ਜੈਵਿਕ ਖੇਤੀ ਦਾ ਉਪਰਾਲਾ ਸਾਡੇ ਸੂਬੇ ਦੇ ਕਿਸਾਨਾਂ ਦੀ ਆਰਥਿਕ ਉੱਨਤੀ ਤੇ ਕੁਦਰਤੀ ਵਸੀਲਿਆਂ ਨੂੰ ਬਚਾਉਣ ਲਈ ਮਹਤੱਵਪੂਰਨ ਹੈ। ਇਸ ਬਾਰੇ ਖੇਤੀ ਮਾਹਿਰ ਭਾਵੇਂ ਸਿਫ਼ਾਰਸ਼ ਵੀ ਕਰ ਰਹੇ ਹਨ ਤੇ ਸਾਡੇ ਬਹੁਤ ਸਾਰੇ ਕਿਸਾਨ ਇਸ ਸੋਚ ਨਾਲ ਜੁੜ ਵੀ ਚੁੱਕੇ ਹਨ ਪਰ ਇਸ ਗੱਲ ਵਿਚ ਵੀ ਕੌੜੀ ਸੱਚਾਈ ਹੈ ਕਿ ਸੂਬੇ ਵਿਚ ਕਿਸਾਨਾਂ ਵੱਲੋਂ ਜੈਵਿਕਤਾ ਵੱਲ ਵਧਾਏ ਜਾ ਰਹੇ ਕਦਮਾਂ ਨੂੰ ਬਣਦੀ ਹੱਲਾਸ਼ੇਰੀ ਨਹੀਂ ਮਿਲ ਰਹੀ ਭਾਵ ਮਿਹਨਤ- ਮੁਸ਼ੱਕਤ ਨਾਲ ਪੈਦਾ ਕੀਤੀਆਂ ਜੈਵਿਕ ਉਪਜਾਂ ਨੂੰ ਬਣਦਾ ਸਨਮਾਨ ਨਹੀਂ ਮਿਲ ਰਿਹਾ ਕਿਉਂਕਿ ਜਿਨ੍ਹਾਂ ਇਲਾਕਿਆਂ ’ਚ ਰਸਾਇਣਕ ਖੇਤੀ ਕੀਤੀ ਜਾਂਦੀ ਹੈ, ਉੱਥੇ ਜੈਵਿਕ ਖੇਤੀ ਹੇਠ ਫ਼ਸਲਾਂ ਨੂੰ ਲਿਆਉਣ ਨਾਲ ਪਹਿਲੇ 2-3 ਸਾਲ ਮਿਹਨਤ ਜ਼ਿਆਦਾ ਤੇ ਝਾੜ ਬਹੁਤ ਘੱਟ ਆਉਂਦਾ ਹੈ ਪਰ ਜਦੋਂ ਕਿਸਾਨ ਜੈਵਿਕ ਉਪਜ ਪੈਦਾ ਕਰਨ ਉਪਰੰਤ ਮੰਡੀ ’ਚ ਆਪਣੀ ਉਪਜ ਦੀ ਵਿਕਰੀ ਕਰਦਾ ਹੈ ਤਾਂ ਉਸ ਕੋਲ ਅਜਿਹਾ ਕੋਈ ਯੰਤਰ ਜਾਂ ਸਰਟੀਫਿਕੇਟ ਨਹੀਂ ਹੁੰਦਾ, ਜਿਸ ਦੇ ਆਧਾਰ ’ਤੇ ਉਹ ਖਪਤਕਾਰ ਨੂੰ ਆਪਣੀ ਉਪਜ ਦੀ ਤਸੱਲੀ ਕਰਵਾਉਂਦਿਆਂ ਵਧੇਰੇ ਮੁੱਲ ਦੀ ਮੰਗ ਕਰ ਸਕੇ। ਇਸ ਤਰ੍ਹਾਂ ਘੱਟ ਮੁੱਲ ਮਿਲਣ ਕਰਕੇ ਕਿਸਾਨ ਅਕਸਰ ਨਿਰਾਸ਼ ਹੋ ਜਾਂਦਾ ਹੈ।

ਅੱਜ ਸਾਡੇ ਨੀਤੀ ਘਾੜਿਆਂ ਨੂੰ ਇਸ ਗੱਲ ਵੱਲ ਉਚੇਚਾ ਧਿਆਨ ਦਿੰਦਿਆਂ ਅਜਿਹੇ ਪਲੈਟਫਾਰਮ ਸਿਰਜਣ ਦੀ ਲੋੜ ਹੈ, ਜਿਨ੍ਹਾਂ ਨਾਲ ਇਸ ਜੈਵਿਕਤਾ ਦੀ ਧਾਰਾ ’ਚ ਦੂਜੇ ਕਿਸਾਨਾਂ ਨੂੰ ਸ਼ਾਮਿਲ ਕਰ ਕੇ ਇਸ ਜੈਵਿਕ ਖੇਤੀ ਦੀ ਪ੍ਰਕਿਰਿਆ ਨੂੰ ਹੋਰ ਹੱਲਾਸ਼ੇਰੀ ਦਿੱਤੀ ਜਾ ਸਕੇ। ਇਸ ਸਬੰਧੀ ਥਾਈਲੈਂਡ ਦੇਸ਼ ਦੀ ਉਦਾਹਰਨ ਦਿੱਤੀ ਜਾ ਸਕਦੀ ਹੈ। ਇਸ ਦੇਸ਼ ਦਾ ਇਕ ਪਹਾੜੀ ਪ੍ਰਾਤ ਹੈ ਨਿਉਂਗ ਹਾਈ ਜੋ ਥਾਈਲੈਂਡ ਦੇ ਉੱਤਰ ਵਾਲੇ ਪਾਸੇ ਛੋਟਾ ਜਿਹਾ ਪਹਾੜੀ ਰਾਜ ਹੈ। ਜਿਸ ਤਰ੍ਹਾਂ ਦਾ ਸਾਡੇ ਪੰਜਾਬ ਦਾ ਕੰਢੀ ਦਾ ਇਲਾਕਾ ਹੈ, ਬਿਲਕੁਲ ਇਸੇ ਤਰ੍ਹਾਂ ਦਾ ਇਲਾਕਾ ਥਾਈਲੈਂਡ ’ਚ ਵੀ ਹੈ। ਇਸ ਇਲਾਕੇ ’ਚ ਰੋਆਇਲ ਪ੍ਰਾਜੈਕਟ ਦੇ ਤੌਰ ’ਤੇ ਇਕ ਉਪਰਾਲਾ ਕੀਤਾ ਗਿਆ, ਜਿਸ ਰਾਹੀਂ ਇਸ ਇਲਾਕੇ ਦੇ ਸਮੱੁਚੇ ਕਾਸ਼ਤਕਾਰਾਂ ਨੂੰ ਲਾਮਬੰਦ ਕਰਦਿਆਂ ਇਸ ਸਾਰੇ ਇਲਾਕੇ ’ਚ ਖੇਤੀ ਰਸਾਇਣਾਂ ’ਤੇ ਮੁਕੰਮਲ ਪਾਬੰਦੀ ਲਾ ਦਿੱਤੀ ਗਈ। ਇਸ ਤੋਂ ਪਹਿਲਾਂ ਕਿਸਾਨਾਂ ਨੂੰ ਰਸਾਇਣਾਂ ਤੋਂ ਬਗ਼ੈਰ ਖੇਤੀ ਕਰਨ ਦੇ ਵੱਖ- ਵੱਖ ਤਰ੍ਹਾਂ ਦੇ ਤਰੀਕੇ ਵੀ ਦੱਸੇ ਗਏ । ਸਰਕਾਰ ਦੇ ਇਸ ਫ਼ੈਸਲੇ ਬਾਰੇ ਵੱਖ- ਵੱਖ ਪ੍ਰਚਾਰ ਸਾਧਨਾਂ ਰਾਹੀਂ ਆਮ ਲੋਕਾਂ ਤੇ ਖਪਤਕਾਰਾਂ ’ਚ ਇਹ ਗੱਲ ਪ੍ਰਸਾਰਿਤ ਕੀਤੀ ਗਈ ਕਿ ਇਸ ਇਲਾਕੇ ਦੀ ਸਮੁੱਚੀ ਪੈਦਾਵਾਰ ਖੇਤੀ ਰਸਾਇਣ ਮੁਕਤ ਹੈ ਤੇ ਇਸ ਪ੍ਰਚਾਰ ਦਾ ਇਹ ਫ਼ਾਇਦਾ ਹੋਇਆ ਕਿ ਇਸ ਇਲਾਕੇ ਦੀ ਸਮੁੱਚੀ ਖੇਤੀ ਪੈਦਾਵਾਰ ਪ੍ਰਤੀ ਆਮ ਲੋਕਾਂ ਦਾ ਵਿਸ਼ਵਾਸ ਬਣ ਗਿਆ ਤੇ ਖਪਤਕਾਰ ਇਸ ਇਲਾਕੇ ਦੀ ਪੈਦਾਵਾਰ ਨੂੰ ਵਧੇਰੇ ਮੁੱਲ ਦੇ ਕੇ ਖ਼ਰੀਦ ਕਰਨ ਨੂੰ ਤਿਆਰ ਹੋ ਗਏ। ਇਸ ਨੋਂਗ ਹੋਆਈ ਰੋਆਇਲ ਪ੍ਰਾਜੈਕਟ ਅਧੀਨ ਸੂਬੇ ਦੇ ਵੱਖ-ਵੱਖ ਇਲਾਕਿਆਂ ’ਚ ਵਿਕਰੀ ਕੇਂਦਰ ਵੀ ਖੋਲੇ੍ਹ ਗਏ, ਜਿਸ ਨਾਲ ਇਲਾਕੇ ਦੇ ਬੇਰੁਜ਼ਗਾਰਾਂ ਨੂੰ ਰੁਜ਼ਗਾਰ ਮਿਲਿਆ ਤੇ ਨਾਲ ਹੀ ਖਪਤਕਾਰਾਂ ’ਚ ਵੀ ਜੈਵਿਕ ਉਪਜ ਪ੍ਰਤੀ ਵਿਸ਼ਵਾਸ ਦੀ ਭਾਵਨਾ ’ਚ ਵਾਧਾ ਹੋਇਆ ਹੈ। ਇਸ ਉਦਾਹਰਨ ਤੋਂ ਸਾਨੂੰ ਵੀ ਸਿੱਖਣ ਦੀ ਜ਼ਰੂਰਤ ਹੈ।

ਜ਼ਮੀਨ ’ਚ ਮਿਲਾਓ ਫ਼ਸਲ ਦੀ ਰਹਿੰਦ-ਖੂੰਹਦ

ਜੈਵਿਕ ਖੇਤੀ ਕਰਨ ਲਈ ਕਿਸਾਨ ਨੂੰ ਆਪਣੀ ਪੈਲੀ ਦੀ ਮਿੱਟੀ ਦੀ ਬਣਤਰ ਤੇ ਤਾਕਤ ਦਾ ਪੂਰਾ ਗਿਆਨ, ਖੇਤਾਂ ’ਚ ਤਾਪਮਾਨ ਦੀ ਵਾਧ- ਘਾਟ ਦਾ ਪ੍ਰਬੰਧ ਦਾ ਗਿਆਨ (ਖੂਹਾਂ ’ਤੇ ਰੁੱਖ, ਮਲਚਿੰਗ ਜਾਂ ਫਿਰ ਨੈੱਟ ਹਾਊਸ ਆਦਿ), ਮੀਂਹ ਦੇ ਪਾਣੀ ਦੀ ਸਾਂਭ-ਸੰਭਾਲ, ਖੇਤੀ ਰਹਿੰਦ- ਖੂੰਹਦ ਦਾ ਸਹੀ ਉਪਯੋਗ, ਪਸ਼ੂ ਧਨ ਦਾ ਪ੍ਰਬੰਧ ਤੇ ਪਸ਼ੂਆਂ ਦੇ ਮਲ- ਮੂਤਰ ਦੀ ਸਹੀ ਵਰਤੋਂ ਬਾਰੇ ਜਾਣਕਾਰੀ ਹੋਣੀ ਬੜੀ ਜ਼ਰੂਰੀ ਹੈ। ਜੈਵਿਕ ਖੇਤੀ ਦੇ ਸ਼ੁਰੂੁਆਤੀ ਦੌਰ ’ਚ ਅਜਿਹੀਆਂ ਫ਼ਸਲਾਂ ਦੀ ਕਾਸ਼ਤ ਨੂੰ ਪਹਿਲ ਦਿੱਤੀ ਜਾਣੀ ਚਾਹੀਦੀ ਹੈ, ਜਿਨ੍ਹਾਂ ਨਾਲ ਜ਼ਮੀਨ ਦੀ ਉਪਜਾਊ ਸ਼ਕਤੀ ਬਿਹਤਰ ਹੁੰਦੀ ਹੋਵੇ ਭਾਵ ਕਿ ਨੋਡੂਲੇਟਿਡ ਫ਼ਸਲਾਂ ਜਿਵੇਂ ਕਿ ਅਰਹਰ, ਮੂੰਗੀ, ਸੋਇਆਬੀਨ, ਛੋਲੇ ਜਾਂ ਮਟਰਾਂ ਦੀ ਖੇਤੀ ਕਰਨ ਨਾਲ ਜ਼ਮੀਨ ਦੀ ਬਣਤਰ ’ਚ ਸੁਧਾਰ ਹੁੰਦਾ ਹੈ। ਆਪਣੇ ਫਾਰਮ ’ਤੇ ਬੀਜੀ ਜਾਂਦੀ ਹਰੇਕ ਫ਼ਸਲ ਦੀ ਰਹਿੰਦ- ਖੂੰਹਦ ਨੂੰ ਜ਼ਮੀਨ ’ਚ ਮਿਲਾਉਣਾ ਜੈਵਿਕ ਖੇਤੀ ਦੀ ਕਾਮਯਾਬੀ ਦੀ ਅਹਿਮ ਕੁੰਜੀ ਹੈ।

ਰੂੜੀ ਦੀ ਖਾਦ ਨਾਲ ਹੋ ਸਕਦੇ ਹਨ ਕਈ ਫ਼ਾਇਦੇ

ਪੰਜਾਬ ’ਚ 243 ਕਿੱਲੋ ਪ੍ਰਤੀ ਹੈਕਟੇਅਰ ਰਸਾਇਣਕ ਖਾਦਾਂ ਦਾ ਇਸਤੇਮਾਲ ਕੀਤਾ ਜਾ ਰਿਹਾ ਹੈ, ਜੋ ਪੂਰੇ ਦੇਸ਼ ’ਚ ਸਭ ਤੋਂ ਵੱਧ ਹੈ। ਖੇਤੀ ਮਾਹਿਰਾਂ ਅਨੁਸਾਰ ਫ਼ਸਲ ਦੇ ਸਹੀ ਵਾਧੇ ਲਈ ਬੂਟਿਆਂ ਨੂੰ ਤਕਰੀਬਨ 17 ਖ਼ੁਰਾਕੀ ਤੱਤਾਂ ਦੀ ਲੋੜ ਹੁੰਦੀ ਹੈ। ਪਸ਼ੂਆਂ ਦੇ ਗੋਹੇ ਤੇ ਮਲਮੂਤਰ ’ਚ ਕੁਦਰਤੀ ਤੌਰ ’ਤੇ ਫ਼ਸਲਾਂ ਦੇ ਵਾਧੇ ਲਈ ਤਕਰੀਬਨ ਸਾਰੇ ਖ਼ੁਰਾਕੀ ਤੱਤ ਹੁੰਦੇ ਹਨ। ਸਾਡੇ ਪਿੰਡਾਂ ’ਚ ਜ਼ਿਆਦਾਤਰ ਕਿਸਾਨਾਂ ਕੋਲ ਪਸ਼ੂ ਤਾਂ ਹੁੰਦੇ ਹਨ ਪਰ ਇਨ੍ਹਾਂ ਪਸ਼ੂਆਂ ਦਾ ਗੋਹਾ ਅਸੀਂ ਜ਼ਾਇਆ ਕਰ ਦਿੰਦੇ ਹਾਂ। ਇਨ੍ਹਾਂ ਪਸ਼ੂਆਂ ਦਾ ਗੋਹਾ ਜੇ ਅਸੀਂ ਰੂੜੀ ਦੀ ਖਾਦ ਲਈ ਵਰਤੀਏ ਤਾਂ ਇਸ ਦੇ ਕਈ ਫ਼ਾਇਦੇ ਸਾਡੀ ਖੇਤੀ ਨੂੰ ਹੋ ਸਕਦੇ ਹਨ।

ਰੂੜੀ ਦੀ ਖਾਦ ਜ਼ਮੀਨ ਦੀ ਉਪਜਾਊ ਸ਼ਕਤੀ ਬਰਕਰਾਰ ਰੱਖਣ ਤੋਂ ਇਲਾਵਾ ਜ਼ਮੀਨ ਦੀ ਭੌਤਿਕ, ਰਸਾਇਣਕ ਤੇ ਜੈਵਿਕ ਸ਼ਕਤੀ ’ਚ ਸੁਧਾਰ ਕਰਦੀ ਹੈ। ਇਸ ਦੀ ਵਰਤੋਂ ਨਾਲ ਜ਼ਮੀਨ ਦੀ ਪਾਣੀ ਸੰਭਾਲਣ ਦੀ ਸ਼ਕਤੀ ’ਚ ਸੁਧਾਰ ਹੁੰਦਾ ਹੈ। ਇਹ ਭੌਂ-ਖੋਰ ਨੂੰ ਰੋਕਦੀ ਹੈ। ਜ਼ਮੀਨ ’ਚ ਸਾਰੇ ਖ਼ੁਰਾਕੀ ਤੱਤਾਂ ਦੀ ਪੂਰਤੀ ਲਈ ਇਹ ਖਾਦ ਅਹਿਮ ਭੂਮਿਕਾ ਨਿਭਾ ਸਕਦੀ ਹੈ। ਚੰਗੀ ਗਲੀ- ਸੜੀ ਰੂੜੀ ਦੀ ਖਾਦ ’ਚ 1.2 ਤੋਂ 2 ਫ਼ੀਸਦੀ ਤਕ ਨਾਈਟ੍ਰੋਜਨ, 0.5 ਤੋਂ 0.7 ਫ਼ੀਸਦੀ ਤਕ ਫਾਸਫੋਰਸ ਤੇ 1.2 ਤੋਂ 2.6 ਫ਼ੀਸਦੀ ਤਕ ਪੋਟਾਸ਼ ਤੱਤ ਦੀ ਮਾਤਰਾ ਹੁੰਦੀ ਹੈ। ਇਸ ਤੋਂ ਇਲਾਵਾ ਰੂੜੀ ਦੀ ਖਾਦ ’ਚ 0.2 ਤੋਂ 0.38 ਫ਼ੀਸਦੀ ਤਕ ਕੈਲਸ਼ੀਅਮ , 0.2 ਤੋਂ 0.7 ਫ਼ੀਸਦੀ ਤਕ ਮੈਗਨੀਸ਼ੀਅਮ ਤੇ 0.3 ਤੋਂ 0.35 ਫ਼ੀਸਦੀ ਤਕ ਗੰਧਕ ਤੱਤ ਵੀ ਹੁੰਦਾ ਹੈ। ਇਸੇ ਤਰ੍ਹਾਂ ਚੰਗੀ ਗਲੀ- ਸੜੀ ਰੂੜੀ ਦੀ ਖਾਦ ਵਿਚ ਤਕਰੀਬਨ 100 ਮਿਲੀਗ੍ਰਾਮ ਪ੍ਰਤੀ ਕਿੱਲੋ ਜ਼ਿੰਕ, 200 ਤੋਂ 3500 ਮਿਲੀਗ੍ਰਾਮ ਪ੍ਰਤੀ ਕਿੱਲੋ ਲੋਹਾ, 100 ਤੋਂ 300 ਮਿਲੀਗ੍ਰਾਮ ਪ੍ਰਤੀ ਕਿੱਲੋ ਮੈਂਗਨੀਜ਼ ਤੋਂ ਇਲਾਵਾ ਬੋਰੋਨ ਮੋਲੀਬਡੀਨਮ ,ਤਾਂਬਾ ਆਦਿ ਤੱਤ ਵੀ ਹੁੰਦੇ ਹਨ। ਰੂੜੀ ਵਿਚ ਵਧੇਰੇ ਜੈਵਿਕ ਕਾਰਬਨ ਹੋਣ ਕਰਕੇ ਇਹ ਜ਼ਮੀਨ ’ਚ ਸੂਖਮ ਜੀਵਾਂ ਦੇ ਵਾਧੇ ਵਿਚ ਸਹਾਈ ਹੁੰਦੀ ਹੈ ਤੇ ਇਸ ਨਾਲ ਜ਼ਮੀਨ ’ਚ ਨਾ ਮੁਹੱਈਆ ਹੋਣ ਵਾਲੇ ਖ਼ੁਰਾਕੀ ਤੱਤ ਸੌਖਿਆਂ ਹੀ ਮੁਹੱਈਆ ਹੋ ਜਾਂਦੇ ਹਨ। ਰੂੜੀ ਦੀ ਖਾਦ ਦੇ ਖ਼ੁਰਾਕੀ ਤੱਤ ਹੌਲੀ- ਹੌਲੀ ਫ਼ਸਲਾਂ ਨੂੰ ਮਿਲਦੇ ਹਨ, ਜਿਸ ਕਰਕੇ ਲੰਮੇ ਸਮੇਂ ਤਕ ਫ਼ਸਲਾਂ ਨੂੰ ਖ਼ੁਰਾਕ ਮਿਲਦੀ ਰਹਿੰਦੀ ਹੈ।

ਇਨ੍ਹਾਂ ਢੇਰ ਸਾਰੇ ਫ਼ਾਇਦਿਆਂ ਕਰਕੇ ਰੂੜੀ ਦੀ ਖਾਦ ਨੂੰ ਸਾਡੇ ਖੇਤਾਂ ਲਈ ‘ਕਾਲਾ ਸੋਨਾ’ ਕਿਹਾ ਗਿਆ ਹੈ। ਰੂੜੀ ਦੀ ਖਾਦ ਦੀ ਏਨੀ ਮਹੱਤਤਾ ਹੋਣ ਦੇ ਬਾਵਜੂਦ ਅਕਸਰ ਅਸੀਂ ਇਸ ਵੱਲ ਪੂਰਾ ਧਿਆਨ ਨਹੀਂ ਦਿੰਦੇ। ਇਹ ਆਮ ਹੀ ਵੇਖਣ ਵਿਚ ਆਉਂਦਾ ਹੈ ਕਿ ਅਸੀਂ ਪਿੰਡਾਂ ’ਚ ਫਿਰਨੀਆਂ, ਰਸਤਿਆਂ ਆਦਿ ’ਤੇ ਰੂੜੀ ਦੇ ਢੇਰ ਲਾ ਦਿੰਦੇ ਹਾਂ, ਜੋ ਮੱਖੀ-ਮੱਛਰਾਂ ਦੀ ਭਰਮਾਰ ਕਰਕੇ ਕਈ ਤਰ੍ਹਾਂ ਦੀਆਂ ਬਿਮਾਰੀਆਂ ਦਾ ਕਾਰਨ ਤਾਂ ਬਣਦੇ ਹੀ ਹਨ ਪਰ ਨਾਲ ਹੀ ਮੀਂਹ- ਧੁੱਪ ਆਦਿ ਦੀ ਮਾਰ ਕਰਕੇ ਅਜਿਹੇ ਰੂੜੀ ਦੇ ਢੇਰਾਂ ਵਿਚ ਖ਼ੁਰਾਕੀ ਤੱਤਾਂ ਦਾ ਅਜਾਈਂ ਜਾਣਾ ਵੀ ਆਮ ਹੀ ਦੇਖਿਆ ਗਿਆ ਹੈ।

ਰੂੜੀ ਦੀ ਖਾਦ ਬਣਾਉਣ ਲਈ ਟੋਇਆਂ ਦਾ ਇਸਤੇਮਾਲ ਕਰਨ ਦੀ ਸਲਾਹ ਦਿੱਤੀ ਗਈ ਹੈ। 3-5 ਪਸ਼ੂਆਂ ਦੇ ਮਲਮੂਤਰ ਲਈ 6-7 ਮੀਟਰ ਲੰਬਾ, 5 ਮੀਟਰ ਚੌੜਾ ਤੇ ਇਕ ਮੀਟਰ ਡੂੰਘਾ ਟੋਇਆ ਪੱੁਟਿਆ ਜਾ ਸਕਦਾ ਹੈ। ਟੋਏ ਦਾ ਸਾਈਜ਼ ਗੋਹੇ ਦੀ ਦੀ ਮਾਤਰਾ ਅਨੁਸਾਰ ਵੱਧ- ਘੱਟ ਕੀਤਾ ਸਕਦਾ ਹੈ । ਟੋਏ ਨੂੰ ਗੋਹੇ, ਮਲਮੂਤਰ, ਘਾਹ-ਫੂਸ, ਪੱਤਿਆਂ ਆਦਿ ਨਾਲ ਭਰਨ ਉਪਰੰਤ ਜਦੋਂ ਜ਼ਮੀਨ ਦੇ ਪੱਧਰ ਤੋਂ 1 ਤੋਂ 2 ਫੁੱਟ ਉੱਚਾ ਹੋ ਜਾਵੇ, ਉਸ ਉੱਪਰ ਗੋਹੇ ਦਾ ਪਤਲਾ ਲੇਪ ਕਰ ਦੇਣਾ ਚਾਹੀਦਾ ਹੈ। ਇਸ ਤਰ੍ਹਾਂ ਇਹ ਭਰਿਆ ਹੋਇਆ ਰੂੜੀ ਦਾ ਮਿਕਸਚਰ 3- 4 ਮਹੀਨੇ ਬਾਅਦ ਵਧੀਆ ਰੂੜੀ ਦੀ ਖਾਦ ਦੀ ਸ਼ਕਲ ਅਖ਼ਤਿਆਰ ਕਰ ਲੈਂਦਾ ਹੈ।

ਇਕ ਟੋਏ ਤੋਂ 56 ਟਨ ਰੂੜੀ ਦੀ ਖਾਦ ਤਿਆਰ ਹੰੁਦੀ ਹੈ। ਨਾਦੇਪ ਤਰੀਕੇ ਰਾਹੀਂ ਵੀ 10 ਫੁੱਟ¿6 ਫੁੱਟ ¿3 ਫੁੱਟ ਦਾ ਟੋਇਆ 9 ਇੰਚ ਮੋਟੀ ਦੀਵਾਰ ਰਾਹੀਂ ਜ਼ਮੀਨ ਤੋਂ ਉੱਪਰ ਜਿਸ ਵਿਚ ਹਵਾ ਵਾਸਤੇ 7 ਇੰਚੀ ਮੋਰੀਆਂ ਰੱਖੀਆਂ ਜਾਂਦੀਆਂ ਹਨ, ਬਣਾਇਆ ਜਾ ਸਕਦਾ ਹੈ। ਇਸ ਤਰੀਕੇ ਨਾਲ ਹਵਾ ਦੇ ਪ੍ਰਵਾਹ ਰਾਹੀਂ ਘੱਟ ਸਮੇਂ ਵਿਚ ਵਧੇਰੇ ਰੂੜੀ ਦੀ ਖਾਦ ਤਿਆਰ ਕੀਤੀ ਜਾ ਸਕਦੀ ਹੈ। ਮਾਹਿਰਾਂ ਦਾ ਆਖਣਾ ਹੈ ਕਿ ਇਕ ਸਿਹਤਮੰਦ ਪਸ਼ੂ ਸਾਲ ਵਿਚ 40 ਕਿੱਲੋਗ੍ਰਾਮ ਨਾਈਟ੍ਰੋਜਨ, 3135 ਕਿੱਲੋ ਪੋਟਾਸ਼ ਆਦਿ ਗੋਹੇ ਤੇ ਮਲਮੂਤਰ ਰਾਹੀਂ ਬਾਹਰ ਕੱਢਦਾ ਹੈ। ਇਸ ਤੋਂ ਇਲਾਵਾ ਪੋਲਟਰੀ ਫਾਰਮ, ਪ੍ਰੈਸਮਡ ,ਕੰਪੋਸਟ ਆਦਿ ਦਾ ਵੀ ਇਸਤੇਮਾਲ ਕਰ ਕੇ ਅਸੀਂ ਰੂੜੀ ਦੀ ਖਾਦ ਤਿਆਰ ਕਰ ਸਕਦੇ ਹਾਂ। ਪਸ਼ੂਆਂ ਦੀ ਗਿਣਤੀ ਅਨੁਸਾਰ ਸਾਨੂੰ 2 ਤੋਂ 3 ਟੋਏ ਪੁੱਟਣ ਦੀ ਸਲਾਹ ਦਿੱਤੀ ਜਾਂਦੀ ਹੈ ਤਾਂ ਜੋ ਰੂੜੀ ਦੀ ਖਾਦ ਬਣਾਉਣ ਦਾ ਸਰਕਲ ਹਮੇਸ਼ਾ ਚੱਲਦਾ ਰਹੇ।

ਹਰੀ ਖਾਦ

ਹਰੀ ਖਾਦ ਵੀ ਖੇਤੀ ਜੈਵਿਕਤਾ ਦੇ ਟੀਚੇ ਦੀ ਪ੍ਰਾਪਤੀ ਵੱਲ ਮਹੱਤਵਪੂਰਨ ਕਦਮ ਹੈ। ਹਰੀ ਖਾਦ ਵਜੋਂ ਸਣ, ਢੈਂਚਾ ਆਦਿ ਫ਼ਸਲਾਂ ਬੀਜ ਕੇ ਅਸੀਂ ਜ਼ਮੀਨ ਦੀ ਉਪਜਾਊ ਸ਼ਕਤੀ ਵਿਚ ਵਾਧਾ ਕਰ ਸਕਦੇ ਹਾਂ। ਪੰਜਾਬ ’ਚ ਕਣਕ ਦੀ ਵਾਢੀ ਤੋਂ ਬਾਅਦ ਤੇ ਝੋਨੇ ਦੀ ਲੁਆਈ ਤਕ ਦੇ ਸਮੇਂ ਦੌਰਾਨ ਤਕਰੀਬਨ 6-8 ਹਫ਼ਤੇ ਦਾ ਵਕਫ਼ਾ ਹੁੰਦਾ ਹੈ। ਇਸ ਸਮੇਂ ਦੌਰਾਨ ਜੇ ਹਰੀ ਖਾਦ ਵਜੋਂ ਕਿਸੇ ਫ਼ਸਲ ਦੀ ਬਿਜਾਈ ਕੀਤੀ ਜਾਵੇ ਤਾਂ ਇਸ ਨਾਲ ਜ਼ਮੀਨ ਦੀ ਬਣਤਰ ਦੇ ਨਾਲ- ਨਾਲ ਜ਼ਮੀਨ ਵਿਚ ਜੈਵਿਕ ਕਾਰਬਨ ਵਧਦਾ ਹੈ ਤੇ ਨਤੀਜੇ ਵਜੋਂ ਜੈਵਿਕ ਉਪਜ ਦੀ ਪ੍ਰਾਪਤੀ ਵੱਲ ਇਹ ਵਧੇਰੇ ਪ੍ਰਭਾਵਸ਼ਾਲੀ ਕਦਮ ਸਾਬਿਤ ਹੋ ਸਕਦਾ ਹੈ।

ਜੀਵਾਣੂ ਖਾਦਾਂ

ਰਾਇਜ਼ੋਬੀਅਮ, ਅੇਜੋਟੋਬੈਕਟਰ, ਬੀਐੱਲਜੀ ਆਦਿ ਵਰਗੇ ਉਪਰਾਲੇ ਵੀ ਅੱਜ ਦੇ ਇਸ ਦੌਰ ਵਿਚ ਕਾਫ਼ੀ ਚਰਚਾ ਦਾ ਵਿਸ਼ਾ ਬਣੇ ਹੋਏ ਹਨ। ਇਨ੍ਹਾਂ ਨੂੰ ਬੀਜ ਦੀ ਸੋਧ ਜਾਂ ਜ਼ਮੀਨ ਵਿਚ ਮਿਲਾਉਣ ਨਾਲ ਜਿੱਥੇ ਜ਼ਮੀਨ ’ਚ ਨਾ ਮਿਲਣ ਵਾਲੇ ਕਈ ਖ਼ੁਰਾਕੀ ਤੱਤ ਪ੍ਰਾਪਤ ਹੋ ਜਾਂਦੇ ਹਨ, ਉੱਥੇ ਹਵਾ ’ਚ ਮੌਜੂਦ ਨਾਈਟ੍ਰੋਜਨ ਤੇ ਜੀਵਾਣੂ ਪੌਦਿਆਂ ਲਈ ਖ਼ੁਰਾਕ ਦੇ ਤੌਰ ’ਤੇ ਫਿਕਸ ਕਰਨ ਦੀ ਸਮਰੱਥਾ ਰੱਖਦੇ ਹਨ।

ਫ਼ਸਲਾਂ ਦੀ ਰਹਿੰਦ- ਖੂੰਹਦ

ਸਾਡੀਆਂ ਫ਼ਸਲਾਂ ਦੀ ਰਹਿੰਦ- ਖੂੰਹਦ ਨੂੰ ਜ਼ਮੀਨ ’ਚ ਮਿਲਾਉਣ ਦਾ ਉਪਰਾਲਾ ਸਾਡੀਆਂ ਜ਼ਮੀਨਾਂ ਦੀ ਜੈਵਿਕ ਸ਼ਕਤੀ ਵਿਚ ਵਾਧਾ ਕਰ ਸਕਦਾ ਹੈ। ਰਹਿੰਦ- ਖੂੰਹਦ ਨੂੰ ਸਾੜਨ ਨਾਲੋਂ ਜੇ ਜ਼ਮੀਨ ਵਿਚ ਹੀ ਵਾਹ ਕੇ ਦਬਾ ਦਿੱਤਾ ਜਵੇ ਤਾਂ ਇਸ ਨਾਲ ਜੈਵਿਕ ਖੇਤੀ ਕਰਨੀ ਸੁਖਾਲੀ ਹੋ ਸਕਦੀ ਹੈ। ਇਕ ਟਨ ਝੋਨੇ ਦੀ ਪਰਾਲੀ ਤੇ ਕਣਕ ਦੇ ਨਾੜ ਵਿਚ ਤਕਰੀਬਨ 3-5 ਕਿੱਲੋ ਨਾਈਟ੍ਰੋਜਨ, 2-2.5 ਕਿੱਲੋ ਫਾਸਫੋਰਸ ਤੇ 15 ਤੋਂ 25 ਕਿੱਲੋ ਪੋਟਾਸ਼ ਤੱਤ ਹੁੰਦੇ ਹਨ।

ਜੈਵਿਕ ਰਸਾਇਣਾਂ ਦਾ ਇਸਤੇਮਾਲ

ਜੈਵਿਕ ਖੇਤੀ ਦੀ ਉਪਜ ਹਾਸਿਲ ਕਰਨ ਲਈ ਜੈਵਿਕ ਰਸਾਇਣਾਂ ਦਾ ਇਸਤੇਮਾਲ ਕਰਨ ਦੀਆਂ ਵੀ ਵੱਖ- ਵੱਖ ਖੇਤੀ ਵਿਗਿਆਨੀਆਂ ਵੱਲੋਂ ਸਿਫ਼ਾਰਸ਼ਾਂ ਕੀਤੀਆਂ ਗਈਆਂ ਹਨ। ਅੱਜਕੱਲ੍ਹ ਨਿੰਮ ਨਾਲ ਸਬੰਧਿਤ ਦਵਾਈਆਂ ਤੋਂ ਇਲਾਵਾ ਟਰਾਇਕੋਕਾਰਡ, ਫੀਰੋਮੌਨ ਟਰੈਪ ਆਦਿ ਵਰਗੇ ਸਾਧਨ ਭਾਵੇਂ ਬਾਜ਼ਾਰ ’ਚੋਂ ਵੀ ਮਿਲ ਰਹੇ ਹਨ ਪਰ ਸਾਡੇ ਜੈਵਿਕ ਉਪਜ ਹਾਸਿਲ ਕਰਨ ਵਾਲੇ ਕਈ ਸਿਰੜੀ ਕਿਸਾਨਾਂ ਵੱਲੋਂ ਆਪਣੇ ਪੱਧਰ ’ਤੇ ਨਿੰਮ, ਪਸ਼ੂਆਂ ਦੇ ਮਲਮੂਤਰ ਆਦਿ ਤੋਂ ਤਿਆਰ ਵੱਖ- ਵੱਖ ਉਪਰਾਲੇ ਇਸ ਲੜੀ ਵਿਚ ਅਹਿਮ ਯੋਗਦਾਨ ਪਾ ਸਕਦੇ ਹਨ ।

ਪਲੀਤ ਹੋਣੋਂ ਬਚੇਗਾ ਵਾਤਾਵਰਨ

ਇਸੇ ਤਰ੍ਹਾਂ ਮਿੱਤਰ ਕੀੜਿਆਂ ਦੀ ਪਛਾਣ, ਫ਼ਸਲਾਂ ਦੀ ਅਦਲ- ਬਦਲ ਕੇ ਖੇਤੀ ਕਰਨ, ਸਿਫ਼ਾਰਸ਼ਾਂ ਅਨੁਸਾਰ ਖੇਤੀ ਕਰਨ ਆਦਿ ਵਰਗੇ ਤਕਨੀਕੀ ਢੰਗ-ਤਰੀਕੇ ਅਪਣਾਉਂਦਿਆਂ ਹਾਨੀਕਾਰਕ ਕੀੜੇ ਤੇ ਬਿਮਾਰੀਆਂ ਦੀ ਸਰਵਪੱਖੀ ਰੋਕਥਾਮ ਕੀਤੀ ਜਾ ਸਕਦੀ ਹੈ ਤੇ ਜੈਵਿਕ ਖੇਤੀ ਨੂੰ ਮਜ਼ਬੂਤੀ ਪ੍ਰਦਾਨ ਕੀਤੀ ਜਾ ਸਕਦੀ ਹੈ। ਸਾਡੇ ਜੈਵਿਕ ਖੇਤੀ ਵਿਚ ਰੁੱਝੇ ਕਿਸਾਨਾਂ ਦੀਆਂ ਇੰਨੋਵੈਟਿਵ ਤਕਨੀਕਾਂ ਨੂੰ ਵੀ ਕਲਮਬੱਧ ਕਰਨ ਦੀ ਲੋੜ ਹੈ। ਕਈ ਕਿਸਾਨਾਂ ਨੇ ਆਪਣੇ ਨਿੱਜੀ ਤਜਰਬੇ ਕਰ ਕੇ ਹਾਨੀਕਾਰਕ ਕੀੜੇ, ਬਿਮਾਰੀਆਂ ਤੇ ਨਦੀਨਾਂ ਦੀ ਰੋਕਥਾਮ ਬਾਖ਼ੂਬੀ ਕੀਤੀ ਹੈ। ਅਜਿਹੇ ਕਿਸਾਨਾਂ ਦੀਆਂ ਸਫਲਤਾਵਾਂ ਨੂੰ ਵੀ ਵੱਖ-ਵੱਖ ਪ੍ਰਚਾਰ ਮਾਧਿਅਮਾਂ ਰਾਹੀਂ ਜੱਗ ਜ਼ਾਹਿਰ ਕਰਦਿਆਂ ਜੈਵਿਕ ਉਪਜ ਦੀ ਸੋਚ ਨੂੰ ਹੱਲਾਸ਼ੇਰੀ ਦਿੱਤੀ ਜਾ ਸਕਦੀ ਹੈ।

ਜੈਵਿਕ ਉਪਜ ਦੇ ਪ੍ਰਮਾਣੀਕਰਨ ਲਈ ਭਾਰਤ ਸਰਕਾਰ ਵੱਲੋਂ ਕੁਝ ਏਜੰਸੀਆਂ ਨੂੰ ਮਾਨਤਾ ਦਿੱਤੀ ਗਈ ਹੈ, ਜਿਨ੍ਹਾਂ ਦੇ ਨਾਂ ਤੇ ਪਤੇ www.apeda.gov.in ਦੀ ਵੈੱਬਸਾਈਟ ਤੋਂ ਲਏ ਜਾ ਸਕਦੇ ਹਨ। ਪ੍ਰਮਾਣੀਕਰਨ ਲਈ ਕਿਸਾਨ ਨੂੰ ਆਪਣਾ ਫਾਰਮ ਇਨ੍ਹਾਂ ਪ੍ਰਮਾਣੀਕਰਨ ਕੰਪਨੀਆਂ ਵਿੱਚੋਂ ਕਿਸੇ ਇਕ ਕੋਲ ਰਜਿਸਟਰ ਕਰਵਾਉਣਾ ਪੈਂਦਾ ਹੈ ।

ਉਪਰੋਕਤ ਅਨੁਸਾਰ ਸਮੁੱਚੇ ਜੈਵਿਕ ਉਪਜ ਪ੍ਰਾਪਤ ਕਰਨ ਦੇ ਸਾਧਨਾਂ ਨੂੰ ਵਕਤ ਦੀ ਲੋੜ ਨੂੰ ਧਿਆਨ ’ਚ ਰੱਖਦਿਆਂ ਸਾਡੀਆਂ ਸਰਕਾਰਾਂ, ਨੀਤੀ ਘਾੜਿਆਂ ਅਤੇ ਕਿਸਾਨਾਂ ਨੂੰ ਇਕੱਠੇ ਮਿਲ ਕੇ ਇਕ ਪ੍ਰਭਾਵਸ਼ਾਲੀ ਵਿਉਂਤ ਬਣਾਉਣ ਦੀ ਜ਼ਰੂਰਤ ਹੈ । ਇਹ ਵਿਉਂਤ ਸਾਡੇ ਸੀਮਤ ਸਾਧਨਾਂ, ਸਾਡੀਆਂ ਜ਼ਰੂਰਤਾਂ ਤੇ ਸਭ ਤੋਂ ਵੱਧ ਸਾਡੀ ਉਪਜ ਦੀ ਮੰਡੀਕਾਰੀ ਪ੍ਰਣਾਲੀ ਨਾਲ ਜੋੜਦਿਆਂ ਬਣਾਉਣ ਦੀ ਲੋੜ ਹੈ। ਇੱਥੇ ਇਹ ਸਪੱਸ਼ਟ ਕਰਨਾ ਬੜਾ ਜ਼ਰੂਰੀ ਹੈ ਕਿ ਜੇ ਸਾਡੇ ਕਿਸਾਨ ਜੈਵਿਕ ਖੇਤੀ ਲਈ ਸੁਝਾਏ ਜਾਂਦੇ ਵੱਖ- ਵੱਖ ਸਾਧਨ ਵੀ ਜੇ ਆਪਣਾ ਲੈਣ ਤਾਂ ਵੀ ਸਾਡੀ ਖੇਤੀ ਜਿੱਥੇ ਲਾਹੇਵੰਦੀ ਹੋ ਸਕਦੀ ਹੈ, ਉੱਥੇ ਸਾਡਾ ਵਾਤਾਵਰਨ ਪਲੀਤ ਹੋਣੋਂ ਵੀ ਬਚ ਸਕਦਾ ਹੈ।

ਸਾਡੇ ਪਿੰਡਾਂ ’ਚ ਏਕਾ ਕਰ ਕੇ ਅਸੀਂ ਵੀ ਜੈਵਿਕ ਖੇਤੀ ਕਰ ਸਕਦੇ ਹਾਂ ਤੇ ਆਪਣੇ ਪਿੰਡ ਦੀ ਖੇਤੀ ਉਪਜ ਦੀ ਯੋਜਨਾਬੰਦੀ ਕਰਦਿਆਂ ਇਸ ਦੀ ਇਕੱਠੀ ਵਿਕਰੀ ਕਰਨ ਲਈ ਵੀ ਸਾਂਝੇ ਉਪਰਾਲੇ ਕਰ ਸਕਦੇ ਹਾਂ। ਇਸ ਤਰ੍ਹਾਂ ਨਾਲ ਜਿੱਥੇ ਸਾਡੇ ਕੁਦਰਤੀ ਵਸੀਲਿਆਂ ਦਾ ਵਿਕਾਸ ਹੋ ਸਕਦਾ ਹੈ , ਉੱਥੇ ਖੇਤੀ ਵਿਭਿੰਨਤਾ ਦੇ ਨਾਲ- ਨਾਲ ਖਪਤਕਾਰਾਂ ਨੂੰ ਇੱਕੋ ਥਾਂ ਤੋਂ ਆਪਣੀ ਜੈਵਿਕ ਉਪਜ ਮਿਲ ਸਕਦੀ ਹੈ। ਸਾਡਾ ਉੱਦਮ ਸਾਡੇ ਖੇਤੀ ਅਰਥਚਾਰੇ ਲਈ ਜਿੱਥੇ ਲਾਭਦਾਇਕ ਹੋ ਸਕਦਾ ਹੈ , ਉੱਥੇ ਹੀ ਸਾਡੇ ਕੁਦਰਤੀ ਵਸੀਲਿਆਂ ਨੂੰ ਵੀ ਬਚਾਇਆ ਜਾ ਸਕਦਾ ਹੈ।

ਗੰਡੋਇਆਂ ਰਾਹੀਂ ਜਲਦੀ ਤਿਆਰ ਹੁੰਦੀ ਹੈ ਖਾਦ

ਅੱਜਕੱਲ੍ਹ ਗੰਡੋਇਆਂ ਰਾਹੀਂ ਵੀ ਰੂੜੀ ਦੀ ਖਾਦ ਤਿਆਰ ਕੀਤੀ ਜਾ ਰਹੀ ਹੈ । ਇਸ ਤਰ੍ਹਾਂ ਗੰਡੋਇਆਂ ਰਾਹੀਂ ਖਾਦ ਜਲਦੀ ਤਿਆਰ ਹੁੰਦੀ ਹੈ। ਇਸ ਦੀ ਤਿਆਰੀ ਕਰ ਕੇ ਵਿਕਰੀ ਕਰਨਾ ਇਕ ਨਵਾਂ ਕਿੱਤਾ ਬਣਦਾ ਵੀ ਨਜ਼ਰ ਆ ਰਿਹਾ ਹੈ । ਸੂਬੇ ’ਚ ਕਾਫ਼ੀ ਨੌਜਵਾਨ ਵਰਮੀ ਕੰਪੋਸਟ ਤੇ ਗੰਡੋਏ ਆਦਿ ਦੀ ਪੈਕਿੰਗ ਉਪਰੰਤ ਵਿਕਰੀ ਕਰ ਕੇ ਖ਼ਾਸਾ ਲਾਭ ਕਮਾ ਰਹੇ ਹਨ। ਇਸ ਲੜੀ ਵਿਚ ਬਾਇਓਗੈਸ ਪਲਾਂਟ ਵੀ ਸਾਡੇ ਲਈ ਸੋਨੇ ’ਤੇ ਸੁਹਾਗੇ ਦਾ ਰੋਲ ਨਿਭਾ ਸਕਦੇ ਹਨ। ਬਾਇਓਗੈਸ ਪਲਾਂਟਾਂ ਰਾਹੀਂ ਜਿੱਥੇ ਸਾਨੂੰ ਘਰੇਲੂ ਗੈਸ ਮਿਲ ਜਾਂਦੀ ਹੈ, ਉੱਥੇ ਹੀ ਗੋਬਰ ਸਲਰੀ ਦੇ ਰੂਪ ’ਚ ਮਹੱਤਵਪੂਰਨ ਖਾਦ ਤੇ ਖ਼ੁਰਾਕ ਵੀ ਸਾਡੀਆਂ ਫ਼ਸਲਾਂ ਲਈ ਹਾਸਿਲ ਹੋ ਸਕਦੀ ਹੈ।

ਏਕਾ ਕਰ ਕੇ ਕੀਤੀ ਜਾ ਸਕਦੀ ਹੈ ਜੈਵਿਕ ਖੇਤੀ

ਸਾਡੇ ਪਿੰਡਾਂ ’ਚ ਏਕਾ ਕਰ ਕੇ ਅਸੀਂ ਵੀ ਜੈਵਿਕ ਖੇਤੀ ਕਰ ਸਕਦੇ ਹਾਂ ਤੇ ਆਪਣੇ ਪਿੰਡ ਦੀ ਖੇਤੀ ਉਪਜ ਦੀ ਯੋਜਨਾਬੰਦੀ ਕਰਦਿਆਂ ਇਸ ਦੀ ਇਕੱਠੀ ਵਿਕਰੀ ਕਰਨ ਲਈ ਵੀ ਸਾਂਝੇ ਉਪਰਾਲੇ ਕਰ ਸਕਦੇ ਹਾਂ । ਇਸ ਤਰ੍ਹਾਂ ਨਾਲ ਜਿੱਥੇ ਸਾਡੇ ਕੁਦਰਤੀ ਵਸੀਲਿਆਂ ਦਾ ਵਿਕਾਸ ਹੋ ਸਕਦਾ ਹੈ , ਉੱਥੇ ਖੇਤੀ ਵਿਭਿੰਨਤਾ ਦੇ ਨਾਲ- ਨਾਲ ਖਪਤਕਾਰਾਂ ਨੂੰ ਇੱਕੋ ਥਾਂ ਤੋਂ ਆਪਣੀ ਜੈਵਿਕ ਉਪਜ ਮਿਲ ਸਕਦੀ ਹੈ। ਇਸ ਗੱਲ ਵਿਚ ਵੀ ਪੂਰੀ ਸੱਚਾਈ ਹੈ ਕਿ ਜੈਵਿਕ ਉਪਜ ਪ੍ਰਤੀ ਆਮ ਖਪਤਕਾਰਾਂ ਦਰਮਿਆਨ ਜਾਗਰੂਕਤਾ ’ਚ ਵਾਧਾ ਹੋਇਆ ਹੈ। ਕੋਵਿਡ-19 ਦੀ ਮਹਾਮਾਰੀ ਕਰਕੇ ਵੀ ਸਾਡੇ ਆਮ ਲੋਕਾਂ ’ਚ ਪੌਸ਼ਟਿਕਤਾ ਨਾਲ ਭਰਪੂਰ , ਜ਼ਹਿਰ ਮੁਕਤ ਉਪਜ ਦੀ ਮੰਗ ਵਿਚ ਵਾਧਾ ਹੋਇਆ ਹੈ। ਸਿਆਣਿਆਂ ਦਾ ਆਖਣਾ ਹੈ ‘ਉੱਦਮ ਅੱਗੇ ਲੱਛਮੀ ਪੱਖੇ ਅੱਗੇ ਪੌਣ।’ ਸਾਡਾ ਜੈਵਿਕ ਖੇਤੀ ਲਈ ਉੱਦਮ ਸਾਡੇ ਖੇਤੀ ਅਰਥਚਾਰੇ ਲਈ ਜਿੱਥੇ ਲਾਭਦਾਇਕ ਹੋ ਸਕਦਾ ਹੈ , ਉੱਥੇ ਹੀ ਸਾਡੇ ਕੁਦਰਤੀ ਵਸੀਲਿਆਂ ਨੂੰ ਵੀ ਬਚਾਇਆ ਜਾ ਸਕਦਾ ਹੈ, ਜੋ ਕਿ ਰਸਾਇਣਾਂ ਦੀ ਵਧੇਰੇ ਵਰਤੋਂ ਕਰ ਕੇ ਪਲੀਤ ਹੋ ਰਹੇ ਹਨ।

- ਡਾ. ਨਰੇਸ਼ ਕੁਮਾਰ ਗੁਲਾਟੀ

Posted By: Harjinder Sodhi