ਵਧੀਆ ਫ਼ਸਲੀ ਉਪਜ ਲਈ ਬੀਜ ਇਕ ਮੂਲ ਤੇ ਸਾਧਨ ਹੈ। ਮੱਕੀ, ਸੂਰਜਮੁਖੀ ਤੇ ਕਪਾਹ ਦੇ ਹਾਈਬ੍ਰਿਡ ਬੀਜਾਂ ਦੀ ਪੈਦਾਵਾਰ ਤੇ ਵਿਕਰੀ ਵਿਚ ਨਿੱਜੀ ਖੇਤਰ ਦੀਆਂ ਕੰਪਨੀਆਂ ਦਾ ਮਹੱਤਵਪੂਰਨ ਸਥਾਨ ਹੈ। ਸਾਲ 2017-18 ਦੌਰਾਨ ਦੇਸ਼ ਵਿਚ ਮੱਕੀ ਦੇ ਮਿਆਰੀ ਬੀਜਾਂ ਦੀ ਕੁੱਲ ਜ਼ਰੂਰਤ 14.46 ਲੱਖ ਕੁਇੰਟਲ ਸੀ, ਜਿਸ ਵਿੱਚੋਂ 91 ਫ਼ੀਸਦੀ ਬੀਜ ਨਿੱਜੀ ਖੇਤਰ ਦੀਆਂ ਕੰਪਨੀਆਂ ਦੁਆਰਾ ਮੁਹੱਈਆ ਕਰਵਾਏ ਗਏ। ਇਸੇ ਤਰ੍ਹਾਂ ਸੂਰਜਮੁਖੀ ਦੇ 0.20 ਲੱਖ ਕੁਇੰਟਲ ਮਿਆਰੀ ਬੀਜਾਂ ਦੀ ਕੁੱਲ ਜ਼ਰੂਰਤ ਦੇ 95 ਫ਼ੀਸਦੀ ਹਿੱਸੇ ਦੀ ਪੂਰਤੀ ਨਿੱਜੀ ਖੇਤਰ ਦੀਆਂ ਕੰਪਨੀਆਂ ਨੇ ਕੀਤੀ। ਸਥਿਤੀ ਦਾ ਫਾਇਦਾ ਉਠਾਉਂਦਿਆਂ ਵਪਾਰੀਆਂ ਨੂੰ ਬਾਜ਼ਾਰ ਵਿਚ ਜ਼ਿਆਦਾ ਕੀਮਤ 'ਤੇ ਗ਼ੈਰਮਿਆਰੀ ਬੀਜ ਵੇਚਣ ਦਾ ਮੌਕਾ ਮਿਲ ਜਾਂਦਾ ਹੈ। ਫ਼ਸਲੀ ਵਿਭਿੰਨਤਾ ਨੂੰ ਉਤਸ਼ਾਹਿਤ ਕਰਨ ਲਈ, ਖੇਤੀਬਾੜੀ ਵਿਭਾਗ ਤੇ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਵੱਲੋਂ ਕਿਸਾਨਾਂ ਨੂੰ ਮੱਕੀ ਦੇ ਬੀਜਾਂ 'ਤੇ ਸਬਸਿਡੀ ਦੀ ਸਹੂਲਤ ਦੇ ਨਾਲ-ਨਾਲ ਹਾਈਬ੍ਰਿਡ ਬੀਜ ਪੈਦਾ ਕਰਨ ਲਈ ਮੁਫ਼ਤ ਸਿਖਲਾਈ ਦਿੱਤੀ ਜਾਂਦੀ ਹੈ।

ਮੱਕੀ ਦੇ ਹਾਈਬ੍ਰਿਡ ਬੀਜਾਂ ਦਾ ਉਤਪਾਦਨ

ਵਿਸ਼ਵ ਵਿਚ ਮੱਕੀ ਦੇ ਕੁੱਲ ਉਤਪਾਦਨ 'ਚ ਲਗਪਗ ਦੋ ਫ਼ੀਸਦੀ ਹਿੱਸੇਦਾਰੀ ਨਾਲ ਭਾਰਤ 7ਵੇਂ ਸਥਾਨ 'ਤੇ ਹੈ। ਸਾਲ 2017-18 ਵਿਚ ਦੇਸ਼ 'ਚ 9.47 ਮਿਲੀਅਨ ਹੈਕਟੇਅਰ ਰਕਬੇ 'ਚ ਮੱਕੀ ਦੀ ਕਾਸ਼ਤ ਕੀਤੀ ਗਈ ਤੇ ਔਸਤਨ 3032 ਕਿੱਲੋ ਪ੍ਰਤੀ ਹੈਕਟੇਅਰ ਝਾੜ ਦੇ ਨਾਲ 28.72 ਮਿਲੀਅਨ ਟਨ ਪੈਦਾਵਾਰ ਹੋਈ ਸੀ। ਕਰਨਾਟਕ, ਮਹਾਰਾਸ਼ਟਰ ਤੇ ਮੱਧ ਪ੍ਰਦੇਸ਼ ਇਸ ਦੇ ਮੁੱਖ ਉਤਪਾਦਕ ਸੂਬੇ ਹਨ। ਇਨ੍ਹਾਂ ਸੂਬਿਆਂ ਨੇ 2017-18 ਦੌਰਾਨ ਦੇਸ਼ ਦੇ ਕੁੱਲ ਮੱਕੀ ਉਤਪਾਦਨ 'ਚ ਕ੍ਰਮਵਾਰ 12.36, 12.33 ਤੇ 12.32 ਫ਼ੀਸਦੀ ਯੋਗਦਾਨ ਪਾਇਆ। ਪੰਜਾਬ ਦਾ ਹਿੱਸਾ ਸਿਰਫ 1.47 ਫ਼ੀਸਦੀ ਸੀ। ਸੂਬੇ ਵਿਚ 2017-18 ਦੌਰਾਨ ਮੱਕੀ ਅਧੀਨ 1.14 ਲੱਖ ਹੈਕਟੇਅਰ ਰਕਬਾ ਸੀ, ਜਿਸ ਵਿੱਚੋਂ 23.23 ਲੱਖ ਟਨ ਪੈਦਾਵਾਰ ਹੋਈ। ਮੱਕੀ ਦਾ ਝਾੜ 3708 ਕਿੱਲੋਗ੍ਰਾਮ ਪ੍ਰਤੀ ਹੈਕਟੇਅਰ ਆਇਆ।

ਸੂਬੇ ਦੀ ਮੱਕੀ ਦੀ ਮੰਗ ਇਸ ਦੇ ਉਤਪਾਦਨ ਨਾਲੋਂ ਜ਼ਿਆਦਾ ਹੋਣ ਕਾਰਨ ਇਸ ਦੀ ਪੂਰਤੀ ਕਈ ਵਾਰੀ ਬਾਹਰਲੇ ਸੂਬਿਆਂ ਤੋਂ ਖ਼ਰੀਦ ਕੇ ਪੂਰੀ ਕੀਤੀ ਜਾਂਦੀ ਹੈ। ਹੁਸ਼ਿਆਰਪੁਰ, ਰੋਪੜ, ਸ਼ਹੀਦ ਭਗਤ ਸਿੰਘ ਨਗਰ, ਜਲੰਧਰ ਤੇ ਸਾਹਿਬਜ਼ਾਦਾ ਅਜੀਤ ਸਿੰਘ ਨਗਰ ਮੁੱਖ ਮੱਕੀ ਉਤਪਾਦਕ ਜ਼ਿਲ੍ਹੇ ਹਨ। ਇਨ੍ਹਾਂ ਜ਼ਿਲ੍ਹਿਆਂ ਨੇ 2017-18 ਵਿਚ ਸੂਬੇ ਦੇ ਕੁੱਲ ਮੱਕੀ ਉਤਪਾਦਨ 'ਚ ਕ੍ਰਮਵਾਰ 46.57, 21.51, 7.80, 6.62 ਤੇ 5.91 ਫ਼ੀਸਦੀ ਹਿੱਸਾ ਪਾਇਆ। ਮੱਕੀ ਦੀ ਬਿਜਾਈ ਮੁੱਖ ਤੌਰ 'ਤੇ ਸਾਉਣੀ ਦੇ ਮੌਸਮ ਵਿਚ ਮਈ ਦੇ ਅਖ਼ੀਰ 'ਚ ਸ਼ੁਰੂ ਹੁੰਦੀ ਹੈ। ਪਿਛਲੇ ਕੁਝ ਸਾਲਾਂ ਤੋਂ ਆਲੂ ਵਾਲੇ ਇਲਾਕਿਆਂ 'ਚ ਬਹਾਰ ਰੁੱਤ ਦੀ ਮੱਕੀ ਦੀ ਕਾਸ਼ਤ ਦਾ ਰੁਝਾਨ ਵੇਖਣ 'ਚ ਆਇਆ। ਜ਼ਮੀਨਦੋਜ਼ ਪਾਣੀ ਦੇ ਨਿਘਾਰ ਦੀ ਸਮੱਸਿਆ ਨਾਲੰ ਨਜਿੱਠਣ ਲਈ ਮੱੱਕੀ ਸਭ ਤੋਂ ਅਹਿਮ ਫ਼ਸਲ ਹੈ। ਇਸ ਤੋਂ ਇਲਾਵਾ ਜਿਹੜੇ ਇਲਾਕਿਆਂ 'ਚ ਸਿੰਚਾਈ ਲਈ ਟਿਊਬਵੈੱਲ ਚਲਾਉਣ ਲਈ ਡੀਜ਼ਲ 'ਤੇ ਖ਼ਰਚਾ ਕਰਨਾ ਪੈਂਦਾ ਹੈ, ਉਨ੍ਹਾਂ ਇਲਾਕਿਆਂ ਲਈ ਵੀ ਮੱਕੀ ਅਨੁਕੂਲ ਫ਼ਸਲ ਹੈ। ਪੰਜਾਬ 'ਚ ਜ਼ਿਆਦਾਤਰ ਮੱਕੀ ਦੀਆਂ ਹਾਈਬ੍ਰਿਡ ਕਿਸਮਾਂ ਬੀਜੀਆਂ ਜਾਂਦੀਆਂ ਹਨ। ਕਿਸਾਨਾਂ ਨੂੰ ਇਸਦਾ ਬੀਜ ਹਰ ਸਾਲ ਨਵਾਂ ਲੈਣਾ ਪਂੈਦਾ ਹੈ ਜੋ ਕਾਫ਼ੀ ਮਹਿੰਗਾ ਹੁੰਦਾ ਹੈ। ਇਸ ਲਈ ਜੇ ਕਿਸਾਨ ਮੱਕੀ ਦਾ ਹਾਈਬ੍ਰਿਡ ਬੀਜ ਆਪ ਤਿਆਰ ਕਰਨ ਤਾਂ ਉਨ੍ਹਾਂ ਦਾ ਇਹ ਖ਼ਰਚਾ ਘਟ ਸਕਦਾ ਹੈ ਤੇ ਆਮਦਨ 'ਚ ਵਾਧਾ ਹੋ ਸਕਦਾ ਹੈ। ਕਿਸਾਨ ਹਾਈਬ੍ਰਿਡ ਬੀਜ ਦੇ ਉਤਪਾਦਨ ਨੂੰ ਵਪਾਰਕ ਧੰਦੇ ਵਜੋਂ ਵੀ ਅਪਣਾ ਸਕਦੇ ਹਨ। ਸਭ ਤੋ ਪਹਿਲਾਂ ਇਸ ਦੀ ਆਰਥਿਕਤਾ ਬਾਰੇ ਜਾਣੂ ਹੋਣਾ ਬਹੁਤ ਜ਼ਰੂਰੀ ਹੈ। ਮੱਕੀ ਦੇ ਹਾਈਬ੍ਰਿਡ ਬੀਜ ਉਤਪਾਦਨ ਵਿਚ ਹੋਣ ਵਾਲੇ ਖ਼ਰਚਿਆਂ ਤੇ ਆਮਦਨ ਦੇ ਅਧਿਐਨ ਤੋਂ ਪਤਾ ਲੱਗਦਾ ਹੈ ਕਿ ਬੀਜ ਤੇ ਇਸ ਦੀ ਸੋਧ ਉਪਰ 2422 ਰੁਪਏ ਖ਼ਰਚਾ ਆਉਂਦਾ ਹੈ, ਜਿਸ ਵਿਚ ਮਾਦਾ ਤੇ ਨਰ ਬੀਜ ਉੱਪਰ ਖ਼ਰਚਾ ਕ੍ਰਮਵਾਰ 1800 ਤੇ 600 ਰੁਪਏ ਪ੍ਰਤੀ ਏਕੜ ਹੁੰਦਾ ਹੈ। ਰਸਾਇਣਿਕ ਖਾਦਾਂ ਤੇ ਕੁਲ ਖ਼ਰਚਾ 3405 ਰੁਪਏ ਪ੍ਰਤੀ ਏਕੜ ਆਉਂਦਾ ਹੈ। ਵੇਖਣ ਵਿਚ ਆਇਆ ਹੈ ਕਿ ਕੁੱਲ ਚਲੰਤ ਖ਼ਰਚੇ ਦਾ ਲਗਪਗ 58 ਫ਼ੀਸਦੀ ਖ਼ਰਚਾ (18 ਹਜ਼ਾਰ ਰੁਪਏ ਪ੍ਰਤੀ ਏਕੜ) ਲੇਬਰ 'ਤੇ ਆÀੁਂਦਾ ਹੈ। ਨਦੀਨਨਾਸ਼ਕ/ਕੀਟਨਾਸ਼ਕ ਰਸਇਣਾਂ 'ਤੇ 3.2 ਫ਼ੀਸਦੀ ਅਤੇ ਟਰਾਂਸਪੋਰਟ/ਮੰਡੀਕਰਨ ਲਈ 6.3 ਫ਼ੀਸਦੀ ਖ਼ਰਚਾ ਆÀੁਂਦਾ ਹੈ। ਇਸ ਤਰ੍ਹਾਂ ਮੱਕੀ ਦੇ ਹਾਈਬ੍ਰਿਡ ਬੀਜ ਉਤਪਾਦਨ 'ਤੇ ਕੁੱਲ ਚਲੰਤ ਖ਼ਰਚੇ 31,089 ਰੁਪਏ ਪ੍ਰਤੀ ਏਕੜ ਆÀੁਂਦੇ ਹਨ। ਹਾਈਬ੍ਰਿਡ ਬੀਜ ਦਾ ਔਸਤ ਝਾੜ 6 ਕੁਇੰਟਲ ਪ੍ਰਤੀ ਏਕੜ ਤਕ ਹੁੰਦਾ ਹੈ ਤੇ ਇਸ ਤੋਂ ਕੁੱਲ ਆਮਦਨ 1,12,600 ਰੁਪਏ ਬਣਦੀ ਹੈ। ਮੱਕੀ ਦੇ ਹਾਈਬ੍ਰਿਡ ਬੀਜ ਉਤਪਾਦਨ ਤੋਂ ਹੋਣ ਵਾਲੀ ਆਮਦਨ ਤੇ ਖਰਚਿਆਂ ਦੇ ਅਧਿਐਨ ਤੋਂ ਪਤਾ ਚੱਲਦਾ ਹੈ ਕਿ ਇਸ ਤੋਂ ਨਿਰੋਲ ਆਮਦਨ 81,511 ਰੁਪਏ ਪ੍ਰਤੀ ਏਕੜ ਤਕ ਹੋ ਸਕਦੀ ਹੈ।

ਸੂਰਜਮੁਖੀ ਦੇ ਹਾਈਬ੍ਰਿਡ ਬੀਜਾਂ ਦਾ ਉਤਪਾਦਨ

ਖਾਣ ਵਾਲੇ ਕੁੱਲ ਤੇਲਾਂ ਦੀ ਖਪਤ 'ਚ ਸੂਰਜਮੁਖੀ ਦੇ ਤੇਲ ਦਾ ਹਿੱਸਾ ਲਗਾਤਾਰ ਵੱਧ ਰਿਹਾ ਹੈ। ਪੰਜਾਬ ਵਿਚ ਇਸ ਫ਼ਸਲ ਦੀ ਕਾਸ਼ਤ ਹੇਠ 2017-18 ਦੌਰਾਨ ਲਗਪਗ ਛੇ ਹਜਾਰ ਹੈਕਟੇਅਰ ਰਕਬਾ ਸੀ। ਇਸ ਦਾ ਔਸਤ ਝਾੜ 1840 ਕਿੱਲੋਗ੍ਰਾਮ ਪ੍ਰਤੀ ਹੈਕਟੇਅਰ ਆਇਆ ਤੇ ਕੁੱਲ ਉਤਪਾਦਨ 10.5 ਹਜ਼ਾਰ ਟਨ ਸੀ। ਕਿਸਾਨਾਂ ਦੁਆਰਾ ਸੂਰਜਮੁਖੀ ਦੀਆਂ ਦੋਗਲੀਆਂ ਕਿਸਮਾਂ ਬੀਜੀਆਂ ਜਾਂਦੀਆਂ ਹਨ ਜਿਨ੍ਹ ਦਾ ਝਾੜ ਆਮ ਤੌਰ 'ਤੇ 7-8 ਕੁਇੰਟਲ ਪ੍ਰਤੀ ਏਕੜ ਹੁੰਦਾ ਹੈ। ਸੂਰਜਮੁਖੀ ਦਾ ਹਾਈਬ੍ਰਿਡ ਤਿਆਰ ਕਰਨ ਲਈ ਇਸ ਦੇ ਬੀਜ ਅਤੇ ਉਸ ਦੀ ਸੋਧ ਉੱਪਰ 1023 ਰੁਪਏ ਖ਼ਰਚ ਆਉਂਦਾ ਹੈ ਤੇ ਕੁੱਲ ਖ਼ਰਚੇ ਦਾ ਲਗਪਗ 68 ਫ਼ੀਸਦੀ ਖ਼ਰਚਾ (20,250 ਰੁਪਏ ਪ੍ਰਤੀ ਏਕੜ) ਲੇਬਰ 'ਤੇ ਆÀੁਂਦਾ ਹੈ ਕਿਉਂਕਿ ਇਸ ਫ਼ਸਲ ਦੇ ਜ਼ਿਆਦਾਤਰ ਕੰਮ, ਜਿਵੇਂ ਕਿ ਗੋਡੀ, ਵਾਧੂ ਬੂਟੇ ਕੱਢਣਾ, ਨਦੀਨ ਨਾਸ਼ਕਾਂ ਤੇ ਕੀਟਨਾਸ਼ਕਾਂ ਦੇ ਛਿੜਕਾਅ, ਕਟਾਈ, ਝੜਾਈ ਆਦਿ ਲੇਬਰ 'ਤੇ ਨਿਰਭਰ ਕਰਦੇ ਹਨ। ਟ੍ਰੈਕਟਰ ਦੀ ਵਰਤੋਂ 'ਤੇ ਖ਼ਰਚਾ 3185 ਰੁਪਏ ਪ੍ਰਤੀ ਏਕੜ ਆਉਂਦਾ ਹੈ। ਇਸ ਤੋਂ ਇਲਾਵਾ ਨਦੀਨ ਨਾਸ਼ਕ ਤੇ ਕੀਟਨਾਸ਼ਕ ਦਵਾਈਆਂ ਅਤੇ ਸਿੰਜਾਈ 'ਤੇ ਖ਼ਰਚਾ ਕ੍ਰਮਵਾਰ 768 ਤੇ 675 ਰੁਪਏ ਪ੍ਰਤੀ ਏਕੜ ਆÀੁਂਦਾ ਹੈ। ਰਸਾਇਣਿਕ ਖਾਦਾਂ 'ਤੇ ਕੁੱਲ ਖ਼ਰਚਾ 1208 ਰੁਪਏ ਪ੍ਰਤੀ

ਏਕੜ ਆਉਂਦਾ ਹੈ, ਜੋ ਕੁੱਲ ਖ਼ਰਚੇ ਦਾ ਲਗਪਗ 4 ਫ਼ੀਸਦੀ ਹੈ। ਸੂਰਜਮੁਖੀ ਦੇ ਹਾਈਬ੍ਰਿਡ ਬੀਜ ਉਤਪਾਦਨ 'ਤੇ ਕੁੱਲ 29,611 ਰੁਪਏ ਪ੍ਰਤੀ ਏਕੜ ਖ਼ਰਚ ਆÀੁਂਦਾ ਹੈ। ਹਾਈਬ੍ਰਿਡ ਬੀਜ ਦਾ ਝਾੜ ਔਸਤ 2.5 ਕੁਇੰਟਲ ਪ੍ਰਤੀ ਏਕੜ ਤਕ ਹੋ ਸਕਦਾ ਹੈ। ਇਸ ਤੋਂ ਕੁੱਲ ਆਮਦਨ 77,694 ਰੁਪਏ ਤੇ ਨਿਰੋਲ ਆਮਦਨ 48,083 ਰੁਪਏ ਪ੍ਰਤੀ ਏਕੜ ਹੋ ਸਕਦੀ ਹੈ, ਜੋ ਕਿ ਆਮ ਸੂਰਜਮੁਖੀ ਦੀ ਕਾਸ਼ਤ ਨਾਲੋਂ ਬਹੁਤ ਜ਼ਿਆਦਾ ਹੈ। ਅਗਾਂਹਵਧੂ ਕਿਸਾਨ ਹਾਈਬ੍ਰਿਡ ਬੀਜ ਦੇ ਉਤਪਾਦਨ ਸਬੰਧੀ ਸਿਖਲਾਈ ਲੈ ਕੇ ਇਸ ਨੂੰ ਵਪਾਰਕ ਪੱਧਰ 'ਤੇ ਅਪਣਾ ਸਕਦੇ ਹਨ।

- ਰਾਜ ਕੁਮਾਰ

Posted By: Harjinder Sodhi