ਕੋਰੋਨਾ ਨਾਂ ਦੇ ਨਿੱਕੇ ਜਿਹੇ ਵਾਇਰਸ ਨੇ ਪੂਰੀ ਦੁਨੀਆ ਨੂੰ ਮੁਕੰਮਲ ਤੌਰ 'ਤੇ ਠੱਪ ਕਰਕੇ ਰੱਖ ਦਿੱਤਾ ਹੈ। ਹਾਲੇ ਤਕ ਇਸ ਬਿਮਾਰੀ ਤੋਂ ਬਚਾਅ ਦਾ ਇੱਕੋ ਇਕ ਤਰੀਕਾ ਸਮਾਜਿਕ ਦੂਰੀ ਬਣਾ ਕੇ ਰੱਖਣਾ ਹੈ। ਕੋਵਿਡ-19 ਮਹਾਮਾਰੀ ਨੇ ਜਿੱਥੇ ਬਾਕੀ ਵਰਗਾਂ ਅੱਗੇ ਚੁਣੌਤੀਆਂ ਖੜ੍ਹੀਆਂ ਕੀਤੀਆਂ ਹਨ ਉੱਥੇ ਕਿਸਾਨ ਅਤੇ ਕਿਰਸਾਨੀ ਵੀ ਬੁਰੀ ਤਰ੍ਹਾਂ ਪ੍ਰਭਾਵਿਤ ਹੋਏ ਹਨ। ਹਾੜੀ ਦੀਆਂ ਫ਼ਸਲਾਂ ਨੂੰ ਸੰਭਾਲਣ ਦਾ ਸਮਾਂ ਸਿਰ 'ਤੇ ਹੈ ਅਤੇ ਕਿਸਾਨਾਂ ਨੂੰ ਚਾਹੀਦਾ ਹੈ ਕਿ ਉਹ ਆਪਣੇ ਆਪ ਨੂੰ ਇਸ ਵਿਸ਼ਾਣੂ ਤੋਂ ਬਚਾਅ ਕੇ ਰੱਖਦੇ ਹੋਏ ਫ਼ਸਲ ਨੂੰ ਸੰਭਾਲਣ। ਇਸ ਦੇ ਲਈ ਕੇਂਦਰ ਤੇ ਸੂਬਾ ਸਰਕਾਰਾਂ ਦੀਆਂ ਹਦਾਇਤਾਂ ਦੀ ਪਾਲਣਾ ਕੀਤੀ ਜਾਵੇ। ਇਸ ਸੰਕਟ ਦੌਰਾਨ ਹਾੜੀ ਦੀਆਂ ਫ਼ਸਲਾਂ ਦੇ ਸੁਰੱਖਿਅਤ ਤੇ ਨਿਰਵਿਘਨ ਮੰਡੀਕਰਨ ਲਈ ਸਰਕਾਰ ਵੱਲੋਂ ਕੁਝ ਨਿਯਮ ਨਿਰਧਾਰਿਤ ਕੀਤੇ ਗਏ ਹਨ। ਕਿਰਸਾਨੀ ਲਈ ਇਹ ਪਰਖ ਦੀ ਘੜੀ ਹੈ ਕਿਉਂਕਿ ਪਿਛਲੇ ਸਾਲ 35 ਲੱਖ ਹੈਕਟੇਅਰ ਰਕਬੇ ਦੀ 182 ਲੱਖ ਟਨ ਪੈਦਾਵਾਰ ਵਿੱਚੋਂ 135 ਲੱਖ ਟਨ ਕਣਕ ਮੰਡੀਆਂ 'ਚ ਆਈ ਸੀ। ਕੇਂਦਰੀ ਭੰਡਾਰ 'ਚ ਇਸੇ ਵਰ੍ਹੇ ਪੰਜਾਬ ਦਾ ਯੋਗਦਾਨ 37.8 ਫ਼ੀਸਦੀ ਸੀ। ਕੋਰੋਨਾ ਦੇ ਖ਼ਤਰਨਾਕ ਦੌਰ ਵਿਚ ਫ਼ਸਲਾਂ ਦੇ ਸੁਚੱਜੇ ਮੰਡੀਕਰਨ ਲਈ ਕਿਸਾਨਾਂ ਨੂੰ ਉਕਤ ਹਦਾਇਤਾਂ ਤੇ ਨਿਯਮਾਂ ਦੀ ਪਾਲਣਾ ਕਰਨੀ ਚਾਹੀਦੀ ਹੈ।

ਕਟਾਈ ਤੇ ਵਿਕਰੀ ਲਈ ਜਾਰੀ ਨਿਯਮ

ਕੰਬਾਈਨ ਨਾਲ ਕਣਕ ਦੀ ਕਟਾਈ ਦਾ ਸਮਾਂ ਸਵੇਰੇ 6 ਤੋਂ ਸ਼ਾਮ 7 ਵਜੇ ਤਕ ਹੈ। ਮਾਰਕੀਟ ਕਮੇਟੀ ਦੇ ਸਕੱਤਰ ਆਪਣੇ ਅਧੀਨ ਮੰਡੀਆਂ 'ਚ ਕਣਕ ਵੇਚਣ ਲਈ ਆੜ੍ਹਤੀਆਂ ਨੂੰ ਕੂਪਨ ਜਾਂ ਪਾਸ ਜਾਰੀ ਕਰਨਗੇ। ਕਿਸਾਨ ਇਕ ਕੂਪਨ 'ਤੇ ਇਕ ਟਰਾਲੀ ਵਿਚ ਕਣਕ ਮੰਡੀ 'ਚ ਲਿਆ ਸਕਦੇ ਹਨ। ਮਾਰਕੀਟ ਕਮੇਟੀ ਵੱਲੋਂ 13 ਅਪ੍ਰੈਲ ਤੋਂ ਪਾਸ ਜਾਰੀ ਕੀਤੇ ਜਾ ਰਹੇ ਹਨ। 15 ਅਪ੍ਰੈਲ ਤੋਂ ਕਣਕ ਦੀ ਖ਼ਰੀਦ ਚਾਲੂ ਹੈ। ਮਾਰਕੀਟ ਕਮੇਟੀ ਇਕ ਸਮੇਂ ਤਿੰਨ ਦਿਨਾਂ ਲਈ ਪਾਸ ਜਾਰੀ ਕਰੇਗੀ। ਹੋਲੋਗ੍ਰਾਮ ਵਾਲਾ ਪਾਸ ਹੀ ਪ੍ਰਮਾਣਿਤ ਹੋਵੇਗਾ। ਕਿਸਾਨ ਆਪਣਾ ਪਾਸ ਪ੍ਰਾਪਤ ਕਰਨ ਲਈ ਆੜ੍ਹਤੀਏ ਨਾਲ ਸੰਪਰਕ ਕਰਨ। ਹਰ ਕਿਸਾਨ ਲਈ ਮੰਡੀ ਨਿਰਧਾਰਿਤ ਕੀਤੀ ਜਾਵੇਗੀ। ਕਿਸਾਨ ਨੂੰ ਪਾਸ ਦੀ ਮਿਤੀ ਵਾਲੇ ਦਿਨ ਹੀ ਫ਼ਸਲ ਮੰਡੀ 'ਚ ਲਿਜਾਣ ਦੀ ਆਗਿਆ ਹੋਵੇਗੀ। ਬਿਨਾਂ ਪਾਸ ਤੋਂ ਕਣਕ ਮੰਡੀ 'ਚ ਨਾ ਲਿਆਂਦੀ ਜਾਵੇ। ਪਾਸ ਨਾਲ ਕਿਸੇ ਕਿਸਮ ਦੀ ਛੇੜ-ਛਾੜ ਕਰਨ 'ਤੇ ਕਾਨੂੰਨੀ ਕਾਰਵਾਈ ਹੋ ਸਕਦੀ ਹੈ। ਕਣਕ ਸਾਫ਼ ਸੁਥਰੀ ਤੇ ਸੁਕਾ ਕੇ ਮੰਡੀ 'ਚ ਲਿਆਂਦੀ ਜਾਵੇ। ਕਣਕ ਦੀ ਲੁਹਾਈ ਮਾਰਕੀਟ ਕਮੇਟੀ ਵੱਲੋਂ ਨਿਸਚਿਤ ਮਿਤੀ ਅਤੇ ਸਥਾਨ ਉੱਪਰ ਹੀ ਕੀਤੀ ਜਾਵੇਗੀ। ਮੰਡੀ ਵਿਚ ਹਰ ਸਮੇਂ ਮਾਸਕ ਜਾਂ ਕੱਪੜੇ ਨਾਲ ਮੂੰਹ ਢੱਕ ਕੇ ਰੱਖਣਾ ਲਾਜ਼ਮੀ ਹੈ। ਸਾਬਣ ਜਾਂ ਸੈਨੇਟਾਈਜ਼ਰ ਨਾਲ ਚੰਗੀ ਤਰ੍ਹਾਂ ਹੱਥ ਸਾਫ਼ ਕਰ ਕੇ ਹੀ ਮੰਡੀ ਅੰਦਰ ਦਾਖ਼ਲ ਹੋਣਾ ਪਵੇਗਾ। ਮੰਡੀ ਵਿਚ ਥੁੱਕਣਾ ਮਨ੍ਹਾਂ ਹੋਵੇਗਾ। ਕਿਸਾਨ ਮੰਡੀ 'ਚ ਇਕੱਲਿਆਂ ਆਉਣ ਨੂੰ ਤਰਜੀਹ ਦੇਣ। ਇਕ ਤੋਂ ਵੱਧ ਵਿਅਕਤੀ ਨੂੰ ਮੰਡੀ ਵਿਚ ਨਾਲ ਲਿਆਉਣ ਤੋਂ ਗੁਰੇਜ ਕੀਤਾ ਜਾਵੇ। ਕਿਸਾਨਾਂ ਲਈ ਇਕ ਦੂਜੇ ਤੋਂ ਆਪਸੀ ਦੂਰੀ ਘੱਟੋ-ਘੱਟ 6 ਫੁੱਟ ਨੂੰ ਯਕੀਨੀ ਬਣਾਉਣਾ ਲਾਜ਼ਮੀ ਹੈ। ਮੰਡੀ ਵਿਚ ਕਿਸਾਨਾਂ ਲਈ ਮਾਰਕੀਟ ਕਮੇਟੀ ਵੱਲੋਂ ਪੀਣਯੋਗ ਪਾਣੀ ਮੁਹੱਈਆ ਕਰਵਾਇਆ ਜਾਵੇਗਾ।

ਫ਼ਸਲਾਂ ਲਈ ਮਾਪਦੰਡ

ਜਿਣਸ ਨੂੰ ਨਿਰਧਾਰਿਤ ਮਾਪਦੰਡਾਂ ਅਨੁਸਾਰ ਹੀ ਮੰਡੀ 'ਚ ਲੈ ਕੇ ਜਾਵੋ। ਕਣਕ 'ਚ ਨਮੀ ਦੀ ਮਾਤਰਾ 12 ਫ਼ੀਸਦੀ ਤੋਂ ਘੱਟ ਹੋਣੀ ਚਾਹੀਦੀ ਹੈ ਜਦਕਿ ਬਾਹਰੀ ਵਸਤਾਂ 0.75 ਫ਼ੀਸਦੀ, ਹੋਰਨਾਂ ਫ਼ਸਲਾਂ ਦੇ ਦਾਣੇ 2 ਫ਼ੀਸਦੀ, ਖ਼ਰਾਬ ਦਾਣੇ 2 ਫ਼ੀਸਦੀ, ਘੱਟ ਖ਼ਰਾਬ ਦਾਣੇ 4 ਫ਼ੀਸਦੀ ਤੇ ਟੁੱਟੇ ਹੋਏ ਦਾਣੇ 6 ਫ਼ੀਸਦੀ ਤੋਂ ਜਿਆਦਾ ਨਾ ਹੋਣ। ਜੌਂ, ਛੌਲੇ, ਮਸਰ ਲਈ ਨਮੀ ਦੀ ਵੱਧ ਤੋਂ ਵੱਧ ਮਾਤਰਾ 12 ਫ਼ੀਸਦੀ ਤੇ ਸਰ੍ਹੋਂ ਲਈ 8 ਫ਼ੀਸਦੀ ਹੈ।

ਘੱਟੋ ਘੱਟ ਸਮਰਥਨ ਮੁੱਲ

2019-20 ਦੇ ਘੱਟੋ ਘੱਟ ਸਮਰਥਨ ਮੁੱਲ ਅਨੁਸਾਰ ਕਣਕ ਦਾ ਭਾਅ ਸਰਕਾਰ ਨੇ 1840 ਰੁਪਏ ਤੋਂ ਵਧਾ ਕੇ 1925 ਰੁਪਏ ਪ੍ਰਤੀ ਕੁਇੰਟਲ ਕਰ ਦਿੱਤਾ ਹੈ। ਜੌਂ 1440 ਰੁਪਏ ਤੋਂ ਵਧਾ ਕੇ 1525 ਰੁਪਏ, ਛੋਲਿਆਂ ਦਾ ਭਾਅ 4620 ਤੋਂ ਵਧਾ ਕੇ 4875 ਰੁਪਏ, ਮਸਰਾਂ ਦਾ ਭਾਅ 4475 ਤੋਂ 4800 ਰੁਪਏ ਪ੍ਰਤੀ ਕੁਇੰਟਲ ਕੀਤਾ ਗਿਆ ਹੈ। ਸਰ੍ਹੋਂ ਦਾ ਮੁੱਲ 4200 ਤੋਂ 4425 ਰੁਪਏ ਤੇ ਸੂਰਜਮੁਖੀ ਦਾ ਮੁੱਲ 5388 ਰੁਪਏ ਤੋਂ 5650 ਰੁਪਏ ਪ੍ਰਤੀ ਕੁਇੰਟਲ ਕੀਤਾ ਗਿਆ ਹੈ।

ਲੇਬਰ ਖ਼ਰਚੇ

ਕਿਸਾਨ ਨੇ ਫ਼ਸਲ ਵੇਚਣ ਸਮੇਂ ਲੁਹਾਈ ਤੇ ਸਫ਼ਾਈ ਦਾ ਖ਼ਰਚਾ ਹੀ ਦੇਣਾ ਹੈ। ਇਸ ਸਾਲ ਕਣਕ ਦੀ 50 ਕਿੱਲੋ, ਜੌਆਂ ਦੀ 35 ਕਿੱਲੋ, ਸਰ੍ਹੋਂ ਦੀ 40 ਕਿੱਲੋ ਤੇ ਮਸਰਾਂ ਦੀ 50 ਕਿੱਲੋ ਬੋਰੀ ਦੀ ਲੁਹਾਈ ਦਾ ਖ਼ਰਚਾ 2.15 ਰੁਪਏ ਹੈ ਅਤੇ ਮਸ਼ੀਨ ਨਾਲ ਜਿਣਸ ਦੀ ਸਫ਼ਾਈ ਦਾ ਖ਼ਰਚਾ 3.85 ਰੁਪਏ ਹੈ। ਇਨ੍ਹਾਂ ਫ਼ਸਲਾਂ ਲਈ ਕਿਸਾਨ ਨੇ ਕੁੱਲ 6 ਰੁਪਏ ਪ੍ਰਤੀ ਇਕਾਈ ਦੇਣੇ ਹਨ। ਕਣਕ ਦੀ 30 ਕਿੱਲੋ ਦੀ ਬੋਰੀ ਦੀ ਲੁਹਾਈ ਤੇ ਸਫ਼ਾਈ ਦਾ ਖ਼ਰਚ ਕ੍ਰਮਵਾਰ 1.30 ਰੁਪਏ ਤੇ 2.30 ਰੁਪਏ ਹੈ। ਸੂਰਜਮੁਖੀ ਦੀ 40 ਕਿਲੋਗ੍ਰਾਮ ਦੀ ਭਰਾਈ ਤੇ ਲੁਹਾਈ 3.16 ਰੁਪਏ ਤੇ ਸਫ਼ਾਈ ਦਾ ਖ਼ਰਚਾ 3.34 ਰੁਪਏ ਹੈ।

ਸਾਵਧਾਨੀਆਂ

ਜਿਣਸ ਦੀ ਬੋਲੀ ਤੇ ਤੁਲਾਈ ਸਮੇਂ ਕਿਸਾਨ ਆਪਣੀ ਢੇਰੀ ਕੋਲ ਰਹਿਣ। ਜੇ ਕਿਸਾਨ ਨੂੰ ਤੁਲਾਈ 'ਚ ਧਾਂਦਲੀ ਦਾ ਸ਼ੱਕ ਹੋਵੇ ਤਾਂ ਉਹ ਤੋਲੀ ਗਈ ਜਿਣਸ ਦੀ 'ਪਰਖ ਤੁਲਾਈ' ਕਰਵਾ ਸਕਦਾ ਹੈ। 10 ਫ਼ੀਸਦੀ ਤਕ ਤੁਲਾਈ ਬਿਨਾਂ ਫੀਸ ਕਰਵਾਈ ਜਾ ਸਕਦੀ ਹੈ। ਜੇ ਬੋਰੀ 'ਚੋਂ ਵੱਧ ਵਜ਼ਨ ਨਿਕਲੇ ਤਾਂ ਕਿਸਾਨ ਉਸ ਦੀ ਕੀਮਤ ਲੈਣ ਦਾ ਹੱਕਦਾਰ ਹੈ ਤੇ ਦੋਸ਼ੀ ਆੜ੍ਹਤੀਏ ਨੂੰ ਜੁਰਮਾਨਾ ਹੋ ਸਕਦਾ ਹੈ। ਫ਼ਸਲ ਵੇਚਣ ਤੋਂ ਬਾਅਦ 'ਫਾਰਮ ਜੇ' ਪ੍ਰਾਪਤ ਕਰੋ। ਸਰਕਾਰ ਵੱਲੋਂ ਸਮੇਂ-ਸਮੇਂ ਦਿੱਤੇ ਜਾਣ ਵਾਲੇ ਬੋਨਸ ਦਾ ਲਾਭ ਲੈਣ ਲਈ ਕਿਸਾਨ ਕੋਲ ਇਹ ਫਾਰਮ ਹੋਣਾ ਜ਼ਰੂਰੀ ਹੈ।

ਫ਼ਸਲ ਦੀ ਕਟਾਈ ਲਈ ਅਗਾਊਂ ਪ੍ਰਬੰਧ

ਸੁਚੱਜੇ ਮੰਡੀਕਰਨ ਲਈ ਫ਼ਸਲ ਦੀ ਵੇਲੇ ਸਿਰ ਕਟਾਈ ਕਰਨੀ ਬੇਹੱਦ ਜ਼ਰੂਰੀ ਹੈ। ਜੇਕਰ ਕਟਾਈ ਫ਼ਸਲ ਦੇ ਪੱਕਣ ਤੋਂ ਪਹਿਲਾਂ ਜਾਂ ਦੇਰੀ ਨਾਲ ਕੀਤੀ ਜਾਵੇ ਤਾਂ ਉਪਜ ਦੀ ਗੁਣਵੱਤਾ 'ਚ ਗਿਰਾਵਟ ਆ ਜਾਂਦੀ ਹੈ ਤੇ ਮੰਡੀ ਵਿਚ ਕੀਮਤ ਘੱਟ ਮਿਲਦੀ ਹੈ। ਜਿਣਸ ਨੂੰ ਮੰਡੀ 'ਚ ਲਿਜਾਣ ਤੋਂ ਪਹਿਲਾਂ ਕਿਸਾਨ ਆਪਣੇ ਆੜ੍ਹਤੀ ਪਾਸੋਂ ਆਪਣੇ ਪਾਸ ਦੀ ਪ੍ਰਾਪਤੀ, ਕਿੰਨੀ ਮਾਤਰਾ 'ਚ ਜਿਣਸ ਲੈ ਕੇ ਆਉਣੀ ਹੈ, ਮੌਜੂਦਾ ਕੀਮਤ ਆਦਿ।ਬਾਰੇ ਵਿਸਥਾਰ ਨਾਲ ਜਾਣਕਾਰੀ ਜ਼ਰੂਰ ਪ੍ਰਾਪਤ ਕਰਨ। ਇਸ ਵਾਰ ਕਿਸਾਨਾਂ ਨੂੰ ਕਟਾਈ ਤੋਂ ਬਾਅਦ ਫ਼ਸਲ ਨੂੰ ਆਪਣੇ ਘਰ ਵਿਚ ਸਟੋਰ ਕਰਨਾ ਪੈ ਸਕਦਾ ਹੈ ਇਸ ਲਈ।ਘਰ ਵਿਚ ਪਹਿਲਾਂ ਇਸ ਨੂੰ ਸਟੋਰ ਕਰਨ ਲਈ ਜਗ੍ਹਾ ਦਾ ਪ੍ਰਬੰਧ ਜ਼ਰੂਰ ਕਰ ਲਿਆ ਜਾਵੇ।

- ਗੁਰਜਿੰਦਰ ਸਿੰਘ ਰੋਮਾਣਾ

Posted By: Harjinder Sodhi