ਅਗਾਂਹ ਵਧੂ ਕਿਸਾਨਾਂ ਦੀ ਸਫਲਤਾ ਦੀਆਂ ਕਹਾਣੀਆਂ ਖੇਤੀ ਪ੍ਰਸਾਰ ਦਾ ਮੁੱਖ ਹਿੱਸਾ ਹੈ। ਕਿਸਾਨਾਂ ਵੱਲੋਂ ਆਧੁਨਿਕ ਤਕਨੀਕਾਂ ਨਾਲ ਪ੍ਰਾਪਤ ਕੀਤੀ ਇਹ ਕਾਮਯਾਬੀ ਦੂਜੇ ਕਿਸਾਨਾਂ ਲਈ ਪ੍ਰੇਰਣਾ ਹੈ। ਅਸੀਂ ਜਲੰਧਰ ਜ਼ਿਲ੍ਹੇ ਦੇ ਕੁਝ ਅਗਾਂਹ ਵਧੂ ਕਿਸਾਨਾਂ ਦਾ ਜ਼ਿਕਰ ਕਰ ਰਹੇ ਹਾਂ ਜਿਨ੍ਹਾਂ ਨੇ ਨਵੀਆਂ ਖੇਤੀ ਤਕਨੀਕਾਂ ਅਪਣਾ ਕੇ ਇਸ ਖੇਤਰ 'ਚ ਨਵੇਂ ਮੀਲ ਪੱਥਰ ਕਾਇਮ ਕੀਤੇ ਹਨ।

ਜ਼ਿਲ੍ਹੇ ਦਾ ਖੇਤੀ ਅਧੀਨ ਰਕਬਾ

ਪੰਜਾਬ ਦੇ ਕੇਂਦਰੀ ਜ਼ਿਲ੍ਹੇ ਜਲੰਧਰ ਦੇ ਕੁੱਲ 2.42 ਲੱਖ ਹੈਕਟੇਅਰ ਰਕਬੇ 'ਚੋਂ 70 ਫ਼ੀਸਦੀ ਰਕਬੇ 'ਚ ਕਣਕ-ਝੋਨੇ ਦੀ ਖੇਤੀ ਕੀਤੀ ਜਾਂਦੀ ਹੈ। ਬਾਕੀ ਜ਼ਿਲ੍ਹਿਆਂ ਵਾਂਗ ਇਸ ਜ਼ਿਲ੍ਹੇ ਦਾ ਜ਼ਮੀਨਦੋਜ਼ ਪਾਣੀ ਵੀ ਸਾਲਾਨਾ 50 ਸੈਂਟੀਮੀਟਰ ਦੀ ਰਫ਼ਤਾਰ ਨਾਲ ਹੇਠਾਂ ਜਾ ਰਿਹਾ ਹੈ। ਸਬਜ਼ੀਆਂ ਦੀ ਖੇਤੀ ਵਿਚ ਅਲੂਆਂ ਅਧੀਨ 22 ਹਜ਼ਾਰ ਹੈਕਟੇਅਰ ਰਕਬਾ ਹੈ ਤੇ ਅਲੂਆਂ ਦੇ ਬੀਜ ਦੀ ਪੈਦਾਵਾਰ ਤੇ ਵਿਕਰੀ ਵਿਚ ਜਲੰਧਰ ਜ਼ਿਲ੍ਹੇ ਦਾ ਨਾਂ ਪੂਰੇ ਦੇਸ਼ 'ਚ ਮਕਬੂਲ ਹੈ। ਜ਼ਿਲ੍ਹੇ ਵਿਚ ਖੇਤੀ ਦੀ ਕਾਮਯਾਬੀ ਦਾ ਪੈਮਾਨਾ ਜ਼ਮੀਨਦੋਜ਼

ਪਾਣੀ ਦੀ ਸੁਚੱਜੀ ਵਰਤੋਂ, ਪਰਾਲੀ ਤੇ ਨਾੜ ਨੂੰ ਅੱਗ ਨਾ ਲਗਾਉਣਾ, ਖੇਤੀ ਖ਼ਰਚੇ ਘਟਾਉਣਾ ਅਤੇ ਖੇਤੀ ਸਹਾਇਕ ਧੰਦਿਆਂ ਨੂੰ ਤਰਜੀਹ ਦੇਣਾ ਹੈ।

ਅਮਰਜੀਤ ਸਿੰਘ

ਪਿੰਡ ਗੋਲ, ਬਲਾਕ ਆਦਮਪੁਰ ਦੇ ਕਿਸਾਨ ਅਮਰਜੀਤ ਸਿੰਘ ਨੇ 2007 ਵਿਚ ਪਰਾਲੀ ਦੀ ਸੁਚੱਜੀ ਸੰਭਾਲ ਲਈ ਉੱਦਮ ਆਰੰਭ ਕੀਤੇ ਤੇ ਅੱਜ ਉਹ ਸਮੁੱਚੀ ਖੇਤੀ ਰਹਿੰਦ-ਖੂੰਹਦ ਨੂੰ ਜ਼ਮੀਨ 'ਚ ਖਪਾ ਕੇ ਕਾਮਯਾਬ ਖੇਤੀ ਕਰ ਰਿਹਾ ਹੈ। ਅਮਰਜੀਤ ਸਿੰਘ 22 ਏਕੜ 'ਚ ਆਲੂ ਤੇ 10 ਏਕੜ 'ਚ ਕਣਕ ਦੀ ਕਾਸ਼ਤ ਲਈ ਚੋਪਰ ਸ਼ਰੈਡਰ, ਰੋਟੋ ਸੀਡ ਡਰਿੱਲ, ਸੁਪਰ ਐੱਸਐੱਮਐੱਸ, ਉਲਟਾਵੇਂ ਹਲ਼ ਤੇ ਸੁਪਰਸੀਡਰ ਦੀ ਵਰਤੋਂ ਕਰਦਾ ਹੈ। ਅਮਰਜੀਤ ਸਿੰਘ ਅਨੁਸਾਰ ਖੇਤੀ ਰਹਿੰਦ-ਖੂੰਹਦ ਦੀ ਸੰਭਾਲ ਵਾਲੇ ਖੇਤਾਂ 'ਚ ਖਾਦਾਂ ਦਾ ਖ਼ਰਚਾ 40 ਫ਼ੀਸਦੀ ਤਕ ਘੱਟ ਹੋਇਆ ਹੈ। ਝੋਨੇ ਤੇ ਕਣਕ ਲਈ ਜ਼ਿੰਕ, ਮੈਗਨੀਜ ਦੀ ਕਦੇ ਜ਼ਰੂਰਤ ਨਹੀਂ ਪਈ। ਅਜਿਹੇ ਖੇਤਾਂ 'ਚ ਪਾਣੀ ਦੀ ਜ਼ਰੂਰਤ ਵੀ ਅੱਧੀ ਰਹਿ ਗਈ ਹੈ। ਕਿਸਾਨ ਅਨੁਸਾਰ ਅਜਿਹੇ ਖੇਤਾਂ 'ਚ ਕਾਰਬਨ ਦੀ ਮਾਤਰਾ ਵਧਣ ਕਰਕੇ ਮਿੱਟੀ ਵਿਚ ਜੈਵਿਕ ਜੀਵਾਂ ਦੀ ਗਿਣਤੀ 'ਚ ਵੀ ਵਾਧਾ ਹੋਇਆ ਹੈ ਤੇ ਜ਼ਮੀਨ ਦੀ ਉਪਜਾਊ ਸ਼ਕਤੀ ਵੀ ਵਧੀ ਹੈ। ਪਰਾਲੀ ਦੀ ਸੁਚੱਜੀ ਸੰਭਾਲ ਲਈ ਅਮਰਜੀਤ ਸਿੰਘ ਵੱਲੋਂ ਕੀਤੇ ਗਏ ਯਤਨਾਂ ਸਦਕਾ ਪਿੰਡ ਗੋਲ ਦੀ ਪੰਚਾਇਤ ਨੂੰ ਇਸ ਸਾਲ ਗਣਤੰਤਰ ਦਿਵਸ ਮੌਕੇ ਜ਼ਿਲ੍ਹਾ ਪੱਧਰੀ ਸਮਾਗਮ ਦੌਰਾਨ ਸਨਮਾਨਤ ਕੀਤਾ ਗਿਆ।

ਜਗਜੀਤ ਸਿੰਘ

ਪਿੰਡ ਲੱਲੀਆਂ ਖੁਰਦ ਦਾ ਕਿਸਾਨ ਜਗਜੀਤ ਸਿੰਘ ਪਿੰਡ ਦਾ ਸਰਪੰਚ ਹੋਣ ਨਾਤੇ ਇਕ ਵਿਲੱਖਣ ਸੇਵਾ ਨਿਭਾਅ ਰਿਹਾ ਹੈ। ਉਨ੍ਹਾਂ ਪੂਰੇ ਪਿੰਡ ਦੇ ਕਿਸਾਨਾਂ ਨੂੰ ਇਕੱਠੇ ਕਰ ਕੇ ਐਲਾਨ ਕੀਤਾ ਕਿ ਪਰਾਲੀ ਨੂੰ ਅੱਗ ਨਾ ਲਗਾਈ ਜਾਵੇ ਅਤੇ ਜਿਸ ਕਿਸਾਨ ਨੂੰ ਪਰਾਲੀ ਦੀ ਸੰਭਾਲ ਲਈ ਮਸ਼ੀਨਰੀ ਦੀ ਜ਼ਰੂਰਤ ਹੈ ਉਸ ਨੂੰ ਇਹ ਸਹੂਲਤ ਮੁਫ਼ਤ ਮੁਹੱਈਆ ਕਰਵਾਏ ਜਾਣ ਦਾ ਐਲਾਨ ਕੀਤਾ ਗਿਆ। ਉਨ੍ਹਾਂ ਐੱਸਐੱਮਐਸ, ਮਲਚਰ, ਐੱਮਬੀ ਪਲਾਂਟ ਰੋਟਾਵੇਟਰ ਦੀ ਵਰਤੋਂ ਕਰਦੇ ਹੋਏ ਆਲੂਆਂ ਦੀ ਬਿਜਾਈ ਕੀਤੀ। ਉਨ੍ਹਾਂ ਦੇ ਤਜਰਬਿਆਂ ਤੋ ਸੇਧ ਲੈ ਕੇ ਇਲਾਕੇ ਦੇ ਬਹੁਤ ਸਾਰੇ ਕਿਸਾਨ ਪਰਾਲੀ ਨੂੰ ਜ਼ਮੀਨ 'ਚ ਖਪਾ ਕੇ ਕਣਕ ਤੇ ਆਲੂਆਂ ਦੀ ਬਿਜਾਈ ਕਰ ਰਹੇ ਹਨ। ਪਰਾਲੀ ਦੀ ਸਾਂਭ ਸੰਭਾਲ ਲਈ ਕੀਤੇ ਗਏ

ਯਤਨਾਂ ਸਦਕਾ ਉਨ੍ਹਾਂ ਨੂੰ ਬੀਤੇ ਵਰ੍ਹੇ ਗਣਤੰਤਰ ਦਿਵਸ ਮੌਕੇ ਜ਼ਿਲ੍ਹਾ ਪੱਧਰੀ ਸਮਾਗਮ 'ਚ ਸਨਮਾਨਤ ਕੀਤਾ ਗਿਆ।

ਗੁਰਦੇਵ ਸਿੰਘ

ਪਿੰਡ ਨਵਾਂ ਕਿੱਲਾ, ਬਲਾਕ ਸ਼ਾਹਕੋਟ ਦੇ ਇਸ ਨੌਜਵਾਨ ਕਿਸਾਨ ਵੱਲੋਂ ਝੋਨਾ, ਬਾਸਮਤੀ, ਮੱਕੀ ਤੇ ਆਲੂਆਂ ਦੀ ਰਹਿੰਦ–ਖੂੰਹਦ ਨੂੰ ਸਾੜਨ ਦੀ ਥਾਂ ਉਸ ਨੂੰ ਵਿਗਿਆਨਕ ਢੰਗਾਂ ਨਾਲ ਸੰਭਾਲਣ ਦੇ ਉਪਰਾਲੇ ਕਰ ਕੇ ਵਾਤਾਵਰਨ ਦੀ ਸੰਭਾਲ 'ਚ ਅਹਿਮ ਯੋਗਦਾਨ ਪਾਇਆ ਹੈ। ਗੁਰਦੇਵ ਫ਼ਸਲੀ ਰਹਿੰਦ-ਖੂੰਹਦ ਨੂੰ ਬੇਸ਼ਕੀਮਤੀ ਸਰਮਾਏ ਵਜੋਂ ਵੇਖਦਾ ਹੈ ਤੇ ਇਸ ਨੂੰ ਜ਼ਮੀਨ ਦੀ ਉਪਜਾਊ ਸ਼ਕਤੀ ਵਧਾਉਣ ਲਈ ਜ਼ਮੀਨ 'ਚ ਖਪਾਉਣ ਦੀ ਧਾਰਨਾ ਦਾ ਮਾਲਕ ਹੈ। ਗੁਰਦੇਵ ਸਿੰਘ ਅਨੁਸਾਰ ਝੋਨੇ ਦੀ ੰਕੰਬਾਈਨ ਦੀ ਵਾਢੀ ਉਪਰੰਤ ਰੀਪਰ ਰਾਹੀ ਕੁਤਰਾ ਕੇ ਉਹ ਕੁਤਰੇ ਹੋਏ ਪਰਾਲ ਨੂੰ ਖੇਤ ਦੇ ਇਕ ਪਾਸੇ ਇਕੱਠਾ ਕਰ ਲੈਂਦਾ ਹੈ। ਇਕ ਖੇਤ ਦਾ ਕੁਤਰਾ ਕਰੀਬ ਇਕ ਮਰਲਾ ਥਾਂ 'ਚ ਇਕੱਠਾ ਕੀਤਾ ਜਾ ਸਕਦਾ ਹੈ। ਇਸ ਤਰ੍ਹਾਂ ਉਹ ਕਰੀਬ 4 ਮਰਲੇ ਵਿੱਚ ਇਸ ਕੁਤਰੇ ਨੂੰ ਇਕੱਠਾ ਕਰ ਲੈਂਦਾ ਹੈ ਤੇ ਬਾਕੀ ਖੇਤ ਵਿਚ ਫ਼ਸਲ ਬੀਜ ਲੈਂਦਾ ਹੈ। ਕੁਤਰੇ ਹੋਏ ਪਰਾਲ ਨੂੰ ਇਕੱਠਾ ਕਰਨ ਦੌਰਾਨ ਆਉਂਦੀ ਸਮੱਸਿਆ ਦੇ ਹੱਲ ਲਈ ਉਸ ਨੇ ਆਪਣੇ ਟ੍ਰੈਕਟਰ ਅੱਗੇ ਹਾਈਡ੍ਰੋਲਿਕ ਕਰਾਹਾ ਫਿੱਟ ਕੀਤਾ ਹੈ, ਜਿਸ ਨਾਲ ਖੇਤ 'ਚੋ ਪਰਾਲ ਇਕੱਠਾ ਕਰਨਾ ਕਾਫ਼ੀ ਸੁਖਾਲਾ ਹੋ ਗਿਆ ਹੈ। ਅਕਤੂਬਰ ਵਿਚ ਇਕੱਠੇ ਕੀਤੇ ਪਰਾਲ ਤੋਂ ਜਨਵਰੀ ਮਹੀਨੇ ਦੌਰਾਨ ਕਿਸਾਨ ਵੱਲੋਂ ਗੋਹਾ ਤੇ ਹੋਰ ਡੇਅਰੀ ਜਾਂ ਪਤਰਾਲ ਦੀ ਵਾਧੂ ਬਚ ਪਰਾਲ 'ਤੇ ਖਿਲਾਰ ਦਿੱਤੀ ਜਾਂਦੀ ਹੈ ਅਤੇ ਇਸੇ ਤਰ੍ਹਾਂ ਫਰਵਰੀ–ਮਾਰਚ ਵਿਚ ਆਲੂਆਂ ਦਾ ਪਤਰਾਲ ਵੀ ਇਸ ਢੇਰ 'ਚ ਮਿਲਾ ਦਿੱਤਾ ਜਾਂਦਾ ਹੈ। ਸਤੰਬਰ-ਅਕਤੂਬਰ ਤੋ ਮਾਰਚ ਮਹੀਨੇ ਤਕ ਇਸ ਢੇਰ ਨੂੰ ਜੇਸੀਬੀ ਮਸ਼ੀਨ ਰਾਹੀਂ ਪਲਟੀ ਦਿੱਤੀ ਜਾਂਦੀ ਹੈ ਤੇ ਹਾੜੀ ਦੀ ਵਾਢੀ ਤੋ ਬਾਅਦ ਇਸ ਨੂੰ ਖ਼ਾਲੀ ਹੋਏ ਖੇਤਾਂ ਵਿਚ ਰੂੜੀ ਦੇ ਤੌਰ 'ਤੇ ਖਿਲਾਰ ਦਿੱਤਾ ਜਾਂਦਾ ਹੈ। ਇਸ ਨਾਲ ਝੋਨੇ ਦੀ ਲਵਾਈ ਤੋ ਪਹਿਲਾਂ ਜਿੱਥੇ ਜ਼ਮੀਨ ਦੀ ਉਪਜਾਊ ਸ਼ਕਤੀ 'ਚ ਵਾਧਾ ਹੁੰਦਾ ਹੈ ਉੱਥੇ ਜ਼ਮੀਨਦੋਜ਼ ਪਾਣੀ ਨੂੰ ਸੰਭਾਲਣ 'ਚ ਮਦਦ ਮਿਲਦੀ ਹੈ। ਗੁਰਦੇਵ ਸਿੰਘ ਅਨੁਸਾਰ।ਇਸ ਰੂੜੀ ਦੇ ਢੇਰ ਨੂੰ ਖੇਤਾਂ ਵਿਚ 3-4 ਟਰਾਲੀਆਂ ਪ੍ਰਤੀ ਖੇਤ ਖਿਲਾਰਨ ਨਾਲ 30 ਫ਼ੀਸਦੀ ਤਕ ਖਾਦਾਂ ਦੀ ਬੱਚਤ ਕੀਤੀ ਜਾ ਰਹੀ ਹੈ। ਕਿਸਾਨ ਗੁਰਦੇਵ ਸਿੰਘ ਨੇ ਇਸ ਉਪਰਾਲੇ ਨਾਲ ਇਕ ਨਵਾਂ ਨਾਅਰਾ ਸਿਰਜਿਆ ਹੈ, 'ਖੇਤ ਦੀ ਮਿੱਟੀ ਖੇਤ ਵਿਚ ਤੇ ਖੇਤ ਦੀ ਬਚ-ਖੁਚ ਖੇਤ ਵਿਚ।' ਗੁਰਦੇਵ ਨੇ ਰਵਾਇਤੀ ਖੇਤੀ ਦੇ ਨਾਲ-ਨਾਲ ਵਣ ਖੇਤੀ ਤੇ ਖੇਤੀ ਵਿਭਿੰਨਤਾ ਵੀ ਅਪਣਾਈ ਹੈ। ਉਸ ਨੇ ਆਪਣੇ ਫ਼ਸਲੀ ਚੱਕਰ 'ਚ ਸੂਰਜਮੁਖੀ, ਆਲੂ, ਖਰਬੂਜਾ ਅਦਿ ਦੀ ਕਾਸ਼ਤ ਨੂੰ ਅਪਣਾ ਕੇ ਸਿਹਤਮੰਦ ਖੇਤੀ ਦਾ ਸਬੂਤ ਦਿੱਤਾ ਹੈ। ਇਸ ਤੋਂ ਇਲਾਵਾ ਗੁਰਦੇਵ ਸਿੰਘ ਆਪਣੀ ਘਰੇਲੂ ਬਗ਼ੀਚੀ ਵਿਚ ਸਬਜ਼ੀਆਂ ਤੇ ਫਲਾਂ ਦਾ ਵੀ ਉਤਪਾਦਨ ਕਰ ਰਿਹਾ ਹੈ। ਪਰਾਲੀ ਦੀ ਸੁਚੱਜੀ ਸੰਭਾਲ ਲਈ ਗੁਰਦੇਵ ਸਿੰਘ ਨੂੰ ਇਸ ਸਾਲ ਗਣਤੰਤਰ ਦਿਵਸ ਮੌਕੇ ਜਿਲ੍ਹਾ ਪੱਧਰੀ ਸਮਾਗਮ ਦੌਰਾਨ ਸਨਮਾਨਤ

ਕੀਤਾ ਗਿਆ।

ਅਮਰਜੀਤ ਸਿੰਘ ਲੱਲੀਆਂ

ਪਿੰਡ ਲੱਲੀਆਂ ਕਲਾਂ ਦੇ ਕਿਸਾਨ ਅਮਰਜੀਤ ਸਿੰਘ ਨੇ ਪਿਛਲੇ ਸਾਲ ਆਪਣੇ ਨੇੜਲੇ ਕਰੀਬ 10 ਪਿੰਡਾਂ ਵਿਚ 1200 ਏਕੜ ਰਕਬੇ 'ਚ ਪਰਾਲੀ ਦੀ ਸੰਭਾਲ ਕਰਦੇ ਹੋਏ ਆਲੂ ਤੇ ਕਣਕ ਦੀ ਕਾਮਯਾਬ ਕਾਸ਼ਤ ਕੀਤੀ। ਉਨ੍ਹਾਂ ਵੱਲੋਂ ਆਲੂਆਂ ਤੇ ਕਣਕ ਦੀ ਕਾਸ਼ਤ ਲਈ ਕੀਤੇ ਗਏ ਵੱਖ-ਵੱਖ ਫੀਲਡ ਆਪ੍ਰੇਸ਼ਨਾਂ ਦੌਰਾਨ ਆਲੂਆਂ ਦੀ ਬਿਜਾਈ ਲਈ ਐੱਸਐੱਮਐਸ, ਮਲਚਰ, ਐੱਮਬੀ ਪਲਾਓ, ਰੋਟਾਵੇਟਰ ਦੀ ਅਤੇ ਕਣਕ ਦੀ ਬਿਜਾਈ ਲਈ ਐੱਸਐੱਮਐੱਸ, ਮਲਚਰ, ਰੋਟਾਵੇਟਰ, ਰੋਟੋ ਸੀਡ ਡਰਿੱਲ ਦੀ ਵਰਤੋਂ ਕੀਤੀ ਗਈ। ਅਮਰਜੀਤ ਸਿੰਘ ਨੇ ਦੱਸਿਆ ਹੈ ਕਿ ਇਸ ਤਰ੍ਹਾਂ ਕਰਨ ਨਾਲ ਆਲੂਆਂ ਤੇ ਕਣਕ ਦੀ ਕਾਸ਼ਤ 'ਚ ਜ਼ਮੀਨਦੋਜ਼ ਪਾਣੀ ਨੂੰ ਸੰਭਾਲਣ ਦੀ ਸਮਰਥਾ ਵਧੀ, ਪਰਾਲੀ ਨੂੰ ਜ਼ਮੀਨ 'ਚ ਮਿਲਾਉਣ ਨਾਲ ਮਿੱਟੀ ਦੀ ਉਪਜਾਊ ਸ਼ਕਤੀ 'ਚ ਵਾਧਾ ਹੋਇਆ, ਆਲੂਆਂ ਦੀ ਗੁਣਵੱਤਾ 'ਚ ਸੁਧਾਰ ਹੋਇਆ ਅਤੇ ਝਾੜ 'ਚ ਵਾਧਾ ਦਰਜ ਕੀਤਾ ਗਿਆ।

ਸਤਨਾਮ ਸਿੰਘ ਥਿੰਦ

ਪਿੰਡ ਲੋਹਗੜ੍ਹ ਬਲਾਕ ਨਕੋਦਰ ਦੇ ਰਹਿਣ ਵਾਲੇ ਕਿਸਾਨ ਸਤਨਾਮ ਸਿੰਘ ਥਿੰਦ ਨੇ ਸਾਲ 2017-18 ਦੌਰਾਨ ਸਿਰਫ਼ 9 ਏਕੜ ਰਕਬੇ 'ਚ ਪਰਾਲੀ ਦੀ ਸੰਭਾਲ ਲਈ ਸ਼ੁਰੂਆਤ ਕੀਤੀ। ਇਸ ਤਜਰਬੇ ਤੋਂ ਬਾਅਦ 2018-19 ਵਿਚ ਉਨ੍ਹਾਂ ਵੱਲੋਂ 211 ਏਕੜ 'ਚ ਪਰਾਲੀ ਨੂੰ ਜ਼ਮੀਨ ਵਿਚ ਵਾਹ ਕੇ ਕਣਕ ਦੀ ਬਿਜਾਈ ਕੀਤੀ ਗਈ। ਸਤਨਾਮ ਸਿੰਘ ਅਨੁਸਾਰ ਐੱਸਐੱਮਐੱਸ ਵਾਲੀ ਕੰਬਾਈਨ ਚਲਾਉਣ ਉਪਰੰਤ ਹੈਪੀ ਸੀਡਰ ਰਾਹੀਂ ਕਣਕ ਦੀ ਬਿਜਾਈ ਕਰਨ 'ਤੇ ਕਰੀਬ ਦੋ ਹਜ਼ਾਰ ਰੁਪਏ ਦਾ ਵਾਧੂ ਖ਼ਰਚਾ ਤਾਂ ਆਉਂਦਾ ਹੈ ਪਰ ਇਸ ਨਾਲ ਕਣਕ ਦੀ ਬਿਜਾਈ ਕਰਨ ਦੇ ਜੋ ਫ਼ਾਇਦੇ ਹੁੰਦੇ ਹਨ ਉਹ ਬਹੁਤ ਜ਼ਿਆਦਾ ਹਨ। ਉਨ੍ਹਾਂ ਦੱਸਿਆ ਕਿ ਇਸ ਤਰੀਕੇ ਨਾਲ ਨਦੀਨਾਂ ਦੀ ਸਮੱਸਿਆ ਵੀ ਘਟਦੀ ਹੈ, ਜ਼ਮੀਨ ਦੀ ਉਪਜਾਊ ਸ਼ਕਤੀ ਤੇ ਝਾੜ 'ਚ ਵਾਧਾ ਹੁੰਦਾ ਹੈ।

ਦਵਿੰਦਰ ਸਿੰਘ

ਕਿਸਾਨ ਦਵਿੰਦਰ ਸਿੰਘ ਨਕੋਦਰ ਵਿਖੇ 14 ਏਕੜ ਰਕਬੇ 'ਚ ਸਬਜ਼ੀਆਂ ਦਾ ਉਤਪਾਦਨ ਕਰਦਾ ਹੈ। ਲੰਬੇ ਸਮੇਂ ਤੋਂ ਪਾਣੀ ਦੀ ਸੰਜਮ ਨਾਲ ਵਰਤੋਂ ਕਰਦੇ ਹੋਏ ਖੇਤੀ ਕਰਨ ਵਾਲੇ ਇਸ ਕਿਸਾਨ ਨੇ ਆਪਣੇ ਖੇਤਾਂ ਵਿਚ ਮਾਇਕਰੋ ਇਰੀਗੇਸ਼ਨ ਪ੍ਰਣਾਲੀ ਲਗਾਈ ਹੈ।।ਸਾਲ 2007 ਤੋਂ 4 ਏਕੜ ਵਿਚ ਤੁਪਕਾ ਸਿੰਜਾਈ ਪ੍ਰਣਾਲੀ ਨੂੰ ਅਪਣਾ ਕੇ ਦਵਿੰਦਰ ਸਿੰਘ ਵੱਲੋਂ ਜਿੱਥੇ ਪਾਣੀ ਦੀ ਬੱਚਤ 'ਚ ਅਹਿਮ ਯੋਗਦਾਨ ਪਇਆ ਜਾ ਰਿਹਾ ਹੈ ਉੱਥੇ ਉਹ ਬਾਕੀ ਕਿਸਾਨਾਂ ਦੇ ਮੁਕਾਬਲੇ ਸਬਜ਼ੀਆਂ ਦਾ ਦੁੱਗਣਾ ਝਾੜ ਪ੍ਰਾਪਤ ਕਰਦਾ ਹੈ। ਦਵਿੰਦਰ ਸਿੰਘ ਨੇ ਸਬਜ਼ੀਆਂ ਦੀ ਖੇਤੀ ਵਿਚ ਨੀਵੀਂ ਸੁਰੰਗ ਕਾਸ਼ਤ ਵਿਧੀ ਵੀ ਅਪਣਾਈ ਹੈ, ਜਿਸ ਨਾਲ ਉਹ ਸਬਜ਼ੀਆਂ ਦੀ ਅਗੇਤੀ ਆਮਦ ਕਰ ਕੇ ਚੋਖਾ ਮੁਨਾਫ਼ਾ ਹਾਸਿਲ ਕਰਦਾ ਹੈ। ਇਸ ਦੇ ਨਾਲ ਹੀ ਪ੍ਰੋਟੈਕਡਿਟ ਕਲਟੀਵੇਸ਼ਨ ਪ੍ਰਕਿਰਿਆ ਰਾਹੀਂ ਵੀ ਉਹ ਖੇਤੀ ਜ਼ਹਿਰਾਂ ਤੇ ਖਾਦਾ ਦੀ ਘੱਟ ਵਰਤੋਂ ਕਰਦਾ ਹੈ, ਜਿਸ ਨਾਲ ਉਸ ਨੇ ਖੇਤੀ ਲਾਗਤ 'ਚ ਕਾਫ਼ੀ ਕਮੀ ਲਿਆਂਦੀ ਹੈ ਤੇ ਮੁਨਾਫ਼ੇ 'ਚ ਵਾਧਾ ਹੋਇਆ ਹੈ।

- ਡਾ. ਨਰੇਸ਼ ਕੁਮਾਰ ਗੁਲਾਟੀ

97811-26255

Posted By: Harjinder Sodhi