ਆਦਿ ਕਾਲ ਤੋਂ ਫਲ ਮਨੁੱਖੀ ਖ਼ੁਰਾਕ ਦਾ ਹਿੱਸਾ ਰਹੇ ਹਨ। ਫਲਾਂ ਦੀ ਉਪਯੋਗਤਾ ਨੂੰ ਵੇਖਦਿਆਂ ਡਾਕਟਰ ਵੀ ਮਰੀਜ਼ਾਂ ਨੂੰ ਵੱਖ-ਵੱਖ ਤਰ੍ਹਾਂ ਦੇ ਫਲਾਂ ਦਾ ਸੇਵਨ ਕਰਨ ਦੀ ਸਲਾਹ ਦਿੰਦੇ ਹਨ। ਜੰਗਲਾਂ ਵਿਚ ਆਪ ਮੁਹਾਰੇ ਉੱਗਣ ਵਾਲੇ ਫਲਦਾਰ ਰੁੱਖ ਅੱਜ ਬਾਗ਼ਬਾਨਾਂ ਤੇ ਕਿਸਾਨਾਂ ਦੀ ਆਰਥਿਕਤਾ ਦਾ ਸੋਮਾ ਬਣੇ ਹੋਏ ਹਨ। ਇਨ੍ਹਾਂ ਫਲਦਾਰ ਰੁੱਖਾਂ ਨੂੰ ਲੱਗਣ ਵਾਲੀਆਂ ਬਿਮਾਰੀਆਂ ਤੋਂ ਬਚਣ ਲਈ ਇਨ੍ਹਾਂ ਉੱਪਰ ਕੀਟਨਾਸ਼ਕ ਤੇ ਹੋਰ ਦਵਾਈਆਂ ਦਾ ਛਿੜਕਾਵ ਵੀ ਕੀਤਾ ਜਾਂਦਾ ਹੈ। ਉਨ੍ਹਾਂ ਨੂੰ ਪਕਾਉਣ ਲਈ ਕਈ ਤਰ੍ਹਾਂ ਦੇ ਰਸਾਇਣਕ ਤਰੀਕੇ ਵਰਤੇ ਜਾਂਦੇ ਹਨ, ਜਿਸ ਕਾਰਣ ਬਜ਼ਾਰ 'ਚ ਮਿਲਣ ਵਾਲੇ ਫਲਾਂ ਦੀ ਗੁਣਵੱਤਾ ਤੇ ਸ਼ੁੱਧਤਾ ਸ਼ੱਕ ਦੇ ਘੇਰੇ 'ਚ ਰਹਿੰਦੀ ਹੈ। ਇਸ ਲਈ ਜੈਵਿਕ ਤਰੀਕੇ ਨਾਲ ਉਗਾਏ ਫਲਾਂ ਦੀ ਪ੍ਰਾਪਤੀ ਲਈ ਸਭ ਤੋਂ ਸੌਖਾ ਢੰਗ ਇਹ ਹੈ ਕਿ ਆਪਣੀ ਘਰੇਲੂ ਬਗ਼ੀਚੀ ਜਾਂ ਘਰ ਵਿਚਲੀ ਖ਼ਾਲੀ ਥਾਂ 'ਤੇ ਵੱਖ-ਵੱਖ ਕਿਸਮਾਂ ਦੇ ਫਲਦਾਰ ਰੁੱਖ ਲਗਾਏ ਜਾਣ।

ਮਿਆਰੀ ਬੂਟਿਆਂ ਦੀ ਪ੍ਰਾਪਤੀ

ਸੰਤਰਾ, ਕਿੰਨੂ, ਲੀਚੀ, ਅਮਰੂਦ, ਨਿੰਬੂ, ਅੰਬ, ਆਲੂ ਬੁਖ਼ਾਰਾ, ਅਨਾਰ ਆਦਿ ਦੇ ਬੂਟੇ ਬੜੀ ਆਸਾਨੀ ਨਾਲ ਹਰ ਘਰ ਵਿਚ ਲਗਾਏ ਜਾ ਸਕਦੇ ਹਨ। ਇਹ ਜਗ੍ਹਾ ਵੀ ਥੋੜ੍ਹੀ ਮੱਲਦੇ ਹਨ। ਅਮਰੂਦ ਤੇ ਨਿੰਬੂ ਦੇ ਬੂਟੇ ਦੋ ਸਾਲ ਬਾਅਦ ਤੇ ਬਾਕੀ ਬੂਟੇ ਆਮ ਤੌਰ ਤੇ ਤਿੰਨ ਸਾਲ ਬਾਅਦ ਫਲ ਦੇਣਾ ਸੁਰੂ ਕਰ ਦਿੰਦੇ ਹਨ। ਸ. ਕਰਤਾਰ ਸਿੰਘ ਸਰਾਭਾ ਸੈਲਫ਼ ਹੈਲਪ ਗਰੁੱਪ ਦੀ ਪ੍ਰਧਾਨ ਰਜਿੰਦਰ ਕੌਰ ਬਾਜਵਾ ਨੇ ਦੱਸਿਆ ਕਿ ਉਨ੍ਹਾਂ ਦੇ ਗਰੁੱਪ ਦੇ ਸਾਰੇ ਮੈਂਬਰਾਂ ਨੇ ਆਪਣੇ ਘਰਾਂ ਵਿਚ ਫਲਦਾਰ ਰੁੱਖ ਲਗਾਏ ਹੋਏ ਹਨ ਤੇ ਕਈ ਕਿਸਮ ਦੇ ਫਲਦਾਰ ਬੂਟੇ ਹੁਣ ਪੰਜਾਬ ਸਰਕਾਰ ਦੀ 'ਆਈ-ਹਰਿਆਲੀ ਐਪ' ਦੁਆਰਾ ਨੇੜੇ ਦੀਆਂ ਸਰਕਾਰੀ ਨਰਸਰੀਆਂ ਤੋਂ ਮੁਫ਼ਤ ਵਿਚ ਮਿਲ ਜਾਂਦੇ ਹਨ।

ਘਰੇਲੂ ਵਸਤਾਂ ਰਾਹੀਂ ਬੂਟਿਆਂ ਦਾ ਇਲਾਜ

ਇਨ੍ਹਾਂ ਬੂਟਿਆਂ ਨੂੰ ਲੱਗਣ ਵਾਲੀਆਂ ਬਿਮਾਰੀਆਂ ਦਾ ਇਲਾਜ਼ ਵੀ ਆਮ ਘਰੇਲੂ ਵਸਤਾਂ, ਜਿਵੇਂ ਖੱਟੀ ਲੱਸੀ, ਲਸਣ ਤੇ ਨਿੰਮ ਦੇ ਪੱਤਿਆਂ ਨਾਲ ਹੀ ਹੋ ਜਾਂਦਾ ਹੈ। ਸਮੇਂ-ਸਮੇਂ 'ਤੇ ਅਖ਼ਬਾਰਾਂ, ਰੇਡੀਓ ਜ਼ਰੀਏ ਇਨ੍ਹਾਂ ਫਲਦਾਰ ਰੁੱਖਾਂ ਦੀ ਸਾਂਭ-ਸੰਭਾਲ ਬਾਰੇ ਜਾਣਕਾਰੀ ਦਿੱਤੀ ਜਾਂਦੀ ਹੈ। ਇਹ ਗਿਆਨ ਹਰ ਕੋਈ ਘਰ ਬੈਠੇ ਪ੍ਰਾਪਤ ਕਰ ਸਕਦਾ ਹੈ। ਇਸ ਤਰ੍ਹਾਂ ਹਰ ਪਰਿਵਾਰ ਥੋੜ੍ਹੀ ਜਿਹੀ ਜਗ੍ਹਾ­, ਥੋੜੀ ਜਿਹੀ ਮਿਹਨਤ ਨਾਲ ਬਜ਼ਾਰਾਂ 'ਚ ਮਿਲਣ ਵਾਲੇ ਮਹਿੰਗੇ ਤੇ ਰਸਾਇਣਾਂ ਨਾਲ ਪਕਾਏ ਗਏ ਫਲਾਂ ਦੀ ਬਜਾਏ ਘਰ ਵਿਚ ਹੀ ਪੌਸਟਿਕਤਾ ਭਰਪੂਰ ਫਲ ਪੈਦਾ ਕਰ ਸਕਦਾ ਹੈ ਅਤੇ ਆਪਣੇ ਪਰਿਵਾਰ ਦੀ ਸਿਹਤ ਕਾਇਮ ਰੱਖ ਸਕਦਾ ਹੈ।

- ਗੁਰਇਕਬਾਲ ਸਿੰਘ ਬੋਦਲ

98152-05360

Posted By: Harjinder Sodhi