ਪੰਜਾਬ ਰਿਮੋਟ ਸੈਂਸਿੰਗ ਸੈਂਟਰ ਦੀ ਰਿਪੋਰਟ ਅਨੁਸਾਰ ਸਾਲ 2018 ਦੌਰਾਨ ਖੇਤੀਬਾੜੀ ਤੇ ਕਿਸਾਨ ਭਲਾਈ ਵਿਭਾਗ, ਪੰਜਾਬ ਸਰਕਾਰ ਦੇ ਸੁਹਿਰਦ ਯਤਨਾਂ ਅਤੇ ਕਿਸਾਨਾਂ ਦੀ ਸੋਚ ’ਚ ਆਈ ਤਬਦੀਲੀ ਕਾਰਨ ਪੰਜਾਬ ’ਚ ਕਣਕ ਦੇ ਨਾੜ ਨੂੰ ਅੱਗ ਲੱਗਣ ਦੇ 10907 ਵਾਕਿਆ ਦਰਜ ਕੀਤੇ ਗਏ ਜਦਕਿ ਸਾਲ 2017 ਦੌਰਾਨ ਪੰਜਾਬ ’ਚ ਕਣਕ ਦੇ ਨਾੜ ਨੂੰ ਅੱਗ ਲੱਗਣ ਦੇ 14437 ਵਾਕਿਆ ਦਰਜ ਕੀਤੇ ਗਏ ਸਨ, ਜੋ ਸਾਲ 2019 ’ਚ ਘਟ ਕੇ 9784 ਅੱਗ ਲੱਗਣ ਦੇ ਵਾਕਿਆ ਰਹਿ ਗਏ। ਆਸ ਹੈ ਸਾਲ 2022 ਦੌਰਾਨ ਖੇਤੀਬਾੜੀ ਤੇ ਕਿਸਾਨ ਭਲਾਈ ਵਿਭਾਗ ਵੱਲੋਂ ਕੀਤੇ ਜਾਣ ਵਾਲੇ ਪਸਾਰ ਕਾਰਜਾਂ ਤੇ ਪੰਜਾਬ ਦੇ ਕਿਸਾਨਾਂ ਦੀ ਸੋਚ ’ਚ ਵੱਡੀ ਤਬਦੀਲੀ ਆਉਣ ਕਾਰਨ ਨੇੜਲੇ ਭਵਿੱਖ ’ਚ ਪੰਜਾਬ ਪੂਰੀ ਤਰ੍ਹਾਂ ਪ੍ਰਦੂਸ਼ਣ ਰਹਿਤ ਹੋ ਜਾਵੇਗਾ।

ਵਧ ਜਾਂਦਾ ਹੈ ਹਵਾ ਦਾ ਪ੍ਰਦੂਸ਼ਣ

ਪੰਜਾਬ ’ਚ ਕਣਕ ਦੀ ਕਟਾਈ ਤੋਂ ਬਾਅਦ ਕਿਸਾਨਾਂ ਵੱਲੋਂ ਤੂੜੀ ਬਣਾਉਣ ਉਪਰੰਤ ਬਚਖੁਚ ਨੂੰ ਖੇਤਾਂ ’ਚ ਸਾੜਨਾ ਸ਼ੁਰੂ ਕਰ ਦਿੱਤਾ ਜਾਂਦਾ ਹੈ, ਜਿਸ ਨਾਲ ਹਵਾ ਦਾ ਪ੍ਰਦੂਸ਼ਣ ਵਧ ਜਾਂਦਾ ਹੈ ਤੇ ਕਈ ਤਰ੍ਹਾਂ ਦੇ ਜਾਨਵਰ, ਪੰਛੀ ਸੜ ਕੇ ਮਰ ਜਾਂਦੇ ਹਨ। ਹਵਾ ’ਚ ਪ੍ਰਦੂਸ਼ਣ ਵਧਣ ਕਾਰਨ ਸਾਹ ਲੈਣਾ ਵੀ ਔਖਾ ਹੋ ਜਾਂਦਾ ਹੈ। ਇਸ ਨੂੰ ਰੋਕਣ ਦੀ ਜ਼ਰੂਰਤ ਹੈ। ਪੰਜਾਬ ਖੇਤੀਬਾੜੀ ਯੂਨੀਵਰਸਿਟੀ ਲੁਧਿਆਣਾ ਦੀ ਖੋਜ ਮੁਤਾਬਕ ਪੰਜਾਬ ’ਚ ਕਣਕ ਦੀ ਕਾਸ਼ਤ ਤਕਰੀਬਨ 35 ਲੱਖ ਹੈਕਟੇਅਰ ਅਤੇ ਝੋਨੇ ਦੀ ਤਕਰੀਬਨ 28 ਲੱਖ ਹੈਕਟੇਅਰ ਰਕਬੇ ’ਚ ਕੀਤੀ ਜਾਦੀ ਹੈ, ਜਿਸ ਤੋਂ 23 ਮਿਲੀਅਨ ਟਨ ਪਰਾਲੀ ਤੇ 17 ਮਿਲੀਅਨ ਟਨ ਨਾੜ ਦੇ ਰੂਪ ’ਚ ਰਹਿੰਦ- ਖੂੰਹਦ ਪ੍ਰਾਪਤ ਹੁੰਦੀ ਹੈੈ।

ਵੱਡੀ ਮਾਤਰਾ ’ਚ ਨਸ਼ਟ ਹੋ ਜਾਂਦੇ ਨੇ ਖ਼ੁਰਾਕੀ ਤੱਤ

ਪੰਜਾਬ ਖੇਤੀਬਾੜੀ ਯੂਨੀਵਰਸਿਟੀ ਲੁਧਿਆਣਾ ਵੱਲੋਂ ਕੀਤੀ ਖੋਜ ਮੁਤਾਬਿਕ ਕਣਕ ਦੇ 77 ਫ਼ੀਸਦੀ ਨਾੜ ਨੂੰ ਤੂੜੀ ਵਜੋਂ ਚਾਰੇ ਲਈ ਵਰਤ ਲਿਆ ਜਾਂਦਾ ਹੈ, 9 ਫ਼ੀਸਦੀ ਬਚੇ ਨਾੜ ਨੂੰ ਜ਼ਮੀਨ ਹੇਠ ਦਬਾਇਆ ਜਾਂਦਾ ਹੈ ਤੇ 11 ਫ਼ੀਸਦੀ ਨਾੜ ਨੂੰ ਸਾੜ ਦਿੱਤਾ ਜਾਂਦਾ ਹੈ ਜਦਕਿ ਝੋਨੇ ਦੀ 85 ਫ਼ੀਸਦੀ ਪਰਾਲੀ ਸਾੜ ਦਿੱਤੀ ਜਾਂਦੀ ਹੈ, 10 ਫ਼ੀਸਦੀ ਜ਼ਮੀਨ ’ਚ ਵਾਹ ਦਿੱਤੀ ਜਾਂਦੀ ਹੈ ਤੇ 8 ਫ਼ੀਸਦੀ ਹੋਰ ਕੰਮਾਂ ਲਈ ਵਰਤੀ ਜਾਂਦੀ ਹੈ। ਕਣਕ-ਝੋਨੇ ਦੇ ਫ਼ਸਲੀ ਚੱਕਰ ਤੋਂ ਤਕਰੀਬਨ 12 ਟਨ ਪ੍ਰਤੀ ਹੈਕਟੇਅਰ ਅਨਾਜ ਪ੍ਰਾਪਤ ਹੁੰਦਾ ਹੈ। ਇਹ ਫ਼ਸਲੀ ਚੱਕਰ ਜ਼ਮੀਨ ’ਚੋਂ 300 ਕਿੱਲੋ ਨਾਈਟ੍ਰੋਜਨ, 30 ਕਿੱਲੋ ਫਾਸਫੋਰਸ ਤੇ 300 ਕਿੱਲੋ ਪੋਟਾਸ਼ ਖਿੱਚ ਲੈਂਦਾ ਹੈ। ਇਹ ਖ਼ੁਰਾਕੀ ਤੱਤ ਪਰਾਲੀ ਤੇ ਨਾੜ ’ਚ ਹੁੰਦੇ ਹਨ। ਇੰਨੀ ਵੱਡੀ ਮਾਤਰਾ ’ਚ ਖ਼ੁਰਾਕੀ ਤੱਤਾਂ ਨੂੰ ਅੱਗ ਲਾ ਕੇ ਖ਼ਤਮ ਕਰ ਦਿੱਤਾ ਜਾਂਦਾ ਹੈ। ਕਣਕ ਦੇ ਨਾੜ ਤੇ ਝੋਨੇ ਦੀ ਪਰਾਲੀ ਨੂੰ ਕਿਸਾਨਾਂ ਵੱਲੋਂ ਅੱਗ ਲਾਉਣ ਨਾਲ ਤਕਰੀਬਨ 0.94 ਲੱਖ ਟਨ ਨਾਈਟ੍ਰੋਜਨ, 0.48 ਲੱਖ ਟਨ ਫਾਸਫੋਰਸ ਅਤੇ 2.6 ਲੱਖ ਟਨ ਪੋਟਾਸ਼ ਤੋਂ ਇਲਾਵਾ ਵੱਡੀ ਮਾਤਰਾ ’ਚ ਲਘੂ ਤੱਤਾਂ ਨੂੰ ਨਸ਼ਟ ਕਰ ਦਿੱਤਾ ਜਾਂਦਾ ਹੈ।

ਵਧ ਰਹੀ ਹੈ ਮਰੀਜ਼ਾਂ ਦੀ ਗਿਣਤੀ

ਨਾੜ ਸਾੜਨ ਕਾਰਨ ਪੈਦਾ ਹੋਏ ਧੂੰਏਂ ਨਾਲ ਦਿਨ ਵੇਲੇ ਦੇਖਣ ਦੀ ਵੱਧ ਤੋਂ ਵੱਧ ਹੱਦ ਬਹੁਤ ਘਟ ਜਾਦੀ ਹੈ, ਜਿਸ ਕਾਰਨ ਸੜਕੀ ਦੁਰਘਟਨਾਵਾਂ ਵਧ ਜਾਂਦੀਆਂ ਹਨ ਅਤੇ ਕਈ ਕੀਮਤੀ ਮਨੁੱਖੀ ਜਾਨਾਂ ਅਜਾਈਂ ਚਲੀਆਂ ਜਾਂਦੀਆਂ ਹਨ। ਨਾੜ ਦੇ ਸੜਨ ਨਾਲ ਪੈਦਾ ਹੋਏ ਜ਼ਹਿਰੀਲੇ ਧੂੰਏਂ ਨਾਲ ਸਾਹ ਲੈਣ ਚ ਤਕਲੀਫ਼ ,ਖੰਘ, ਜ਼ੁਕਾਮ, ਤਪਦਿਕ, ਦਮਾ, ਐਲਰਜੀ, ਸਾਹ ਨਾਲੀ ਦਾ ਕੈਂਸਰ, ਗਲੇ ਦੀ ਖ਼ਰਾਬੀ, ਹਲਕਾ ਬੁਖ਼ਾਰ, ਸਿਰ ਦਰਦ, ਟਾਈਫਾਈਡ ,ਫੇਫੜਿਆਂ ’ਚ ਨੁਕਸ, ਅੱਖਾਂ ਚ ਜਲਣ, ਚਮੜੀ ’ਤੇ ਖਾਰਸ਼ ਆਦਿ ਬਿਮਾਰੀਆਂ ਲੱਗ ਜਾਂਦੀਆਂ ਹਨ। ਅਜੋਕੇ ਸਮੇਂ ’ਚ ਕੋਰੋਨਾ ਵਾਇਰਸ ਦੇ ਖ਼ਤਰੇ ਕਾਰਨ ਪੈਦਾ ਹੋਏ ਹਾਲਾਤ ’ਚ ਕਣਕ ਦੇ ਨਾੜ ਨੂੰ ਅੱਗ ਲਾਉਣ ਨਾਲ ਜੇ ਹਵਾ ਦਾ ਪ੍ਰਦੂਸ਼ਣ ਵਧਦਾ ਹੈ ਤਾਂ ਮੁਸ਼ਕਲਾਂ ’ਚ ਹੋਰ ਵਾਧਾ ਹੋ ਸਕਦਾ ਹੈ।

ਡਾਕਟਰਾਂ ਅਨੁਸਾਰ ਪਿਛਲੇ ਦਸਾਂ ਸਾਲਾਂ ਦੌਰਾਨ ਪੰਜਾਬ ’ਚ ਨਾੜ ਤੇ ਝੋਨੇ ਦੀ ਪਰਾਲੀ ਸਾੜਨ ਨਾਲ ਅੱਖਾਂ ਦੀ ਜਲਣ ਤੇ ਸਾਹ ਦੇ ਮਰੀਜ਼ਾਂ ਦੀ ਗਿਣਤੀ ’ਚ ਭਾਰੀ ਵਾਧਾ ਦਰਜ ਕੀਤਾ ਗਿਆ ਹੈ। ਇਨ੍ਹਾਂ ਬਿਮਾਰੀਆਂ ਨਾਲ ਮਨੁੱਖ ਦੀ ਉਮਰ ਘਟ ਰਹੀ ਹੈ। ਇਕ ਸਰਵੇਖਣ ਅਨੁਸਾਰ ਪਿੰਡਾਂ ’ਚ 80 ਫ਼ੀਸਦੀ ਲੋਕ ਸਾਹ ਅਤੇ ਫੇਫੜਿਆਂ ਦੀਆਂ ਬਿਮਾਰੀਆਂ ਨਾਲ ਪ੍ਰਭਾਵਤ ਪਾਏ ਗਏ ਹਨ।

ਜ਼ਮੀਨ ’ਚ ਦਬਾਓ ਰਹਿੰਦ-ਖੂੰਹਦ

ਹੁਣ ਕੁਝ ਕਿਸਾਨ ਸਵਾਲ ਕਰਦੇ ਹਨ ਕਿ ਨਾੜ ਨੂੰ ਕਿਵੇਂ ਸੰਭਾਲੀਏੇ। ਕਿਸਾਨ ਵੀਰੋ! ਆਮ ਕਰਕੇ ਕਣਕ ਦੀ ਕਟਾਈ ਤੋਂ ਬਾਅਦ ਰੀਪਰ ਨਾਲ ਨਾੜ ਦੀ ਤੂੜੀ ਬਣਾਉਣ ਉਪਰੰਤ ਬਹੁਤ ਘੱਟ ਨਾੜ ਦਾ ਹਿੱਸਾ ਖੇਤ ’ਚ ਬਚਦਾ ਹੈ, ਜਿਸ ਨੂੰ ਕਿਸਾਨਾਂ ਵੱਲੋਂ ਅੱਗ ਲਾ ਕੇ ਸਾੜ ਦਿੱਤਾ ਜਾਂਦਾ ਹੈ। ਇਸ ਬਚੇ ਨਾੜ ਨੂੰ ਸਾੜਨ ਬਾਰੇ ਕਿਸਾਨਾਂ ਦਾ ਕਹਿਣਾ ਹੈ ਕਿ ਜਦ ਝੋਨੇ ਦੀ ਲਵਾਈ ਤੋਂ ਪਹਿਲਾਂ ਕੱਦੂ ਕੀਤਾ ਜਾਂਦਾ ਹੈ ਤਾਂ ਨਾੜ ਪਾਣੀ ਉੱਪਰ ਤਰ ਆਉਂਦਾ ਹੈ, ਜਿਸ ਨਾਲ ਝੋਨੇ ਦੀ ਲਵਾਈ ਉਪਰੰਤ ਬੂਟੇ ਦੱਬ ਕੇ ਮਰ ਜਾਂਦੇ ਹਨ। ਇਸ ਸਮੱਸਿਆ ਤੋਂ ਬਚਣ ਲਈ ਕਣਕ ਦੀ ਕਟਾਈ ਤੋਂ ਬਾਅਦ ਤਵੀਆਂ ਜਾਂ ਉਲਟਾਵੇਂ ਹੱਲ ਨਾਲ ਨਾੜ ਦੀ ਰਹਿੰਦ- ਖੂੰਹਦ ਨੂੰ ਜ਼ਮੀਨ ’ਚ ਦਬਾਇਆ ਜਾ ਸਕਦਾ ਹੈ, ਜਿਸ ਨਾਲ ਮਿੱਟੀ ਦੀ ਸਿਹਤ ’ਚ ਸੁਧਾਰ ਹੁੰਦਾ ਹੈ ਅਤੇ ਵਾਤਾਵਰਨ ਵੀ ਪ੍ਰਦੂਸ਼ਿਤ ਨਹੀਂ ਹੁੰਦਾ। ਤੂੜੀ ਬਣਾਉਣ ਉਪਰੰਤ ਜੇ ਖੇਤ ਭਾਰੀ ਤੇ ਜ਼ਿਆਦਾ ਸੁੱਕਾ ਹੈ ਤਾਂ ਪਾਣੀ ਲਾਉਣ ਉਪਰੰਤ ਵੱਤਰ ਆਉਣ ’ਤੇ ਤਵੀਆਂ ਜਾਂ ਉਲਟਾਵੇਂ ਹੱਲ ਖੇਤ ਨੂੰ ਵਾਹਿਆ ਜਾ ਸਕਦਾ ਹੈ।

ਦੂਜੇ ਪਾਸੇ ਦੇਖੀਏ ਤਾਂ ਤੁਸੀਂ ਦੇਖਿਆ ਹੋਵੇਗਾ ਕਿ ਸੜੇ ਨਾੜ ਵਾਲੇ ਖੇਤ ’ਚ ਜਦ ਝੋਨੇ ਦੀ ਲਵਾਈ ਕੀਤੀ ਜਾਂਦੀ ਹੈ ਤਾਂ ਸੜੇ ਨਾੜ ਦੀ ਸੁਆਹ ਤਰ ਕੇ ਝੋਨੇ ਦੇ ਬੂਟੇ ਖ਼ਰਾਬ ਕਰ ਦਿੰਦੀ ਹੈ । ਜ਼ਮੀਨ ਦੀ ਸਿਹਤ ਸੁਧਾਰਨ ਲਈ ਹਰੀ ਖਾਦ ਵੀ ਵਰਤੀ ਜਾ ਸਕਦੀ ਹੈ। ਤੂੜੀ ਬਣਾਉਣ ਉਪਰੰਤ ਪਾਣੀ ਲਾ ਦੇਣਾ ਚਾਹੀਦਾ ਹੈ। ਵੱਤਰ ਆਉਣ ’ਤੇ ਤਵੀਆਂ ਜਾਂ ਰੋਟਾਵੇਟਰ ਜਾਂ ਉਲਟਾਵੀਂ ਹਲ ਨਾਲ ਵਾਹ ਕੇ 20 ਕਿੱਲੋ ਜੰਤਰ ਦੇ ਬੀਜ ਨੂੰ 8 ਘੰਟੇ ਭਿਉਂ ਕੇ ਛੱਟੇ ਨਾਲ ਬੀਜ ਦੇਣਾ ਚਾਹੀਦਾ ਹੈ। ਜੰਤਰ ਜਾਂ ਹੋਰ ਫ਼ਸਲ ਦੇ ਵਾਧੇ ਦੇ ਨਾਲ-ਨਾਲ ਨਦੀਨਾਂ ਦੇ ਬੀਜ ਵੀ ਉੱਗ ਪੈਂਦੇ ਹਨ। ਇਸ ਤਰ੍ਹਾਂ ਝੋਨੇ ਦੀ ਲਵਾਈ ਤੋਂ 1-2 ਦਿਨ ਪਹਿਲਾਂ ਖੇਤ ’ਚ ਜੰਤਰ ਨੂੰ ਰੋਟਾਵੇਟਰ ਜਾਂ ਤਵੀਆਂ ਨਾਲ ਵਾਹ ਕੇ ਹਰੀ ਖਾਦ ਬਣਾਈ ਜਾ ਸਕਦੀ ਹੈ, ਜਿਸ ਨਾਲ ਝੋਨੇ ਦੀ ਫ਼ਸਲ ਨੂੰ ਪਾਈ ਜਾਣ ਵਾਲੀ ਯੂਰੀਆ ਦਾ ਤੀਜਾ ਹਿੱਸਾ ਘਟਾਇਆ ਜਾ ਸਕਦਾ ਹੈ।

ਜੰਤਰ ਦੀ ਹਰੀ ਖਾਦ ਨਾਲ ਝੋਨੇ ਦੀ ਫ਼ਸਲ ’ਚ ਲੋਹੇ ਦੀ ਘਾਟ ਵੀ ਨਹੀਂ ਆਵੇਗੀ। ਸੋ ਅਜਿਹਾ ਕਰਨ ਨਾਲ ਨਾ ਸਿਰਫ਼ ਵਧੇਰੇ ਪੈਦਾਵਾਰ ਹੀ ਮਿਲੇਗੀ ਬਲਕਿ ਜ਼ਮੀਨ ਦੀ ਸਿਹਤ ’ਚ ਵੀ ਸੁਧਾਰ ਕੀਤਾ ਜਾ ਸਕਦਾ ਹੈ ਅਤੇ ਕਣਕ ਦਾ ਨਾੜ ਵੀ ਗਲ ਜਾਵੇਗਾ। ਖੇਤੀਬਾੜੀ ਤੇ ਕਿਸਾਨ ਭਲਾਈ ਵਿਭਾਗ ਵੱਲੋਂ ਇਸ ਸਾਲ ਪੰਜਾਬ ਦੇ ਸਮੂਹ ਜ਼ਿਲ੍ਹਿਆਂ ’ਚ ਜੰਤਰ ਦਾ ਬੀਜ 35 ਰੁਪਏ ਪ੍ਰਤੀ ਕਿੱਲੋ ਦਿੱਤਾ ਜਾਵੇਗਾ। ਹੁਣ ਸਮਾਂ ਆ ਗਿਆ ਹੈ ਕਿ ਕਣਕ- ਝੋਨੇ ਦੇ ਫ਼ਸਲੀ ਚੱਕਰ ’ਚ ਜ਼ਮੀਨ ਦੀ ਵਿਗੜ ਰਹੀ ਸਿਹਤ ਤੇ ਵਾਤਾਵਰਨ ਨੂੰ ਖ਼ਰਾਬ ਹੋਣ ਤੋਂ ਬਚਾਈਏ।

ਕਿਸਾਨਾਂ ਦੀ ਮੰਗ ਹੈ ਕਿ ਮਈ ਮਹੀਨੇ ਦੌਰਾਨ ਬਿਜਲੀ ਦੀ ਸਪਲਾਈ ਰੋਜ਼ਾਨਾ ਘੱਟੋ- ਘੱਟ 4 ਘੰਟੇ ਜਾਰੀ ਰੱਖਣੀ ਚਾਹੀਦੀ ਹੈ ਕਿਉਂਕਿ ਮੱਕੀ, ਮਾਂਹ , ਮੂੰਗੀ ਤੇ ਹਰੀ ਖਾਦ ਲਈ ਬੀਜੀ ਫ਼ਸਲ ਨੂੰ ਪਾਣੀ ਦੀ ਜ਼ਰੂਰਤ ਪੈਂਦੀ ਹੈ। ਜੇ ਇਸ ਸਮੇਂ ਦੌਰਾਨ ਬਿਜਲੀ ਦੀ ਸਪਲਾਈ ਲਗਾਤਾਰ ਜਾਰੀ ਨਹੀਂ ਰਹਿੰਦੀ ਤਾਂ ਮੱਕੀ, ਦਾਲਾਂ, ਕਮਾਦ ਅਤੇ ਹਰੀ ਖਾਦ ਵਾਲੀ ਫ਼ਸਲ ਨੂੰ ਬਹੁਤ ਨੁਕਸਾਨ ਹੁੰਦਾ ਹੈ। ਇਸ ਤੋਂ ਇਲਾਵਾ ਬਾਸਮਤੀ ਦੀ ਕਾਸ਼ਤ ਵਾਲੇ ਇਲਾਕਿਆਂ ’ਚ ਕਣਕ ਦੀ ਕਟਾਈ ਤੋਂ ਬਾਅਦ ਮੂੰਗੀ ਦੀ ਕਾਸ਼ਤ ਵੀ ਕੀਤੀ ਜਾ ਸਕਦੀ ਹੈ।

ਸੋ ਆਓ ਪ੍ਰਣ ਕਰੀਏ ਕਿ ਇਸ ਵਾਰ ਕਣਕ ਦੇ ਨਾੜ ਨੂੰ ਅੱਗ ਨਾ ਲਾ ਕੇ ਹਰੀ ਖਾਦ ਲਈ ਜੰਤਰ ਤੇ ਮੂੰਗੀ ਦੀ ਕਾਸ਼ਤ ਕਰਾਂਗੇ ਤਾਂ ਜੋ ਜ਼ਮੀਨ ਦੀ ਸਿਹਤ ’ਚ ਸੁਧਾਰ, ਆਮਦਨ ’ਚ ਵਾਧਾ ਕਰਨ ਦੇ ਨਾਲ -ਨਾਲ ਵਾਤਾਵਰਨ ਨੂੰ ਪ੍ਰਦੂਸ਼ਿਤ ਹੋਣ ਤੋਂ ਬਚਾ ਸਕੀਏ ਅਤੇ ਵਾਤਾਵਰਨ ਨੂੰ ਇਸੇ ਤਰ੍ਹਾਂ ਸਾਫ਼ ਰੱਖ ਸਕੀਏ।

ਹੋ ਰਿਹਾ ਹੈ ਤਾਪਮਾਨ ’ਚ ਵਾਧਾ

ਨਾੜ ਨੂੰ ਅੱਗ ਲਾ ਕੇ ਸਾੜਨ ਨਾਲ ਵੱਡੀ ਮਾਤਰਾ ’ਚ ਜ਼ਹਿਰੀਲੀਆਂ ਗੈਸਾਂ ਜਿਵੇਂ ਕਾਰਬਨ ਡਾਈਆਕਸਾਈਡ, ਕਾਰਬਨ ਮੋਨੋਆਕਸਾਈਡ, ਮੀਥੇਨ, ਨਾਈਟਰਸ ਆਕਸਾਈਡ ਆਦਿ ਪੈਦਾ ਹੋਣ ਕਾਰਨ ਮਨੁੱਖਾਂ ’ਚ ਸਾਹ,ਅੱਖਾਂ ’ਚ ਜਲਣ ਅਤੇ ਚਮੜੀ ਦੇ ਰੋਗਾਂ ਦਾ ਖ਼ਤਰਾ ਪੈਦਾ ਹੋ ਜਾਂਦਾ ਹੈ। ਵਾਤਾਵਰਨ ’ਚ ਆ ਰਹੀ ਤਬਦੀਲੀ ਦੇ ਪ੍ਰਭਾਵ ਪਹਿਲਾਂ ਹੀ ਸਾਡੇ ਸਾਹਮਣੇ ਹਨ, ਜਿਸ ਨਾਲ ਕਿਧਰੇ ਹੜ੍ਹ ਅਤੇ ਕਿਧਰੇ ਸੋਕਾ ਪੈ ਰਿਹਾ ਹੈ ਅਤੇ ਨਾਮੁਰਾਦ ਬਿਮਾਰੀਆਂ ’ਚ ਵਾਧਾ ਹੋ ਰਿਹਾ ਹੈ। ਅੱਜ ਜੋ ਹੋ ਰਿਹਾ ਹੈ, ਸ਼ਾਇਦ ਇਸੇ ਦਾ ਹੀ ਨਤੀਜਾ ਹੈ। ਮਾਹਿਰਾਂ ਦਾ ਅਨੁਮਾਨ ਹੈ ਕਿ ਮੌਸਮੀ ਤਬਦੀਲੀਆਂ ਕਾਰਨ ਸਾਲ 2050 ਤੱਕ ਗਰਮੀਆਂ ਦਾ ਤਾਪਮਾਨ 3.2 ਡਿਗਰੀ ਸੈਂਟੀਗ੍ਰੇਡ ਤੇ ਸਾਲ 2080 ਤੱਕ 4.5 ਡਿਗਰੀ ਸੈਂਟੀਗ੍ਰੇਡ ਵਧ ਜਾਵੇਗਾ। ਖੇਤੀ ਮਾਹਿਰਾਂ ਅਨੁਸਾਰ ਮੌਸਮੀ ਤਬਦੀਲੀਆਂ ਕਾਰਨ ਭਾਰਤ ’ਚ 2 ਡਿਗਰੀ ਸੈਂਟੀਗ੍ਰੇਡ ਤਾਪਮਾਨ ’ਚ ਵਾਧਾ ਕਣਕ ਦੀ 0.45 ਮੀਟਿ੍ਰਕ ਟਨ ਤੇ ਝੋਨੇ ਦੀ 0.7 ਮੀਟਿ੍ਰਕ ਟਨ ਪੈਦਾਵਾਰ ਘਟਾ ਸਕਦਾ ਹੈ। ਮੌਸਮੀ ਤਬਦੀਲੀ ਕਾਰਨ ਫ਼ਸਲਾਂ ਨੂੰ ਲੱਗਣ ਵਾਲੇ ਕੀੜਿਆਂ- ਮਕੌੜਿਆਂ ਦੀ ਗਿਣਤੀ ’ਚ ਵਾਧਾ ਹੋ ਸਕਦਾ ਹੈ।

- ਡਾ. ਗੁਰਵਿੰਦਰ ਸਿੰਘ ਖ਼ਾਲਸਾ, ਡਾ. ਅਮਰੀਕ ਸਿੰਘ

Posted By: Harjinder Sodhi