ਗੁਰੂ ਨਾਨਕ ਦੇਵ ਜੀ ਦਾ 550 ਸਾਲਾ ਪ੍ਰਕਾਸ਼ ਦਿਵਸ ਪੂਰੀ ਦੁਨੀਆ 'ਚ ਸ਼ਰਧਾ ਤੇ ਉਤਸ਼ਾਹ ਨਾਲ ਮਨਾਇਆ ਜਾ ਰਿਹਾ ਹੈ। ਗੁਰੂ ਸਾਹਿਬ ਨੇ ਸਾਰੀ ਦੁਨੀਆ ਵਿਚ ਘੁੰਮ-ਘੁੰਮ ਕੇ ਸਾਂਝੀਵਾਲਤਾ ਤੇ ਭਾਈਚਾਰੇ ਦਾ ਸੰਦੇਸ਼ ਦਿੱਤਾ। ਗੁਰੂ ਨਾਨਕ ਦੇਵ ਜੀ ਦਾ ਕੁਦਰਤ, ਵਾਤਵਰਨ ਅਤੇ ਚੌਗਿਰਦੇ ਨਾਲ ਅਸੀਮ ਪ੍ਰੇਮ ਸੀ ਕਿ ਉਨ੍ਹਾਂ ਨੇ ਆਪਣੀ ਬਾਣੀ ਵਿਚ ਕੁਦਰਤ ਨਾਲ ਸਬੰਧਤ ਬਿੰਬਾਂ ਅਤੇ ਪ੍ਰਤੀਕਾਂ ਨੂੰ ਵਰਤਦਿਆਂ ਲੋਕਾਈ ਨੂੰ ਵਾਤਾਵਰਨ ਦੀ ਸਾਂਭ–ਸੰਭਾਲ ਸੰਦੇਸ਼ “ਪਾਵਣੁ ਗੁਰੂ ਪਾਣੀ ਪਿਤਾ ਮਾਤਾ ਧਰਤਿ ਮਹਤੁ'' ਦੇ ਰੂਪ 'ਚ ਦਿੱਤਾ। ਦੁੱਖ ਦੀ ਗੱਲ ਇਹ ਹੈ ਕਿ ਅਸੀਂ ਗੁਰੂ ਸਾਹਿਬ ਦੇ ਉਪਦੇਸ਼ ਨੂੰ ਅੱਖੋਂ ਪਰੋਖੇ ਕਰ ਕੇ ਚੌਗਿਰਦੇ ਦੀ ਸੰਭਾਲ ਪ੍ਰਤੀ ਬੇਹੱਦ ਉਦਾਸੀਨ ਦੌਰ ਵਿਚੋਂ ਲੰਘ ਰਹੇ ਹਾਂ। ਹਵਾ ਨੂੰ ਗੁਰੂ, ਪਾਣੀ ਨੂੰ ਪਿਤਾ ਤੇ ਧਰਤੀ ਨੂੰ ਮਾਤਾ ਵਰਗਾ ਸਨਮਾਨ ਦੇ ਕੇ ਹੀ ਅਸੀਂ ਕੁਦਰਤ ਨਾਲ ਇਕਮਿੱਕਤਾ ਵਾਲਾ ਰਿਸ਼ਤਾ ਕਾਇਮ ਕਰ ਸਕਦੇ।ਹਾਂ।

ਸੁਚਾਰੂ ਢੰਗ ਨਾਲ ਲਾਗੂ ਹੋਵੇ ਕਾਨੂੰਨ

ਸਭ ਤੋਂ ਵੱਡੀ ਤ੍ਰਾਸਦੀ ਇਹ ਹੈ ਕਿ ਮਨੁੱਖ ਗੁਰੂ ਸਾਹਿਬ ਦੇ ਉਪਦੇਸ਼ਾਂ ਨੂੰ ਨਜ਼ਰਅੰਦਾਜ਼ ਕਰ ਕੇ ਦਰਿਆਵਾਂ ਦੇ ਅੰਮ੍ਰਿਤ ਵਰਗੇ ਪਾਣੀਆਂ ਵਿਚ ਜ਼ਹਿਰ ਘੋਲ ਰਿਹਾ ਹੈ। ਪੰਜ ਦਰਿਆਵਾਂ ਦੀ ਧਰਤੀ ਪੰਜਾਬ ਦੇ ਬਹੁਤ ਸਾਰੇ ਹਿੱਸੇ ਪ੍ਰਦੂਸ਼ਿਤ ਪਾਣੀ ਕਾਰਨ 'ਡਾਰਕ ਜ਼ੋਨ' ਵਿਚ ਆਏ ਹੋਏ ਹਨ। ਕਈ ਇਲਾਕਿਆਂ ਵਿਚ ਪੀਣਯੋਗ ਸਾਫ਼ ਪਾਣੀ ਨਹੀਂ ਰਿਹਾ। ਵਾਤਾਵਰਨ ਪ੍ਰਦੂਸ਼ਣ ਕਾਰਨ ਹਵਾ ਵੀ ਸਾਹ ਲੈਣਯੋਗ ਨਹੀਂ ਰਹੀ। ਘਾਤਕ ਰਸਾਇਣਾਂ ਨੇ ਇਸ ਨੂੰ ਬਿਮਾਰੀਆਂ ਦਾ ਮੂਲ ਬਣਾ ਦਿੱਤਾ ਹੈ। ਪਲਾਸਟਿਕ, ਕੱਚ ਅਤੇ ਜ਼ਹਿਰੀਲੇ ਰਸਾਇਣਾਂ ਨੇ ਧਰਤੀ ਦੀ ਸਿਹਤ ਉੱਪਰ ਵੀ ਬੇਹੱਦ ਮਾੜਾ ਅਸਰ ਪਾਇਆ ਹੈ। ਇਨ੍ਹਾਂ ਰਸਾਇਣਾਂ ਕਾਰਨ ਲਗਪਗ ਹਰ ਖਾਣਯੋਗ ਪਦਾਰਥ ਵਿਚ ਰਸਾਇਣਾਂ ਦੀ ਮੌਜੂਦਗੀ ਪਾਈ ਜਾ ਰਹੀ ਹੈ। ਹੋਰ ਤਾਂ ਹੋਰ, ਅੰਮ੍ਰਿਤ ਸਮਾਨ ਪਵਿੱਤਰ ਮੰਨੇ ਜਾਣ ਵਾਲੇ ਮਾਂ ਦੇ ਦੁੱਧ ਵਿਚ ਵੀ ਰਸਾਇਣਕ ਤੱਤ ਮੌਜੂਦ ਹੋਣ ਦੀ ਵਿਗਿਆਨੀਆਂ ਵੱਲੋਂ ਪੁਸ਼ਟੀ ਕੀਤੀ ਜਾ ਚੁੱਕੀ ਹੈ। ਸਬਜ਼ੀਆਂ ਤੇ ਹੋਰ ਖਾਣਯੋਗ ਪਦਾਰਥਾਂ ਵਿਚ ਰਸਾਇਣਾਂ ਅਤੇ ਮਿਲਾਵਚ ਦੇ ਚੱਲਦਿਆਂ ਮਨੁੱਖੀ ਸਿਹਤ ਨਾਲ ਵੱਡਾ ਖਿਲਵਾੜ ਹੋ ਰਿਹਾ ਹੈ। ਦੇਸ਼ ਵਿਚ ਪ੍ਰਦੂਸ਼ਣ ਦੀ ਰੋਕਥਾਮ ਲਈ ਕਾਨੂੰਨ ਤਾਂ ਹੈ ਪਰ ਉਸ ਨੂੰ ਸੁਚਾਰੂ ਢੰਗ ਨਾਲ ਲਾਗੂ ਨਾ ਕੀਤੇ ਜਾਣਾ ਸਰਕਾਰ ਦੇ ਅਵੇਸਲੇਪਣ ਦਾ ਸਪਸ਼ਟ ਸਕੇਤ ਹੈ ਅਤੇ ਸਰਕਾਰ ਦੀ ਇਹ ਉਪਰਾਮਤਾ ਮਨੁੱਖਤਾ ਤੇ ਕੁਦਰਤ ਲਈ ਘਾਤਕ ਹੈ।

ਸੰਸਾਥਾਵਾਂ ਦੀ ਉਸਾਰੂ ਪਹਿਲ

ਬਹੁਤ ਸਾਰੀਆਂ ਧਾਰਮਿਕ ਅਤੇ ਸਮਾਜਸੇਵੀ ਸੰਸਥਾਵਾਂ ਵੱਲੋਂ ਧਰਤੀ ਤੋਂ ਹਰਿਆ-ਭਰਿਆ ਕਰਨ ਲਈ ਅਹਿਮ ਉਪਰਾਲੇ ਕੀਤੇ ਜਾ ਰਹੇ ਹਨ। ਕੁਝ ਧਾਰਮਿਕ ਸੰਸਥਾਵਾਂ ਵੱਲੋਂ ਰੁੱਖ-ਬੂਟੇ ਪ੍ਰਸਾਦ ਦੇ ਰੂਪ 'ਚ ਵੰਡੇ ਜਾ ਰਹੇ ਹਨ ਅਤੇ ਕੁਝ ਸੰਸਥਾਵਾਂ ਵੱਲੋਂ ਰੁੱਖਾਂ ਦੇ ਲੰਗਰ ਲਗਾਏ ਜਾ ਰਹੇ ਹਨ।।ਇਹ ਇਕ ਸ਼ਲਾਘਾਯੋਗ ਕੰਮ ਹੈ। ਅਜਿਹੇ ਕੰਮ ਸਮਾਜ ਤੇ ਆਮ ਲੋਕਾਂ ਲਈ ਪ੍ਰੇਰਣਾ ਬਣਦੇ ਹਨ ਤੇ ਸਾਨੂੰ ਇਨ੍ਹਾਂ ਤੋਂ ਸੇਧ ਲੈਣੀ ਚਾਹੀਦੀ ਹੈ। ਰੁੱਖ ਲਗਾਉਣ ਦੀ ਮੁਹਿੰਮ ਨਾਲ ਜੁੜੇ ਲੋਕਾਂ ਨੂੰ ਚਾਹੀਦਾ ਹੈ ਕਿ ਉਹ ਬੂਟੇ ਲਗਾਉਣ ਤੋਂ ਬਾਅਦ ਉਨ੍ਹਾਂ ਦੇ ਵਾਧੇ-ਵਿਕਾਸ ਤਕ ਸੁਚੱਜੀ ਸੰਭਾਲ ਜ਼ਰੂਰ ਕਰਨ।

ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪੁਰਬ ਮੌਕੇ ਸਾਡਾ ਸਾਰਿਆਂ ਦਾ ਫਰਜ਼ ਹੈ ਕਿ ਅਸੀਂ ਗੁਰੂ ਸਾਹਿਬ ਜੀ ਦੇ ਦੱਸੇ ਮਾਰਗ 'ਤੇ ਚੱਲੀਏ ਤੇ ਕੁਦਰਤ ਨਾਲ ਆਪਣੇ ਮੋਹ ਨੂੰ ਪਾਲੀਏ, ਚੌਗਿਰਦੇ ਨੂੰ ਸਾਫ਼-ਸੁਥਰਾ ਅਤੇ ਵੱਧ ਤੋ ਵੱਧ ਰੁੱਖ ਲਗਾ ਕੇ ਹਰਿਆ-ਭਰਿਆ ਬਣਾਈਏ। ਇਹੀ ਗੁਰੂ ਸਾਹਿਬ ਨੂੰ ਸਾਡੀ ਸੱਚੀ ਸਰਧਾਂਜਲੀ ਹੋਵੇਗੀ।

ਗੰਭੀਰ ਹੋਈ ਪ੍ਰਦੂਸ਼ਣ ਦੀ ਸਮੱਸਿਆ

ਮਨੁੱਖ ਦੇ ਕੁਦਰਤ ਤੋਂ ਦੂਰ ਹੋਣ ਦਾ ਹੀ ਨਤੀਜਾ ਹੈ ਕਿ ਅੱਜ ਪ੍ਰਦੂਸ਼ਣ ਗੰਭੀਰ ਪੱਧਰ ਤਕ ਪਹੁੰਚ ਚੁੱਕਾ ਹੈ। ਅਨੇਕਾਂ ਲਾਇਲਾਜ਼ ਤੇ ਨਾਮੁਰਾਦ ਬਿਮਾਰੀਆਂ ਮਨੁੱਖ ਨੂੰ ਆਪਣੀ ਜਕੜ 'ਚ ਲੈ ਰਹੀਆਂ ਹਨ। ਪਿੱਛੇ ਜਿਹੇ ਬਿਹਾਰ ਵਿਚ ਚਮਕੀ ਬੁਖ਼ਾਰ ਨਾਲ ਮਚੀ ਹਾਹਾਕਾਰ ਨੂੰ ਕੌਣ ਭੁੱਲ ਸਕਦਾ ਹੈ। ਕੁਦਰਤ ਨਾਲ ਛੇੜਛਾੜ ਕਾਰਨ ਮੌਸਮੀ ਤਬਦੀਲੀਆਂ ਆ ਰਹੀਆਂ ਹਨ। ਵਰਖਾ ਦੀ ਮਾਤਰਾ ਵਿਚ ਅਸਮਾਨਤਾ ਆ ਰਹੀ ਹੈ, ਜਿਸ ਨਾਲ ਕਿਤੇ ਸੋਕਾ ਤੇ ਕਿਧਰੇ ਹੜ੍ਹਾਂ ਦੀ ਮਾਰ ਕਾਰਨ ਹਾਹਾਕਾਰ ਹੈ। ਅੱਜ ਬੇਹੱਦ ਜ਼ਰੂਰੀ ਹੈ ਕਿ ਕੁਦਰਤ ਨਾਲ ਨੇੜਤਾ ਵਧਾਈ ਜਾਵੇ,।ਖ਼ੁਦ ਕੁਦਰਤ ਨਾਲ ਜੁੜਨ ਦੇ ਨਾਲ-ਨਾਲ ਹੋਰਨਾਂ ਲੋਕਾਂ ਨੂੰ ਵੀ ਕੁਦਰਤ ਨਾਲ ਜੋੜਨ ਲਈ ਕੋਸ਼ਿਸ ਕੀਤੀ ਜਾਵੇ।

- ਫ਼ੈਸਲ ਖ਼ਾਨ

99149-65937

Posted By: Harjinder Sodhi