ਝੋਨਾ ਸਾਉਣੀ ਦੀ ਮੁੱਖ ਫ਼ਸਲ ਹੈ। 2017-18 ਵਿਚ ਝੋਨੇ ਅਧੀਨ 30.65 ਲੱਖ ਹੈਕਟੇਅਰ ਰਕਬਾ ਸੀ। ਸ਼ੀਥ ਬਲਾਈਟ ਤੇ ਝੂਠੀ ਕਾਂਗਿਆਰੀ ਝੋਨੇ ਦੀਆਂ ਦੋ ਮੁੱਖ ਬਿਮਾਰੀਆਂ ਇਸ ਦੇ ਝਾੜ ਤੇ ਮਿਆਰ ਨੂੰ ਕਾਫ਼ੀ ਪ੍ਰਭਾਵਿਤ ਕਰਦੀਆਂ ਹਨ। ਇਹ ਬਿਮਾਰੀਆਂ ਝਾੜ ਤੇ ਗੁਣਵੱਤਾ ਨੂੰ 8-10 ਫ਼ੀਸਦੀ ਤਕ ਨੁਕਸਾਨ ਕਰ ਸਕਦੀਆਂ ਹਨ ਤੇ ਕਈ ਵਾਰ ਇਹ ਨੁਕਸਾਨ 50 ਫ਼ੀਸਦੀ ਤਕ ਵੀ ਪਹੁੰਚ ਜਾਂਦਾ ਹੈ। ਕਿਸਾਨਾਂ ਵੱਲੋਂ ਝੋਨੇ 'ਚ ਨਾਈਟ੍ਰੋਜਨ ਖਾਦ ਦੀ ਵਧੇਰੇ ਵਰਤੋਂ, ਗ਼ੈਰ-ਸਿਫ਼ਾਰਸ਼ੀ ਕਿਸਮਾਂ ਦੀ ਕਾਸ਼ਤ ਤੇ ਬੇਮੌਸਮੀ ਬਾਰਿਸ਼ਾਂ ਕਾਰਨ ਪਿਛਲੇ ਸਾਲਾਂ ਦੌਰਾਨ ਇਨ੍ਹਾਂ ਬਿਮਾਰੀਆਂ 'ਚ ਵਾਧਾ ਹੋਇਆ ਹੈ। ਪੰਜਾਬ ਵਿਚ ਕਾਸ਼ਤ ਕੀਤੀਆਂ ਜਾਣ ਵਾਲੀਆਂ ਝੋਨੇ ਦੀਆਂ ਸਾਰੀਆਂ ਕਿਸਮਾਂ ਵਿਚ ਇਨ੍ਹਾਂ ਬਿਮਾਰੀਆਂ ਪ੍ਰਤੀ ਸਹਿਣ ਸ਼ਕਤੀ ਨਹੀਂ ਹੈ। ਵਿਗਿਆਨੀ ਲਗਾਤਾਰ ਇਨ੍ਹਾਂ ਬਿਮਾਰੀਆਂ ਪ੍ਰਤੀ ਰੋਗ ਵਿਰੋਧੀ ਸ਼ਕਤੀ ਲੱਭਣ ਦੀ ਦਿਸ਼ਾ 'ਚ ਯਤਨਸ਼ੀਲ ਹਨ। ਅਜਿਹੀ ਹਾਲਤ ਵਿਚ ਸਮੇਂ-ਸਿਰ ਉੱਲੀਨਾਸ਼ਕਾਂ ਦਾ ਛਿੜਕਾਅ ਹੀ ਇਨ੍ਹਾਂ ਬਿਮਾਰੀਆਂ ਦੀ ਰੋਕਥਾਮ ਦਾ ਭਰੋਸੇਯੋਗ ਉਪਾਅ ਹੈ। ਉੱਲੀਨਾਸ਼ਕਾਂ ਦੀ ਸੁਚੱਜੀ ਵਰਤੋਂ ਲਈ ਇਨ੍ਹਾਂ ਬਿਮਾਰੀਆਂ ਦੀ ਪਛਾਣ ਤੇ ਅਨੁਕੂਲ ਮੌਸਮੀ ਹਾਲਾਤ ਬਾਰੇ ਜਾਣਕਾਰੀ ਹੋਣੀ ਬੇਹੱਦ ਜਰੂਰੀ ਹੈ।

ਸ਼ੀਥ ਬਲਾਈਟ

ਸ਼ੀਥ ਬਲਾਈਟ ਉੱਲੀ ਰੋਗ ਹੈ, ਜੋ ਝੋਨੇ ਤੇ ਬਾਸਮਤੀ ਦੋਵਾਂ ਉੱਪਰ ਆਉਂਦੀ ਹੈ। ਆਮ ਤੌਰ 'ਤੇ ਇਹ ਬਿਮਾਰੀ ਪਨੀਰੀ ਲਗਾਉਣ ਤੋਂ 50-60 ਦਿਨ ਬਾਅਦ ਜਦੋਂ ਫ਼ਸਲ ਗੋਭ ਵਿਚ ਹੋਵੇ, ਉਦੋਂ ਨਜ਼ਰ ਆÀੁਂਦੀ ਹੈ। ਇਸ ਬਿਮਾਰੀ ਦੀ ਉੱਲੀ ਮਿੱਟੀ ਵਿਚ ਗੂੜੇ ਭੂਰੇ ਰੰਗ ਦੀਆਂ ਮਘਰੌੜੀਆ (ਸੈਕਲੈਰੋਸ਼ੀਆ) ਰਾਹੀਂ ਪ੍ਰਵੇਸ਼ ਕਰਦੀ ਹੈ, ਜੋ ਇਕ ਮੌਸਮ ਤੋਂ ਦੂਜੇ ਤਕ ਜਿਊਂਦੀ ਰਹਿੰਦੀ ਹੈ। ਇਸ ਤੋਂ ਇਲਾਵਾ ਬਹੁਤ ਸਾਰੇ ਨਦੀਨ, ਜਿਵੇਂ ਖੱਬਲ ਘਾਹ, ਮੋਥਾ, ਸਵਾਂਕ ਆਦਿ ਉੱਤੇ ਵੀ ਇਹ ਬਿਮਾਰੀ ਪਲਦੀ ਹੈ। ਜੇ ਇਹ ਬਿਮਾਰੀ ਇਕ ਵਾਰ ਖੇਤ 'ਚ ਆ ਜਾਵੇ ਤਾਂ ਸਾਲ ਦਰ ਸਾਲ ਇਸ ਦਾ ਹਮਲਾ ਵੱਧਦਾ ਜਾਂਦਾ ਹੈ ਤੇ ਇਸ ਦੀ ਤੀਬਰਤਾ ਕਿਸਮਾਂ ਤੇ ਮੌਸਮੀ ਹਾਲਾਤ ਅਨੁਸਾਰ ਬਦਲਦੀ ਰਹਿੰਦੀ ਹੈ।

ਨਿਸ਼ਾਨੀਆਂ

ਬਿਮਾਰੀ ਦੇ ਸ਼ੁਰੂਆਤੀ ਹਮਲੇ ਨਾਲ ਬੂਟਿਆਂ ਤੇ ਲੰਬੂਤਰੇ ਹਰੇ ਧੱਬੇ ਪਾਣੀ ਦੇ ਪੱਧਰ ਤੋਂ ਉੱਪਰ ਪੱਤੇ ਦੀ ਸ਼ੀਥ 'ਤੇ ਪੈ ਜਾਂਦੇ ਹਨ, ਜਿਹੜੇ ਕਿਨਾਰਿਆਂ ਤੋਂ ਜਾਮਣੀ ਨਜ਼ਰ ਆਉਂਦੇ ਹਨ। ਇਹ ਧੱਬੇ ਉੱਪਰ ਵੱਲ ਨੂੰ ਵਧ ਜਾਂਦੇ ਹਨ ਤੇ ਅਨੁਕੂਲ ਮੌਸਮੀ ਹਾਲਾਤ ਵਿਚ ਇਕ ਦੂਜੇ ਨਾਲ ਮਿਲ ਕੇ ਤਣੇ ਦੁਆਲੇ ਸਾਰੀ ਸ਼ੀਥ 'ਤੇ ਫੈਲ ਜਾਂਦੇ ਹਨ। ਬਿਮਾਰੀ ਦਾ ਅਸਰ ਗੋਭ ਤੋਂ ਲੈ ਕੇ ਸਿੱਟੇ ਨਿਕਲਣ ਤਕ ਜ਼ਿਆਦਾ ਹੁੰਦਾ ਹੈ ਤੇ ਅਨੁਕੂਲ ਹਾਲਾਤ ਵਿਚ ਇਹ ਪੱਤਿਆਂ 'ਤੇ ਫੈਲ ਜਾਂਦੀ ਹੈ। ਪ੍ਰਭਾਵਿਤ ਬੂਟੇ ਕਮਜ਼ੋਰ ਪੈ ਕੇ ਡਿੱਗ ਪੈਂਦੇ ਹਨ ਤੇ ਨਤੀਜੇ ਵਜੋਂ ਦਾਣੇ ਘੱਟ ਬਣਦੇ ਹਨ। ਇਹ ਬਿਮਾਰੀ ਇਕ ਬੂਟੇ ਤੋਂ ਨਾਲ ਲੱਗਦੇ ਬੂਟਿਆਂ 'ਤੇ ਚਲੀ ਜਾਂਦੀ ਹੈ ਅਤੇ ਪਾਣੀ ਜ਼ਰੀਏ ਵੀ ਦੀਸਰੇ ਬੂਟਿਆਂ ਤਕ ਫ਼ੈਲਦੀ ਹੈ।

ਰੋਕਥਾਮ

ਬਿਮਾਰੀ ਦੀ ਰੋਕਥਾਮ ਲਈ ਖੇਤ ਦੇ ਆਲੇ-ਦੁਆਲੇ ਸਫ਼ਾਈ ਰੱਖੋ। ਖੇਤ ਦੀਆਂ ਵੱਟਾਂ ਤੋਂ ਖੱਬਲ ਘਾਹ ਤੇ ਹੋਰ ਨਦੀਨ ਪੁੱਟ ਦੇਵੋ। ਨਾਈਟ੍ਰੋਜਨ ਖਾਦ ਦੀ ਲੋੜ ਤੋਂ ਜ਼ਿਆਦਾ ਵਰਤੋਂ ਨਾ ਕਰੋ। ਫ਼ਸਲ ਨੂੰ ਸੰਤੁਲਿਤ ਤੇ ਮਾਤਰਾ 'ਚ ਨਾਈਟ੍ਰੋਜਨ ਖਾਦ ਪਾਉਣ ਲਈ ਪੱਤਾ ਰੰਗ ਚਾਰਟ ਦੀ ਵਰਤੋਂ ਕਰੋ। ਪਨੀਰੀ ਲਗਾਉਣ ਤੋਂ 50-60 ਦਿਨ ਬਾਅਦ ਫ਼ਸਲ ਦਾ ਲਗਾਤਾਰ ਨਿਰੀਖਣ ਕਰਦੇ ਰਹੋ। ਜੇ ਫ਼ਸਲ ਦੀ ਗੋਭ ਵਾਲੀ ਸਥਿਤੀ ਸਮੇਂ ਬਿਮਾਰੀ ਦੀਆਂ ਨਿਸ਼ਾਨੀਆਂ ਦਿੱਸਣ ਤਾਂ ਉਸੇ ਸਮੇਂ 80 ਗ੍ਰਾਮ ਨਟੀਵੋ ਜਾਂ 200 ਮਿਲੀਲਿਟਰ ਐਮੀਸਟਾਰ ਟੌਪ 325 ਤਾਕਤ ਜਾਂ ਫੋਲੀਕਰ 25 ਤਾਕਤ ਜਾਂ ਟਿਲਟ 25 ਤਾਕਤ ਜਾਂ ਮੋਨਸਰਨ 250 ਤਾਕਤ ਨੂੰ 200 ਲੀਟਰ ਪਾਣੀ 'ਚ ਘੋਲ ਕੇ ਪ੍ਰਤੀ ਏਕੜ ਛਿੜਕਾਅ ਕਰੋ। ਲੋੜ ਪੈਣ ਤੇ 15 ਦਿਨ ਬਾਅਦ ਦੁਬਾਰਾ ਛਿੜਕਾਅ ਕਰੋ। ਬਿਮਾਰੀ ਦੀ ਰੋਕਥਾਮ ਨੂੰ ਯਕੀਨੀ ਬਣਾਉਣ ਲਈ ਛਿੜਕਾਅ ਬੂਟਿਆਂ ਦੇ ਮੁੱਢਾਂ ਵੱਲ ਕਰੋ।

ਝੂਠੀ ਕਾਂਗਿਆਰੀ

ਝੋਨੇ ਦੀ 'ਝੂਠੀ ਕਾਂਗਿਆਰੀ' ਨੂੰ 'ਹਲਦੀ ਰੋਗ' ਵੀ ਆਖਦੇ ਹਨ। ਇਸ ਬਿਮਾਰੀ ਦਾ ਹਮਲਾ ਕੇਂਦਰੀ ਜ਼ਿਲ੍ਹਿਆਂ ਲੁਧਿਆਣਾ, ਮੋਗਾ, ਪਟਿਆਲਾ, ਸੰਗਰੂਰ, ਜਲੰਧਰ, ਕਪੂਰਥਲਾ 'ਚ ਵਧੇਰੇ ਹੁੰਦਾ ਹੈ। ਪਹਿਲਾਂ ਇਹ ਰੋਗ ਸਿਰਫ਼ ਨੀਮ ਪਹਾੜੀ ਇਲਾਕਿਆਂ 'ਚ ਪਾਇਆ ਜਾਂਦਾ ਸੀ ਪਰ ਹੁਣ ਜ਼ਿਆਦਾ ਝਾੜ ਦੇਣ ਵਾਲੀਆਂ ਨਵੀਂਆਂ ਕਿਸਮਾਂ ਦੇ ਵਿਕਸਿਤ ਹੋਣ ਕਰਕੇ ਤੇ ਫ਼ਸਲ ਦੇ ਗੋਭ ਤੋਂ ਫੁੱਲ ਪੈਣ ਤਕ ਦੀ ਅਵਸਥਾ ਅਤੇ ਜ਼ਿਆਦਾ ਮੀਂਹ ਪੈਣ ਕਾਰਨ ਇਸ ਰੋਗ ਦੀ ਤੀਬਰਤਾ ਸਾਲ ਦਰ ਸਾਲ ਵਧਦੀ ਜਾਂਦੀ ਹੈ। ਇਸ ਬਿਮਾਰੀ ਦੀ ਉਲੀ ਦੇ ਗੋਲੇ ਮਿੱਟੀ ਤੇ ਬੀਜ 'ਚ ਰਲ ਜਾਂਦੇ ਹਨ, ਜੋ ਅਗਲੇ ਸਾਲ ਬਿਮਾਰੀ ਦੀ ਸ਼ੁਰੂਆਤ ਦਾ ਕਾਰਨ ਬਣਦੇ ਹਨ।

ਨਿਸ਼ਾਨੀਆਂ

ਬਿਮਾਰੀ ਦੀਆਂ ਨਿਸ਼ਾਨੀਆਂ ਸਿਰਫ਼ ਸਿੱਟੇ ਨਿਕਲਣ ਸਮੇਂ ਦਿਖਾਈ ਦਿੰਦੀਆਂ ਹਨ। ਬਿਮਾਰੀ ਦੀ ਉੱਲੀ ਮਿੱਟੀ ਵਿਚੋਂ ਹਵਾ 'ਚ ਰਲ ਜਾਂਦੀ ਹੈ ਤੇ ਫ਼ਸਲ ਦੇ ਨਿਸਰਣ ਸਮੇਂ ਹਮਲਾ ਕਰਦੀ ਹੈ। ਇਸ ਤੋਂ ਪ੍ਰਭਾਵਿਤ ਦਾਣਿਆਂ 'ਤੇ ਉੱਲੀ ਦੇ ਗੋਲੇ ਬਣ ਜਾਂਦੇ ਹਨ। ਸ਼ੁਰੂ 'ਚ ਉੱਲੀ ਦੇ ਗੋਲੇ ਚਿੱਟੇ, ਤੇ ਬਾਅਦ 'ਚ ਸੰਤਰੀ ਤੇ ਅਖ਼ੀਰ 'ਚ ਗੂੜ੍ਹੇ ਹਰੇ ਹੋ ਜਾਂਦੇ ਹਨ। ਬਿਮਾਰੀ ਤੋਂ ਪ੍ਰਭਾਵਿਤ ਦਾਣੇ ਆਕਾਰ 'ਚ ਆਮ ਦਾਣਿਆਂ ਨਾਲੋਂ ਵੱਡੇ ਹੁੰਦੇ ਹਨ। ਇਸ ਦੀ ਰੋਕਥਾਮ ਲਈ ਨਾਈਟ੍ਰੋਜਨ ਖਾਦ ਦੀ ਲੋੜ ਤੋਂ ਜ਼ਿਆਦਾ ਵਰਤੋਂ ਨਹੀਂ ਕਰਨੀ ਚਾਹੀਦੀ। ਜੇ ਖੇਤ ਵਿਚ ਹਰੀ ਖਾਦ ਤੇ ਰੂੜੀ ਪਾਉਣ ਤੋਂ ਬਾਅਦ ਵੀ ਨਾਈਟ੍ਰੋਜਨ ਖਾਦ ਸਿਫਾਰਿਸ਼ ਨਾਲੋਂ ਜ਼ਿਆਦਾ ਮਾਤਰਾ 'ਚ ਪਾਈ ਜਾਵੇ ਤਾਂ ਅਜਿਹੇ ਖੇਤਾਂ 'ਚ ਵੀ ਬਿਮਾਰੀ ਦੀ ਤੀਬਰਤਾ ਵਧੇਰੇ ਨਜ਼ਰ ਆਉਂਦੀ ਹੈ। ਜ਼ਿਆਦਾ ਨਮੀ, ਬੱਦਲਵਾਈ ਵਾਲਾ ਮੌਸਮ ਤੇ ਫੁੱਲ ਨਿਕਲਣ ਸਮੇਂ ਮੀਂਹ ਪੈਣਾ ਬਿਮਾਰੀ ਦੀ ਲਾਗ ਲਈ ਸਹਾਈ ਹੁੰਦਾ ਹੈ। ਝੋਨੇ ਦੇ ਜਿਹੜੇ ਖੇਤਾਂ 'ਚ ਲਗਾਤਾਰ ਪਾਣੀ ਖੜ੍ਹਾ ਰਹਿੰਦਾ ਹੈ, ਉਨ੍ਹਾਂ ਖੇਤਾਂ 'ਚ ਬਿਮਾਰੀ ਵਧੇਰੇ ਆਉਂਦੀ ਹੈ।

ਰੋਕਥਾਮ

ਖੇਤ ਵਿਚ ਲੋੜ ਤੋਂ ਜ਼ਿਆਦਾ ਨਾਈਟ੍ਰੋਜਨ ਖਾਦ ਦੀ ਵਰਤੋਂ ਨਾ ਕਰੋ, ਇਸ ਨਾਲ ਇਹ ਬਿਮਾਰੀ ਵਧੇਰੇ ਫ਼ੈਲਦੀ ਹੈ। ਜੇ ਫਸਲ ਦੇ ਨਿਸਰਣ ਸਮੇਂ ਮੌਸਮ ਜ਼ਿਆਦਾ ਨਮੀ ਵਾਲਾ ਹੋਵੇ ਤਾਂ ਫ਼ਸਲ ਦੇ ਗੋਭ ਵਿਚ ਆਉਣ ਸਮੇਂ, ਜਿਹੜੇ ਖੇਤਾਂ 'ਚ ਪਿਛਲੇ ਸਾਲ ਇਹ ਬਿਮਾਰੀ ਵੇਖੀ ਗਈ ਹੋਵੇ, ਉੱਥੇ ਇਸ ਦੀ ਰੋਕਥਾਮ ਲਈ 500 ਗ੍ਰਾਮ ਕੋਸਾਈਡ 46 ਤਾਕਤ ਨੂੰ 200 ਲੀਟਰ ਪਾਣੀ 'ਚ ਘੋਲ ਕੇ ਪ੍ਰਤੀ ਏਕੜ ਇਕ ਛਿੜਕਾਅ ਕਰੋ। ਜੇ ਫੁੱਲ ਬਣਨ ਸਮੇਂ ਮੌਸਮ ਖ਼ੁਸ਼ਕ ਰਹੇ ਤਾਂ ਫ਼ਸਲ ਬਿਮਾਰੀ ਤੋਂ ਬਚ ਜਾਂਦੀ ਹੈ। ਜੇ ਬਿਮਾਰੀ ਦੀਆਂ ਨਿਸ਼ਾਨੀਆਂ ਫ਼ਸਲ ਦੇ ਨਿਸਰਣ ਤੋਂ ਬਾਅਦ ਨਜ਼ਰ ਆਉਣ ਤਾਂ ਇਸ ਦੀ ਰੋਕਥਾਮ ਲਈ ਉੱਲੀਨਾਸ਼ਕ ਦਾ ਛਿੜਕਾਅ ਕਰਨ ਦਾ ਕੋਈ ਫ਼ਾਇਦਾ ਨਹੀਂ ਹੁੰਦਾ। ਇਸ ਲਈ ਬਿਮਾਰੀ ਦੀ ਸੁਚੱਜੀ ਰੋਕਥਾਮ ਲਈ ਸਮੇਂ ਸਿਰ ਉੱਲੀਨਾਸ਼ਕ ਦਾ ਛਿੜਕਾਅ ਕਰਨਾ ਹੀ ਲਾਭਕਾਰੀ ਰਹਿੰਦਾ ਹੈ। ਅਕਸਰ ਕਿਸਾਨ ਖੇਤ ਵਿਚ ਬਿਮਾਰੀ ਦੀਆਂ ਨਿਸ਼ਾਨੀਆਂ ਦਿਸਣ 'ਤੇ ਹੀ ਉੱਲੀਨਾਸ਼ਕਾਂ ਦਾ ਛਿੜਕਾਅ ਕਰਦੇ ਹਨ, ਇਸ ਨਾਲ ਬਿਮਾਰੀ ਦੀ ਰੋਕਥਾਮ ਨਹੀਂ ਹੁੰਦੀ ਤੇ ਉੱਲੀਨਾਸ਼ਕਾਂ 'ਤੇ ਕੀਤਾ ਗਿਆ ਖ਼ਰਚਾ ਵੀ ਅਜਾਈਂ ਜਾਂਦਾ ਹੈ।

- ਅਮਰਜੀਤ ਸਿੰਘ

94637-47280

Posted By: Harjinder Sodhi