ਝੋਨੇ ਦੀ ਫ਼ਸਲ 'ਤੇ ਦਰਜਨ ਤੋਂ ਵੱਧ ਕੀੜੇ-ਮਕੌੜੇ ਹਮਲਾ ਕਰਦੇ ਹਨ। ਇਨ੍ਹਾਂ ਵਿਚੋਂ ਕੀੜੇ ਤਣੇ ਦੀਆਂ ਸੁੰਡੀਆਂ (ਪੀਲੀ, ਚਿਟੀ ਤੇ ਗੁਲਾਬੀ), ਪੱਤੇ ਖਾਣ ਵਾਲੇ ਕੀੜੇ (ਪੱਤਾ ਲਪੇਟ ਸੁੰਡੀ, ਹਿਸਪਾ ਤੇ ਘਾਹ ਦੇ ਟਿੱਡੇ) ਅਤੇ ਰਸ ਚੂਸਣ ਵਾਲੇ ਕੀੜੇ (ਬੂਟਿਆਂ ਦੇ ਟਿੱਡੇ) ਪ੍ਰਮੁੱਖ ਹਨ।

ਤਣੇ ਦੇ ਗੜੂੰਏਂ

ਇਸ ਕੀੜੇ ਨੂੰ ਗੋਭ ਦੀ ਸੁੰਡੀ ਵੀ ਆਖਦੇ ਹਨ। ਪੰਜਾਬ 'ਚ ਤਣੇ ਦੇ ਗੜੂੰਏਂ ਦੀਆਂ ਤਿੰਨ ਕਿਸਮਾਂ, ਪੀਲਾ, ਚਿਟਾ ਤੇ ਗੁਲਾਬੀ ਗੜੂੰਆਂ ਹਨ। ਇਨ੍ਹਾਂ ਦਾ ਹਮਲਾ ਜੁਲਾਈ ਤੋਂ ਅਕਤੂਬਰ ਵਿਚ ਹੁੰਦਾ ਹੈ।

ਪੀਲਾ ਗੜੂੰਆਂ

ਇਸ ਦੀ ਮਾਦਾ ਬਾਲਗ ਹਲਕੇ ਸੰਤਰੀ ਵਾਲਾਂ ਨਾਲ ਪੱਤਿਆਂ ਦੇ ਸਿਰਿਆਂ ਦੇ ਨੇੜੇ ਝੁੰਡਾਂ ਵਿਚ ਆਂਡੇ ਦਿੰਦੀ ਹੈ। ਇਹ ਸੁੰਡੀ ਪਤਲੀ, ਹਰੀ-ਪੀਲੀ ਤੋਂ ਘਸਮੈਲੇ ਰੰਗ ਦੀ ਹੁੰਦੀ ਹੈ। ਵੱਡੀਆਂ ਸੁੰਡੀਆਂ ਸਰਦੀਆਂ ਵਿਚ ਪੌਦੇ ਦੇ ਮੁੱਢਾਂ ਜਾਂ ਫ਼ਸਲੀ ਰਹਿੰਦ-ਖੂੰਹਦ) 'ਚ ਨਵੰਬਰ ਤੋਂ ਮਾਰਚ ਤਕ ਰਹਿੰਦੀਆਂ ਹਨ। ਇਸ ਦਾ ਪਿਊਪਾ ਜਾਂ ਕੋਆ ਚਿੱਟੇ-ਪੀਲੇ ਰੰਗ ਦਾ ਹੁੰਦਾ ਹੈ ਤੇ ਹਰੀ ਭਾਅ ਮਾਰਦਾ ਹੈ। ਮਾਦਾ ਪਤੰਗੇ ਦਾ ਰੰਗ ਪੀਲਾ-ਚਿੱਟਾ ਹੁੰਦਾ ਹੈ, ਜਿਸ ਦੇ ਅਗਲੇ ਖੰਭ ਸੰਤਰੀ-ਪੀਲੇ ਹੁੰਦੇ ਹਨ ਤੇ ਹਰੇਕ ਅਗਲੇ ਖੰਭ ਦੇ ਵਿਚਕਾਰ ਕਾਲਾ ਧੱਬਾ ਹੁੰਦਾ ਹੈ। ਮਾਦਾ ਪਤੰਗੇ ਦਾ ਧੜ ਸ਼ੁਰੂ ਤੋਂ ਜ਼ਿਆਦਾ ਫ਼ੈਲਿਆ ਹੁੰਦਾ ਹੈ ਤੇ ਪੀਲੇ-ਭੂਰੇ ਰੰਗ ਦੀ ਵਾਲਾਂ ਦੀ ਝਾਲਰ ਨਾਲ ਖ਼ਤਮ ਹੁੰਦਾ ਹੈ। ਨਰ ਬਾਲਗ ਹਲਕੇ ਭੂਰੇ ਹੁੰਦੇ ਹਨ, ਜਿਸ ਦੇ ਅਗਲੇ ਖੰਭਾਂ 'ਤੇ ਛੋਟੇ-ਛੋਟੇ ਧੱਬੇ ਹੁੰਦੇ ਹਨ।

ਚਿੱਟਾ ਗੜੂੰਆਂ

ਮਾਦਾ ਪਤੰਗਾ ਪੀਲੇ ਤੇ ਭੂਰੇ ਰੇਸ਼ਮੀ ਵਾਲਾਂ ਨਾਲ ਢਕੇ ਹੋਏ ਆਂਡੇ ਝੁੰਡਾਂ ਵਿਚ ਦਿੰਦੀ ਹੈ। ਸੁੰਡੀਆਂ ਚਿੱਟੇ ਤੋਂ ਹਲਕੀਆਂ ਪੀਲੀਆਂ ਹੁੰਦੀਆਂ ਹਨ। ਸੁੰਡੀ ਦੀ ਲੰਬਾਈ 25 ਮਿਲੀਮੀਟਰ ਤਕ ਹੋ ਸਕਦੀ ਹੈ। ਇਸ ਦੀ ਭੋਜਨ ਨਾਲੀ ਗੂੜੇ ਰੰਗ ਦੀ ਪਾਰਦਰਸ਼ੀ ਪੱਟੀ ਵਾਂਗ ਉੱਪਰਲੇ ਪਾਸੇ ਵਿਖਾਈ ਦਿੰਦੀ ਹੈ। ਇਸ ਦਾ ਕੋਆ ਨਰਮ ਤੇ ਪੀਲੇ ਰੰਗ ਦਾ ਹੁੰਦਾ ਹੈ। ਕੋਆ, ਸੁੰਡੀ ਦੁਆਰਾ ਬਣਾਈ ਸੁਰੰਗ 'ਚ ਹੁੰਦਾ ਹੈ। ਨਰ ਤੇ ਮਾਦਾ ਪਤੰਗੇ ਪਤਲੇ ਤੇ ਚਿੱਟੇ ਰੰਗ ਦੇ ਹੁੰਦੇ ਹਨ। ਨਰ ਪਤੰਗੇ ਮਾਦਾ ਪਤੰਗਿਆਂ ਤੋਂ ਛੋਟੇ ਹੁੰਦੇ ਹਨ। ਮਾਦਾ ਪਤੰਗੇ ਵਿਚ ਭੂਰੇ ਰੰਗ ਦੀ ਝਾਲਰ ਧੜ ਦੇ ਅਖ਼ੀਰ 'ਤੇ ਹੁੰਦੀ ਹੈ।

ਗੁਲਾਬੀ ਗੜੂੰਆਂ

ਮਾਦਾ ਪਤੰਗਾਂ ਮਣਕਿਆਂ ਵਰਗੇ ਆਂਡੇ ਕਤਾਰਾਂ ਵਿਚ ਤਣੇ ਤੇ ਪੱਤੇ ਦੀ ਡੰਡੀ ਵਿੱਚ ਦਿੰਦੀ ਹੈ। ਸੁੰਡੀਆਂ ਦਾ ਉੱਪਰਲਾ ਹਿੱਸਾ ਗੁਲਾਬੀ ਤੇ ਹੇਠਲਾ ਹਿੱਸਾ ਸਫ਼ੈਦ ਹੁੰਦਾ ਹੈ। ਇਸ ਦਾ ਕੋਆ ਗੂੜਾ ਭੂਰਾ ਹੁੰਦਾ ਹੈ। ਪਤੰਗੇ ਦੇ ਸਰੀਰ 'ਤੇ ਭੂਰੀਆਂ ਧਾਰੀਆਂ ਹੁੰਦੀਆਂ ਹਨ ਤੇ ਸਰੀਰ 'ਤੇ ਵਾਲ ਹੁੰਦੇ ਹਨ। ਇਨ੍ਹਾਂ ਦੇ ਅਗਲੇ ਖੰਭਾਂ ਦੇ ਵਿਚਕਾਰੋਂ ਇਕ ਵੱਖਰੀ ਤਰ੍ਹਾਂ ਦੀ ਕਾਲੀ-ਸਲੇਟੀ ਕਿਰਨ ਖੰਭ ਦੇ ਸਿਰੇ ਵੱਲ ਵਧਦੀ ਹੈ ਤੇ ਗੂੜ੍ਹੇ ਧੱਬਿਆਂ ਦੀ ਪਤਲੀ ਕਤਾਰ ਦੇ ਰੂਪ 'ਚ ਖ਼ਤਮ ਹੋ ਜਾਂਦੀ ਹੈ।

ਨੁਕਸਾਨ : ਤਿੰਨੋਂ ਤਰ੍ਹਾਂ ਦੇ ਕੀੜਿਆਂ ਦੀਆਂ ਸੁੰਡੀਆਂ ਮੁੰਜਰਾਂ ਨਿਕਲਣ ਤੋਂ ਪਹਿਲਾਂ ਤਣੇ 'ਚ ਵੜ ਜਾਂਦੀਆਂ ਹਨ ਤੇ ਗੋਭ ਨੂੰ ਅੰਦਰੋ-ਅੰਦਰ ਖਾਂਦੀਆਂ ਹਨ, ਜਿਸ ਨਾਲ ਗੋਭ ਸੁੱਕ ਜਾਂਦੀ ਹੈ। ਇਸ ਸੁੱਕੀ ਹੋਈ ਗੋਭ ਨੂੰ 'ਡੈੱਡ ਹਾਰਟ' ਆਖਦੇ ਹਨ। ਜੇ ਹਮਲਾ ਮੁੰਜਰਾਂ ਨਿਕਲਣ ਤੋਂ ਬਾਅਦ ਹੋਵੇ ਤਾਂ ਇਹ ਸੁੱਕ ਜਾਂਦੀਆਂ ਹਨ ਤੇ ਇਸ ਵਿਚ ਦਾਣੇ ਨਹੀਂ ਬਣਦੇ। ਇਹ ਮੁੰਜਰਾਂ ਸਫ਼ੈਦ ਰੰਗ ਦੀਆਂ ਦਿਸਦੀਆਂ ਹਨ।

ਰੋਕਥਾਮ : ਸਮੇਂ ਸਿਰ ਝੋਨੇ ਦੀ ਬਿਜਾਈ ਕਰਨ ਨਾਲ ਇਨ੍ਹਾਂ ਕੀੜਿਆਂ ਦੇ ਹਮਲੇ ਨੂੰ ਘਟਾਇਆ ਜਾ ਸਕਦਾ ਹੈ। ਫ਼ਸਲ ਦਾ ਲਗਾਤਾਰ ਸਰਵੇਖਣ ਕਰਦੇ ਰਹੋ। ਜਦੋਂ ਸੁੱਕੀਆਂ ਗੋਭਾਂ 5 ਫ਼ੀਸਦੀ ਤੋਂ ਵਧ ਜਾਣ ਤਾਂ ਮਾਹਿਰਾਂ ਦੀ ਰਾਏ ਨਾਲ ਕੀਟਨਾਸ਼ਕਾਂ ਦੀ ਵਰਤੋਂ ਕਰੋ।

ਪੱਤਾ ਲਪੇਟ ਸੁੰਡੀ

ਮਾਦਾ ਪਤੰਗਾ ਪੱਤਿਆਂ ਦੀਆਂ ਨਾੜਾਂ ਦੇ ਨੇੜੇ ਇਕ ਜਾਂ ਦੋ-ਦੋ ਕਰਕੇ 120-140 ਆਂਡੇ ਦਿੰਦੀ ਹੈ। ਆਂਡੇ ਚੌੜੇ, ਚਿੱਟੇ-ਪੀਲੇ ਤੇ ਪਾਰਦਰਸ਼ੀ ਹੁੰਦੇ ਹਨ। ਛੋਟੀ ਸੁੰਡੀ ਘਸਮੈਲੀ ਜਾਂ ਹਲਕੇ ਪੀਲੇ ਰੰਗ ਦੀ ਤੇ ਵੱਡੀ ਸੁੰਡੀ ਲੰਬੀ, ਪਤਲੀ ਤੇ ਹਰੇ-ਚਿੱਟੇ ਰੰਗ ਤੇ ਪਾਰਦਰਸ਼ੀ ਸਰੀਰ ਵਾਲੀ ਹੁੰਦੀ ਹੈ।

ਕੋਆ ਹਲਕੇ ਤੋਂ ਗੂੜ੍ਹੇ ਭੂਰੇ ਰੰਗ ਦਾ ਤੇ ਲੰਬਾ ਹੁੰਦਾ ਹੈ। ਇਹ ਲਪੇਟੇ ਹੋਏ ਪੱਤਿਆਂ ਦੇ ਅੰਦਰ ਮਿਲਦਾ ਹੈ। ਪਤੰਗੇ ਦੇ ਅਗਲੇ ਖੰਭ ਹਲਕੇ ਪੀਲੇ ਹੁੰਦੇ ਹਨ ਤੇ ਇਨ੍ਹਾਂ ਉੱਤੇ ਤਿੰਨ ਭੂਰੀਆਂ ਧਾਰੀਆਂ ਹੁੰਦੀਆਂ ਹਨ।

ਨੁਕਸਾਨ ਚਿੰਨ੍ਹ : ਇਸ ਦੀ ਸੁੰਡੀ ਦਾ ਬਹੁਤਾ ਨੁਕਸਾਨ ਅਗਸਤ ਤੋਂ ਅਕਤੂਬਰ ਦੌਰਾਨ ਹੁੰਦਾ ਹੈ। ਛੋਟੀਆਂ ਸੁੰਡੀਆਂ ਪੱਤਿਆਂ ਨੂੰ ਬਿਨਾਂ ਲਪੇਟੇ ਤੇ ਵੱਡੀਆਂ ਸੁੰਡੀਆਂ ਪੱਤਿਆਂ ਨੂੰ ਲਪੇਟ ਕੇ ਅੰਦਰੋਂ ਹਰਾ ਮਾਦਾ ਖਾਂਦੀਆਂ ਹਨ ਜਿਸ ਕਾਰਨ ਪੱਤਿਆਂ 'ਤੇ ਚਿੱਟੀਆਂਧਾਰੀਆਂ ਪੈ ਜਾਂਦੀਆਂ ਹਨ।

ਰੋਕਥਾਮ : ਪੱਤਾ ਲਪੇਟ ਸੁੰਡੀ ਦਾ ਹਮਲਾ ਦਰੱਖ਼ਤਾਂ ਦੀ ਛਾਂ ਹੇਠ ਜ਼ਿਆਦਾ ਹੁੰਦਾ ਹੈ। ਇਥੋਂ ਹੀ ਇਨ੍ਹਾਂ ਕੀੜਿਆਂ ਦਾ ਹਮਲਾ ਸ਼ੁਰੂ ਹੁੰਦਾ ਹੈ। ਜੇ ਕੀੜੇ ਦਾ ਹਮਲਾ ਨਿਸਰਣ ਤੋਂ ਪਹਿਲਾਂ ਹੋਵੇ ਤਾਂ 20-30 ਮੀਟਰ ਲੰਬੀ ਨਾਰੀਅਲ ਜਾਂ ਮੁੰਜ ਦੀ ਰੱਸੀ ਫ਼ਸਲ ਦੇ ਉੱਪਰਲੇ ਹਿੱਸੇ 'ਤੇ 2 ਵਾਰ ਫੇਰੋ। ਪਹਿਲਾਂ ਕਿਆਰੇ ਦੇ ਇਕ ਸਿਰੇ ਤੋਂ ਦੂਜੇ ਤਕ ਰਸੀ ਫੇਰੋ ਤੇ ਫਿਰ ਉਹਨੀਂ ਪੈਰੀਂ ਰੱਸੀ ਫੇਰਦੇ ਹੋਏ ਵਾਪਸ ਮੁੜੋ। ਧਿਆਨ ਵਿਚ ਰੱਖੋ ਕਿ ਰਸੀ ਫੇਰਨ ਸਮੇਂ ਫ਼ਸਲ ਵਿਚ ਪਾਣੀ ਜ਼ਰੂਰ ਖੜ੍ਹਾ ਹੋਵੇ। ਇਸ ਤੋਂ ਇਲਾਵਾ ਜਦੋਂ ਖਾਧੇ ਹੋਏ ਪੱਤਿਆਂ ਦੀ ਗਿਣਤੀ 10 ਫ਼ੀਸਦੀ ਜਾਂ ਵਧੇਰੇ ਹੋਵੇ ਤਾਂ ਮਾਹਿਰਾਂ ਦੀ ਰਾਏ ਅਨੁਸਾਰ ਕੀਟਨਾਸ਼ਕਾਂ ਦੀ ਵਰਤੋਂ ਕਰੋ।

ਰਸ ਚੂਸਣ ਵਾਲੇ ਕੀੜੇ

ਰਸ ਚੂਸਣ ਵਾਲੇ ਕੀੜੇ ਬੂਟਿਆਂ 'ਚੋਂ ਰਸ ਚੂਸ ਕੇ ਫ਼ਸਲ ਦਾ ਨੁਕਸਾਨ ਕਰਦੇ ਹਨ। ਰਸ ਚੂਸਣ ਵਾਲੇ ਕੀੜਿਆਂ 'ਚ ਮੁੱਖ ਤੌਰ 'ਤੇ ਬੂਟਿਆਂ ਦੇ ਟਿੱਡੇ ਆਉਂਦੇ ਹਨ। ਇਨ੍ਹਾਂ ਵਿਚ ਚਿੱਟੀ ਪਿੱਠ ਵਾਲੇ ਤੇ ਭੂਰੇ ਟਿੱਡੇ ਸ਼ਾਮਿਲ ਹਨ।

ਭੂਰਾ ਟਿੱਡਾ

ਇਸ ਕੀੜੇ ਦੇ ਆਂਡੇ ਗੁੰਬਦ ਦੀ ਸ਼ਕਲ ਵਰਗੇ ਡੱਟ ਨਾਲ ਢਕੇ ਹੁੰਦੇ ਹਨ। ਇਹ ਆਂਡੇ ਸਮੂਹ ਵਿਚ ਤੇ ਲੀਫ ਸ਼ੀਥ (ਤਣੇ ਦੇ ਦੁਆਲੇ ਪੱਤੇ ਦੇ ਖੋਲ) ਵਿਚ ਹੁੰਦੇ ਹਨ। ਬੱਚੇ (ਨਿੰਫ) ਰੂੰ ਵਰਗੇ ਚਿੱਟੇ ਤੇ ਬਾਅਦ 'ਚ ਭੂਰੇ ਰੰਗ ਦੇ ਹੋ ਜਾਂਦੇ ਹਨ। ਬਾਲਗ ਦਾ ਰੰਗ ਹਲਕੇ ਤੋਂ ਗੂੜ੍ਹਾ ਭੂਰਾ ਹੁੰਦਾ ਹੈ। ਨਰ ਮਾਦਾ ਨਾਲੋਂ ਛੋਟੇ ਹੁੰਦੇ ਹਨ।

ਚਿੱਟੀ ਪਿੱਠ ਵਾਲਾ ਟਿੱਡਾ

ਇਸ ਕੀੜੇ ਦੇ ਆਂਡੇ ਪਹਿਲਾਂ ਸਫ਼ੈਦ ਹੁੰਦੇ ਹਨ ਤੇ ਬਾਅਦ 'ਚ ਲਾਲ ਹੋ ਜਾਂਦੇ ਹਨ। ਇਸ ਦੇ ਆਂਡੇ 3-10 ਦੇ ਗਰੁੱਪ ਵਿਚ ਕਤਾਰਾਂ 'ਚ ਹੁੰਦੇ ਹਨ। ਨਿੰਫ ਸਲੇਟੀ-ਚਿੱਟੇ ਰੰਗ ਦੇ ਹੁੰਦੇ ਹਨ ਤੇ ਬਾਅਦ 'ਚ ਗੂੜ੍ਹੇ ਸਲੇਟੀ ਹੋ ਜਾਂਦੇ ਹਨ। ਬਾਲਗ ਹਲਕੇ ਪੀਲੇ ਹੁੰਦੇ ਹਨ ਤੇ ਇਸ ਦਾ ਮੂੰਹ ਤਿੱਖਾ ਹੁੰਦਾ ਹੈ। ਇਕ ਪਤਲੀ ਚਿੱਟੀ ਪੱਟੀ ਇਨ੍ਹਾਂ ਦੇ ਉੱਪਰਲੇ ਪਾਸੇ ਦਿਖਾਈ ਦਿੰਦੀ ਹੈ। ਇਕ ਕਾਲਾ ਧੱਬਾ ਅਗਲੇ ਖੰਭਾਂ ਦੇ ਪਿਛਲੇ ਪਾਸੇ ਵਿਖਾਈ ਦਿੰਦਾ ਹੈ।

ਨੁਕਸਾਨ ਚਿੰਨ੍ਹ : ਟਿੱਡਿਆਂ ਦੇ ਬੱਚੇ ਤੇ ਬਾਲਗ ਦੋਵੇਂ ਹੀ ਬੂਟੇ ਦਾ ਰਸ ਚੂਸਦੇ ਹਨ ਤੇ ਬੂਟੇ ਸੁੱਕ ਜਾਂਦੇ ਹਨ। ਇਸ ਨੂੰ 'ਟਿੱਡੇ ਦਾ ਸਾੜ' ਜਾਂ 'ਹਾਪਰ ਬਰਨ' ਆਖਦੇ ਹਨ। ਜਦੋਂ ਪਹਿਲੇ ਬੂਟੇ ਸੁੱਕ ਜਾਂਦੇ ਹਨ ਤਾਂ ਟਿੱਡੇ ਨੇੜਲੇ ਨਰੋਏ ਬੂਟਿਆਂ 'ਤੇ ਚਲੇ ਜਾਂਦੇ ਹਨ। ਕੁਝ ਦਿਨਾਂ ਵਿਚ ਹਮਲੇ ਵਾਲੇ ਥਾਵਾਂ 'ਚ ਵਾਧਾ ਹੋ ਜਾਂਦਾ ਹੈ।

ਸਰਵਪੱਖੀ ਰੋਕਥਾਮ : ਫ਼ਸਲ ਨੂੰ ਲੋੜ ਅਨੁਸਾਰ ਪਾਣੀ ਦੇਵੋ। ਟਿੱਡਿਆਂ ਦੇ ਹਮਲੇ ਸਮੇਂ ਖੇਤ 'ਚੋਂ 3-4 ਦਿਨਾਂ ਲਈ ਪਾਣੀ ਕੱਢ ਦੇਵੋ ਪਰ ਧਿਆਨ ਰੱਖੋ ਕਿ ਜ਼ਮੀਨ 'ਚ ਤਰੇੜਾਂ ਨਾ ਪੈਣ। ਅਜਿਹਾ ਕਰਨ ਨਾਲ ਬੂਟਿਆਂ ਦੇ ਟਿੱਡਿਆਂ ਦਾ ਹਮਲਾ ਕਾਫ਼ੀ ਘਟ ਜਾਂਦਾ ਹੈ। ਬੂਟਿਆਂ ਦੇ ਟਿੱਡੇ ਮੁੱਢਾਂ ਦਾ ਰਸ ਚੂਸਦੇ ਹਨ ਤੇ ਇਹ ਉਦੋਂ ਨਜ਼ਰ ਆਉਂਦੇ ਹਨ ਜਦੋਂ ਨੁਕਸਾਨ 'ਟਿੱਡੇ ਦਾ ਸਾੜ ਜਾਂ ਹਾਪਰ ਬਰਨ' ਦੀ ਅਵਸਥਾ 'ਚ ਪਹੁੰਚ ਜਾਂਦਾ ਹੈ, ਇਸ ਲਈ ਲਗਾਤਾਰ ਖੇਤ ਦਾ ਸਰਵੇਖਣ ਕਰਦੇ ਰਹੋ। ਪਨੀਰੀ ਪੁੱਟ ਕੇ ਖੇਤ 'ਚ ਲਗਾਉਣ ਤੋਂ ਇਕ ਮਹੀਨੇ ਬਾਅਦ ਖੇਤ ਵਿਚ ਕੁਝ ਬੂਟਿਆਂ ਨੂੰ ਟੇਢੇ ਕਰ ਕੇ 2-3 ਵਾਰੀ ਝਾੜੋ। ਹਰ ਹਫ਼ਤੇ ਇਸ ਤਰ੍ਹਾਂ ਕੀੜ੍ਹਿਆਂ ਨੂੰ ਦੇਖਦੇ ਰਹੋ ਕਿ ਉਹ ਖੇਤ 'ਚ ਮੌਜੂਦ ਹਨ ਕਿ ਨਹੀਂ। ਜੇ ਬੂਟਿਆਂ ਨੂੰ ਝਾੜਨ ਤੋਂ ਬਾਅਦ ਪ੍ਰਤੀ ਬੂਟਾ 5 ਜਾਂ ਵਧੇਰੇ ਟਿੱਡੇ ਪਾਣੀ 'ਤੇ ਤਰਦੇ ਦਿਖਾਈ ਦੇਣ ਤਾਂ ਕੀਟਨਾਸ਼ਕਾਂ ਦੀ ਵਰਤੋਂ ਕਰੋ।

- ਪ੍ਰੀਤਇੰਦਰ ਸਿੰਘ ਸਰਾਓ

98720-06248

Posted By: Harjinder Sodhi