ਜਦੋਂ ਬਰਸਾਤ ਦਾ ਮੌਸਮ ਸ਼ੁਰੂ ਹੁੰਦਾ ਹੈ ਤਾਂ ਪੰਜਾਬ ਵਿਚ ਰੁੱਖ ਲਗਾਉਣ ਦੀ ਮੁਹਿੰਮ ਵੀ ਸ਼ੁਰੂ ਹੋ ਜਾਂਦੀ ਹੈ। ਇਹ ਵਰ੍ਹਾ ਗੁਰੂ ਨਾਨਕ ਸਾਹਿਬ ਦੇ 550ਵੇਂ ਪ੍ਰਕਾਸ਼ ਪੁਰਬ ਦਾ ਵਰ੍ਹਾ ਹੋਣ ਕਰਕੇ ਸ਼ੁਰੂ ਸਾਲ ਤੋਂ ਹੀ ਰੁੱਖ ਲਗਾਉਣ ਦਾ ਕੰਮ ਜ਼ੋਰ-ਸ਼ੋਰ ਨਾਲ ਚੱਲ ਰਿਹਾ ਹੈ। ਪੰਜਾਬ ਸਰਕਾਰ ਵੱਲੋਂ ਹਰ ਪਿੰਡ ਵਿਚ 550 ਰੁੱਖ ਲਗਾਉਣ ਦਾ ਟੀਚਾ ਮਿੱਥਿਆ ਗਿਆ ਹੈ। ਇਸੇ ਤਰ੍ਹਾਂ ਹੋਰ ਕਈ ਸੰਸਥਾਵਾਂ 550 ਦੇ ਅੰਕੜੇ ਅਨੁਸਾਰ ਬੂਟੇ ਲਗਾ ਰਹੀਆਂ ਹਨ।

ਪੰਜਾਬ ਵਿਚ ਹਰ ਸਾਲ ਕਰੋੜਾਂ ਨਵੇਂ ਬੂਟੇ ਲਗਾਏ ਜਾਂਦੇ ਹਨ ਪਰ ਅਫ਼ਸੋਸ ਹੈ ਕਿ ਸੂਬੇ ਵਿਚ ਹਰ ਸਾਲ ਰੁੱਖਾਂ ਦੀ ਗਿਣਤੀ ਘਟ ਰਹੀ ਹੈ। ਪੰਜਾਬ ਵਿਚ ਇਹ ਰੁੱਖ ਆਮ ਤੌਰ 'ਤੇ ਸੜਕਾਂ ਕੰਢੇ ਲੱਗੇ ਹੋਏ ਹਨ, ਜਿਸ ਕਾਰਨ ਸੜਕਾਂ ਚੌੜੀਆਂ ਕਰਨ ਦੇ ਪ੍ਰੋਗਰਾਮ ਅਧੀਨ ਰੁੱਖਾਂ ਦੀ ਕਟਾਈ ਬੇਰਹਿਮੀ ਨਾਲ ਹੋ ਰਹੀ ਹੈ। ਪੰਜਾਬ ਦੀਆਂ ਲਗਪਗ ਸਾਰੀਆਂ ਮੁੱਖ ਸੜਕਾਂ ਰੁੱਖਾਂ ਤੋਂ ਰਹਿਤ ਹੋ ਗਈਆਂ ਹਨ। ਇਹ ਸੁੰਨੀਆਂ ਸੜਕਾਂ ਸਫ਼ਰ ਨੂੰ ਸੁਖਾਵਾਂ ਬਣਾਉਣ ਦੀ ਥਾਂ ਦੁੱਖਦਾਈ ਬਣਾ ਰਹੀਆਂ ਹਨ। ਇਹ ਵੇਖਣਾ ਜਰੂਰੀ ਹੈ ਕਿ ਵੱਡੀ ਗਿਣਤੀ 'ਚ ਹਰ ਵਰ੍ਹੇ ਰੁੱਖ ਲਗਾਏ ਜਾਣ ਦੇ ਬਾਵਜੂਦ ਸੂਬੇ 'ਚ ਰੁੱਖਾਂ ਦੀ ਗਿਣਤੀ ਕਿਉਂ ਘਟ ਰਹੀ ਹੈ?

ਮੁਹਿੰਮ ਨੂੰ ਵਿਖਾਵਾ ਨਾ ਬਣਾਓ

ਪੰਜਾਬ ਵਿਚ ਸਾਰੇ ਖੇਤਰਾਂ 'ਚ ਵਿਖਾਵਾ ਭਾਰੂ ਹੋ ਗਿਆ ਹੈ ਤੇ ਰੁੱਖ ਲਗਾਉਣਾ ਵੀ ਇਸੇ ਲਪੇਟ 'ਚ ਆ ਗਿਆ ਹੈ। ਹਰੇਕ ਸੰਸਥਾ, ਸਮਾਜ ਸੇਵਕ, ਸਰਕਾਰ ਆਦਿ ਇਕ ਦੂਜੇ ਤੋਂ ਵੱਧ ਰੁੱਖ ਲਗਾਉਣ ਦਾ ਯਤਨ ਕਰ ਰਹੇ ਹਨ ਪਰ ਇਨ੍ਹਾਂ ਵਿਚੋਂ ਜੀਵਤ ਕੋਈ ਕਰਮਾਂ ਵਾਲਾ ਰੁੱਖ ਹੀ ਰਹਿੰਦਾ ਹੈ। ਇਸ ਵਰ੍ਹੇ ਮਈ-ਜੂਨ ਦੀ ਭਰ ਗਰਮੀ ਵਿਚ ਵੀ ਰੁੱਖ ਲੱਗਦੇ ਰਹੇ। ਬਹੁਤੀਆਂ ਸੰਸਥਾਵਾਂ ਨੂੰ ਰੁੱਖ ਲਗਾਉਣ ਵਾਲੀ ਥਾਂ ਦੀ ਚੋਣ, ਰੁੱਖਾਂ ਦੀਆਂ ਮਿਆਰੀ ਕਿਸਮਾਂ ਅਤੇ ਦੇਖਭਾਲ ਬਾਰੇ ਕੁਝ ਵੀ ਪਤਾ ਨਹੀਂ ਹੈ। ਉਹ ਤਾਂ ਜਿੱਥੇ ਵੀ ਖ਼ਾਲੀ ਥਾਂ ਮਿਲਦੀ ਹੈ, ਰੁੱਖ ਲਗਾ ਦਿੰਦੇ ਹਨ।

ਤਸਵੀਰਾਂ ਖਿੱਚੀਆਂ ਜਾਂਦੀਆਂ ਹਨ ਤੇ ਮੀਡੀਆ 'ਚ ਖਬਰਾਂ ਛਪ ਜਾਂਦੀਆਂ ਹਨ। ਮੈਂ ਮਈ-ਜੂਨ ਦੇ ਮਹੀਨੇ ਕੁਝ ਸਮਾਜ ਸੇਵਕਾਂ ਨੂੰ ਰੁੱਖ ਲਗਾਉਂਦੇ ਵੇਖਿਆ। ਉਹ ਬੂਟਿਆਂ ਦੀ ਗੱਡੀ ਭਰ ਕੇ ਲਿਆਏ, ਨਹਿਰ ਕੰਢੇ ਖ਼ਾਲੀ ਥਾਂ ਵੇਖ ਕੇ ਬੂਟੇ ਦੀ ਜਿਤਨੀ ਕੁ ਗਾਚੀ ਸੀ, ਓਨਾ ਕੁ ਡੂੰਘਾ ਟੋਇਆ ਪੁੱਟਿਆ ਤੇ ਬੂਟਾ ਲਗਾ ਦਿੱਤਾ। ਨਹਿਰ ਦਾ ਪਾਣੀ ਵੀ ਬੂਟੇ ਨੂੰ ਪਾ ਦਿੱਤਾ ਗਿਆ ਪਰ ਮੁੜ ਕਿਸੇ ਨੇ ਉਨ੍ਹਾਂ ਬੂਟਿਆਂ ਦੀ ਸਾਰ ਨਹੀਂ ਲਈ। ਬਰਸਾਤ ਸ਼ੁਰੂ ਹੋਣ ਤੋਂ ਪਹਿਲਾਂ ਹੀ ਇਹ ਬੂਟੇ ਦਮ ਤੋੜ ਗਏ। ਇਕ ਤਰ੍ਹਾਂ ਨਾਲੋ ਨਾਲ ਅਸੀਂ ਬੂਟਿਆਂ ਦੇ ਕਾਤਲ ਵੀ ਬਣ ਰਹੇ ਹਾਂ।

ਬੱਚਿਆਂ ਵਰਗੇ ਨਾਜ਼ੁਕ ਹੁੰਦੇ ਨੇ ਬੂਟੇ

ਬੂਟੇ ਬੜੇ ਨਾਜ਼ੁਕ ਹੁੰਦੇ ਹਨ। ਇਨ੍ਹਾਂ ਦੀ ਦੇਖਭਾਲ ਬੱਚਿਆਂ ਵਾਂਗ ਹੀ ਕਰਨੀ ਪੈਂਦੀ ਹੈ, ਫਿਰ ਜਾ ਕੇ ਇਹ ਜਵਾਨ ਹੁੰਦੇ ਹਨ। ਜੰਗਲਾਤ ਮਾਹਿਰ ਆਖਦੇ ਹਨ ਕਿ ਬੂਟੇ ਲਗਾਉਣ ਤੋਂ ਕੁਝ ਦਿਨ ਪਹਿਲਾਂ ਟੋਏ ਪੁੱਟਣੇ ਚਾਹੀਦੇ ਹਨ। ਇਕ ਮੀਟਰ ਡੂੰਘਾ ਤੇ ਇਕ ਮੀਟਰ ਘੇਰੇ ਵਾਲਾ ਟੋਆ ਪੁੱਟਿਆ ਜਾਵੇ, ਮੁੜ ਇਸ ਨੂੰ ਅੱਧੀ ਰੁੜੀ ਤੇ ਅੱਧੀ ਮਿੱਟੀ ਲੈ ਕੇ ਭਰਿਆ ਜਾਵੇ। ਜੇ ਸਿਓਂਕ ਦਾ ਡਰ ਹੈ ਤਾਂ ਮਾਹਿਰਾਂ ਦੀ ਸਲਾਹ ਅਨੁਸਾਰ ਸਿਓਂਕ ਨੂੰ ਮਾਰਨ ਵਾਲੀ ਦਵਾਈ ਵੀ ਟੋਏ ਵਿਚ ਪਾਈ ਜਾਵੇ। ਬੂਟੇ ਲਗਾਉਣ ਤੋਂ ਬਾਅਦ ਇਨ੍ਹਾਂ ਨੂੰ ਬਕਾਇਦਾ ਪਾਣੀ ਦੇਣ ਦਾ ਪ੍ਰਬੰਧ ਕੀਤਾ ਜਾਵੇ। ਡੰਗਰਾਂ ਤੇ ਮਨੁੱਖਾਂ ਤੋਂ ਬਚਾਉਣ ਲਈ ਬੂਟੇ ਦੁਆਲੇ ਜੰਗਲੇ ਲਗਾਉਣੇ ਜਾਂ ਵਾੜ ਕਰਨੀ ਜਰੂਰੀ ਹੈ। ਸਾਡੇ ਵਿਚੋਂ ਬਹੁਤਿਆਂ ਦੀ ਆਦਤ ਹੈ ਕਿ ਤੁਰੇ ਜਾਂਦੇ ਐਵੇਂ ਹੀ ਬੂਟੇ ਨਾਲ ਛੇੜਖਾਨੀ ਕਰਨ ਲੱਗ ਪੈਂਦੇ ਹਾਂ।

ਬੂਟਿਆਂ ਦੀ ਦੇਖਭਾਲ ਲਈ ਵਿਦਿਆਰਥੀਆਂ, ਪੰਚਾਇਤਾਂ ਤੇ ਸਮਾਜ ਸੇਵਕਾਂ ਦੀ ਮਦਦ ਲਈ ਜਾ ਸਕਦੀ ਹੈ। ਹਰ ਕੋਈ ਆਪੋ ਆਪਣੇ ਹਿੱਸੇ ਆਏ ਬੂਟਿਆਂ ਦੀ ਦੇਖਭਾਲ ਕਰੇ। ਬੱਚਿਆਂ ਲਈ ਇਹ ਇਕ ਵਧੀਆ ਅਨੁਭਵ ਹੋਵੇਗਾ, ਜਦੋਂ ਉਹ ਆਪਣੀ ਮਿਹਨਤ ਸਦਕਾ ਬੂਟੇ ਨੂੰ ਵੱਡਾ ਹੁੰਦਾ ਵੇਖਣਗੇ ਤਾਂ ਉਨ੍ਹਾਂ ਦੇ ਗਿਆਨ 'ਚ ਵੀ ਵਾਧਾ ਹੋਵੇਗਾ ਤੇ ਉਹ ਰੁੱਖ ਲਗਾ ਕੇ ਵਾਤਾਵਰਨ ਦੀ ਸੰਭਾਲ ਪ੍ਰਤੀ ਵੀ ਉਤਸ਼ਾਹਤ ਹੋਣਗੇ।

ਸੱਚੇ ਮਿੱਤਰ ਹਨ ਰੁੱਖ

ਵੇਖਣ 'ਚ ਆਇਆ ਹੈ ਕਿ ਜਿਹੜਾ ਵੀ ਬੂਟਾ ਮਿਲ ਗਿਆ, ਖ਼ਾਨਾ-ਪੂਰਤੀ ਲਈ ਉਸੇ ਨੂੰ ਲਗਾ ਦਿੱਤਾ ਜਾਂਦਾ ਹੈ। ਬੂਟਿਆਂ ਦੀ ਚੋਣ ਕਰਦੇ ਸਮੇਂ ਇਹ ਵੇਖਣ ਜਰੂਰੀ ਹੈ ਕਿ ਬੂਟੇ ਕਿੱਥੇ ਲਗਾਏ ਜਾ ਰਹੇ ਹਨ। ਖੁੱਲ੍ਹੀ ਥਾਂ 'ਤੇ ਵੱਡੇ ਰੁੱਖ ਲਗਾਏ ਜਾਣ, ਥੋਹੜੀ ਥਾਂ 'ਚ ਛੋਟੇ ਕੱਦ ਵਾਲੇ ਬੂਟੇ ਲਗਾਉਣੇ ਚਾਹੀਦੇ ਹਨ। ਜਿੱਥੋਂ ਬਿਜਲੀ ਦੀਆਂ ਤਾਰਾਂ ਲੰਘਦੀਆਂ ਹੋਣ, ਉੱਥੇ ਵੀ ਛੋਟੇ ਕੱਦ ਵਾਲੇ ਬੂਟੇ ਲਗਾਓ। ਸਕੂਲਾਂ, ਕਾਲਜਾਂ ਅੰਦਰ ਫਲਾਂ ਵਾਲੇ ਰੁੱਖ ਲਗਾਏ ਜਾਣ। ਕਿਸਾਨਾਂ ਨੂੰ ਉਹ ਰੁੱਖ ਲਗਾਉਣੇ ਚਾਹੀਦੇ ਹਨ, ਜਿਨ੍ਹਾਂ ਦੀ ਲੱਕੜ ਵਧੀਆ ਹੋਵੇ। ਪੰਜਾਬ ਨੂੰ ਖ਼ੂਬਸੂਰਤ ਬਣਾਉਣ ਤੇ ਵਾਤਾਵਰਨ ਨੂੰ ਸ਼ੁੱਧ ਰੱਖਣ ਲਈ ਰੁੱਖਾਂ ਦੀ ਬਹੁਤ ਲੋੜ ਹੈ। ਰੁੱਖ ਮਨੁੱਖ ਦੇ ਸੱਚੇ ਮਿੱਤਰ ਹਨ। ਮੰਨਿਆ ਜਾਂਦਾ ਹੈ ਇਕ ਰੁੱਖ ਸਾਲ ਵਿਚ 20 ਕਿੱਲੋ ਧੂੜ ਨੂੰ ਰੋਕਦਾ ਹੈ ਤੇ 700 ਕਿੱਲੋ ਆਕਸੀਜਨ ਛੱਡਦਾ ਹੈ। ਇਕ ਰੁੱਖ ਸਾਲ ਵਿਚ 20 ਟਨ ਕਾਰਬਨ ਡਾਈਆਕਸਾਈਡ ਦਾ ਖ਼ਾਤਮਾ ਕਰਦਾ ਹੈ। ਰੁੱਖ ਗਰਮੀ ਨੂੰ ਵੀ ਘੱਟ ਕਰਦੇ ਹਨ। ਰੁੱਖ ਤਣਾਅ ਨੂੰ ਘਟ ਕਰਨ ਤੇ ਮਨੁੱਖ ਦੀ ਉਮਰ 'ਚ ਵਾਧਾ ਕਰਨ ਦਾ ਵਧੀਆ ਜ਼ਰੀਆ ਹਨ।

ਹਰ ਕਿਸਾਨ ਲਗਾਏ ਪੰਜ ਰੁੱਖ

ਹਰ ਕਿਸਾਨ ਨੂੰ ਚਾਹੀਦਾ ਹੈ ਕਿ ਆਪਣੇ ਖੇਤਾਂ ਤੇ ਘਰ ਨੇੜਲੀ ਖ਼ਾਲੀ ਜ਼ਮੀਨ 'ਤੇ ਘੱਟੋ ਘੱਟ ਪੰਜ ਬੂਟੇ ਜਰੂਰ ਲਗਾਵੇ। ਇਹ ਰੁੱਖ ਉਸ ਦੀਆਂ ਕਈ ਲੋੜਾਂ ਦੀ ਪੂਰਤੀ ਕਰਨਗੇ। ਕਿਸਾਨਾਂ ਨੂੰ ਆਪਣੇ ਖੇਤਾਂ ਵਿਚ ਸਫ਼ੈਦਾ, ਤੂਤ, ਕਿੱਕਰ, ਡੇਕ, ਸਾਗਵਾਨ, ਤੂਣ ਤੇ ਖੈਰ ਦੇ ਰੁੱਖ ਲਗਾਉਣੇ ਚਾਹੀਦੇ ਹਨ। ਜੇ ਸਜਾਵਟੀ ਰੁੱਖ ਲਗਾਉਣੇ ਹਨ ਤਾਂ ਅਸਟ੍ਰੇਲੀਅਨ ਕਿੱਕਰ, ਗੋਲਡਨ ਫਿਗ, ਸਿਲਵਰ ਓਕ, ਮਿਲੀਟੀਆ, ਕਚਨਾਲ, ਅਸ਼ੋਕਾ, ਅਰਜਨ, ਸੁਖਚੈਨ ਆਦਿ ਰੁੱਖ ਲਗਾਏ ਜਾ ਸਕਦੇ ਹਨ। ਪੰਜਾਬ 'ਚ ਸਦਾਬਹਾਰ ਫ਼ਲਦਾਰ ਬੂਟੇ ਲਗਾਉਣ ਦਾ ਹੁਣ ਢੁੱਕਵਾਂ ਸਮਾਂ ਹੈ। ਕਿਨੂੰ, ਨਿੰਬੂ, ਅਮਰੂਦ, ਅੰਬ, ਜਾਮਣ ਦੇ ਬੂਟੇ ਲਗਾਏ ਜਾ ਸਕਦੇ ਹਨ। ਜੇਕਰ ਬਾਗ਼ ਲਗਾਉਣਾ ਹੈ ਤਾਂ ਖੇਤ ਦੀ ਮਿੱਟੀ ਦੀ ਪਰਖ ਜਰੂਰ ਕਰਵਾਈ ਜਾਵੇ। ਗੁਰਦਾਸਪੁਰ ਤੇ ਪਠਾਨਕੋਟ ਜ਼ਿਲ੍ਹਿਆਂ 'ਚ ਲੀਚੀ ਵੀ ਲਗਾਈ ਜਾ ਸਕਦੀ ਹੈ।

ਬੂਟੇ ਭਾਵੇਂ ਥੋੜ੍ਹੇ ਲਗਾਏ ਜਾਣ ਪਰ ਉਨ੍ਹਾਂ ਦੀ ਦੇਖਭਾਲ ਲਾਜ਼ਮੀ ਕੀਤੀ ਜਾਵੇ। ਜੇਕਰ ਬੂਟਿਆਂ ਦੀ ਦੇਖਭਾਲ ਨਹੀਂ ਕੀਤੀ ਜਾਂਦੀ ਤਾਂ ਅਸੀਂ ਬੂਟਿਆਂ ਨੂੰ ਮਰਨ ਲਈ ਛੱਡ ਦਿੰਦੇ

ਹਾਂ ਤੇ ਇਸ ਨਾਲ ਨਾ ਤਾਂ ਹਰਿਆਲੀ ਲਿਆਉਣ ਦੀ ਇਸ ਮੁਹਿੰਮ ਨੂੰ ਹੁਲਾਰਾ ਮਿਲਦਾ ਹੈ ਤੇ ਨਾ ਹੀ ਵਾਤਾਵਰਨ ਸੰਭਾਲ ਦਾ ਅਹਿਦ ਤੋੜ ਚੜ੍ਹਦਾ ਹੈ।

- ਡਾ. ਰਣਜੀਤ ਸਿੰਘ

94170-87328

Posted By: Harjinder Sodhi