ਬਰੂਡ ਬਿਮਾਰੀਆਂ ਬਾਰੇ ਸੁਚੇਤ ਰਹੋ ਤੇ ਮਾਹਿਰਾਂ ਦੀ ਸਲਾਹ ਨਾਲ ਹੀ ਰੋਕਥਾਮ ਕਰੋ।

- ਡਾ. ਸੁਖਦੀਪ ਸਿੰਘ ਹੁੰਦਲ

75080-18842

Posted By: Harjinder Sodhi