ਅਗਾਂਹ ਵਧੂ ਕਿਸਾਨਾਂ ਦੀ ਸੋਚ, ਪੰਜਾਬ ਪ੍ਰਦੂਸ਼ਣ ਬੋਰਡ ਤੇ ਨੈਸ਼ਨਲ ਗਰੀਨ ਟ੍ਰਿਬਿਊਨਲ ਦੀਆਂ ਹਦਾਇਤਾਂ ਸਦਕਾ ਇਸ ਵਾਰ ਪਰਾਲੀ ਨੂੰ ਬਿਨਾਂ ਅੱਗ ਲਗਾਏ ਕਾਫ਼ੀ ਰਕਬੇ 'ਚ ਕਣਕ ਦੀ ਕਾਸ਼ਤ ਕੀਤੀ ਗਈ। ਸਰਕਾਰ ਵੱਲੋਂ ਉਨ੍ਹਾਂ ਕਿਸਾਨਾਂ ਨੂੰ ਵਿੱਤੀ ਮਦਦ ਵਜੋਂ 2500 ਰੁਪਏ ਪ੍ਰਤੀ ਏਕੜ ਬੋਨਸ ਦਿੱਤਾ ਜਾ ਰਿਹਾ ਹੈ, ਜਿਨ੍ਹਾਂ ਨੇ ਝੋਨੇ ਦੀ ਕਟਾਈ ਤੋਂ ਬਾਅਦ ਪਰਾਲੀ ਨੂੰ ਅੱਗ ਨਹੀਂ ਲਗਾਈ। ਇਹ ਸਭ ਹੈਪੀ ਸੀਡਰ ਜਾਂ ਸੁਪਰ ਸੀਡਰ ਮਸ਼ੀਨ ਨਾਲ ਸੰਭਵ ਹੋਇਆ ਹੈ। ਇਸ ਮਸ਼ੀਨ ਨਾਲ ਝੋਨੇ ਦੀ ਰਹਿਦ-ਖੂੰਹਦ ਨੂੰ ਸਾੜੇ ਬਿਨਾਂ ਕਣਕ ਦੀ ਬਿਜਾਈ ਹੋ ਜਾਂਦੀ ਹੈ।

ਸੁੰਡੀ ਦਾ ਹਮਲਾ, ਹੱਲ ਨਾਦਾਰਦ

ਹੈਪੀ ਸੀਡਰ ਤੇ ਸੁਪਰ ਸੀਡਰ ਨਾਲ ਬੀਜੀਆਂ ਗਈਆਂ ਕਣਕਾਂ ਦੀ ਉੱਗਣ ਪ੍ਰਕਿਰਿਆ ਵੀ ਬੜੀ ਵਧੀਆ ਰਹੀ ਹੈ। ਪਿਛਲੇ ਸਾਲ ਵੀ ਬਹੁਤ ਸਾਰੇ ਕਿਸਾਨਾਂ ਨੇ ਪਰਾਲੀ ਨੂੰ ਬਿਨਾਂ ਸਾੜੇ ਕਣਕ ਬੀਜੀ ਸੀ। ਕੁਝ ਜਗ੍ਹਾ ਕੁਝ ਚੁਣੌਤੀਆਂ ਦਾ ਸਾਹਮਣਾ ਵੀ ਕਰਨਾ ਪਿਆ ਸੀ। ਇਹ ਚੁਣੌਤੀਆਂ ਇਸ ਸਾਲ ਵੀ ਬਰਕਰਾਰ ਹਨ। ਜਿਨ੍ਹਾਂ ਖੇਤਾਂ 'ਚ ਵਧੇਰੇ ਮਾਤਰਾ 'ਚ ਝੋਨੇ ਦੀ ਰਹਿਦ-ਖੂੰਹਦ ਹੈ, ਉਨ੍ਹਾਂ ਵਿਚ ਨਵੀਆਂ ਅਲਾਮਤਾਂ ਜਨਮ ਲੈ ਰਹੀਆਂ ਹਨ। ਪਿਛਲੇ ਕੁਝ ਦਿਨਾਂ ਤੋਂ ਆਮ ਵੇਖਣ ਤੇ ਸੋਸ਼ਲ ਸਾਈਟਾਂ ਤੋਂ ਮਿਲੀ ਜਾਣਕਾਰੀ ਮੁਤਾਬਿਕ ਬਿਨਾਂ ਅੱਗ ਲਗਾਏ ਝੋਨੇ ਦੀ ਰਹਿੰਦ-ਖੂੰਹਦ 'ਚ ਬੀਜੀ ਗਈ ਕਣਕ ਸੁੱਕਣ ਲੱਗ ਪਈ ਹੈ। ਨਿਰੀਖਣ ਕਰਨ ਸਾਹਮਣੇ ਆਇਆ ਹੈ ਕਿ ਖੇਤ 'ਚ ਖਪਾਈ ਗਈ ਪਰਾਲੀ 'ਚ ਸੁੰਡੀ ਪੈਦਾ ਹੋ ਚੁੱਕੀ ਹੈ, ਜੋ ਕਣਕ ਨੂੰ ਖਾ ਰਹੀ ਹੈ। ਜਿਸ ਖੇਤ ਵਿਚ ਹਮਲਾ ਸ਼ੁਰੂ ਹੁੰਦਾ ਹੈ, ਦਿਨਾਂ 'ਚ ਹੀ ਖੇਤ ਖ਼ਾਲੀ ਹੋ ਜਾਂਦਾ ਹੈ। ਪੀੜਤ ਕਿਸਾਨਾਂ ਵੱਲੋਂ ਖੇਤੀਬਾੜੀ ਵਿਭਾਗ ਨਾਲ ਸੰਪਰਕ ਕੀਤਾ ਗਿਆ ਤਾਂ ਉਨ੍ਹਾਂ ਵੱਲੋਂ ਵੀ ਤਸੱਲੀਬਖ਼ਸ਼ ਇਲਾਜ ਜਾਂ ਕਿਸੇ ਕੀਟਨਾਸ਼ਕ ਦੀ ਸਿਫਾਰਿਸ਼ ਨਹੀਂ ਕੀਤੀ ਜਾਂਦੀ। ਉਨ੍ਹਾਂ ਮੁਤਾਬਕ ਹਾਲੇ ਉਨ੍ਹਾਂ ਵੱਲੋਂ ਟਰਾਇਲ ਚਲਾਏ ਜਾ ਰਹੇ ਹਨ, ਜਿਵੇਂ ਹੀ ਕੋਈ ਨਤੀਜਾ ਸਾਹਮਣੇ ਆਉਂਦਾ ਹੈ ਤਾਂ ਲੋੜ ਮੁਤਾਬਿਕ ਸਿਫ਼ਾਰਿਸ਼ ਕੀਤੀ ਜਾਵੇਗੀ। ਕਿਸਾਨਾਂ ਵੱਲੋਂ ਸੁੰਡੀ ਦੇ ਖ਼ਾਤਮੇ ਲਈ ਜੇ ਕਿਸੇ ਕੀਟਨਾਸ਼ਕ ਦੀ ਵਰਤੋਂ ਕੀਤੀ ਜਾਂਦੀ ਹੈ ਤਾਂ ਖੇਤ 'ਚ ਪਰਾਲੀ ਜ਼ਿਆਦਾ ਹੋਣ ਕਾਰਨ ਕੀਟਾਂ ਤਕ ਸਪਰੇਅ ਪਹੁੰਚਦੀ ਹੀ ਨਹੀਂ, ਜਿਸ ਨਾਲ ਉਹ ਮਰਦੇ ਹੀ ਨਹੀਂ। ਇਸ ਤਰ੍ਹਾਂ ਜੋ ਨਤੀਜਾ ਦਵਾਈ ਤੋਂ ਮਿਲਣਾ ਹੈ, ਉਹ ਮਿਲ ਨਹੀਂ ਰਿਹਾ।

ਕਿਸਾਨਾਂ ਨੂੰ ਮਿਲੇ ਢੁੱਕਵਾਂ ਹੱਲ

ਪਰਾਲੀ ਦੀ ਸਮੱਸਿਆ ਨਾਲ ਸਿਰਫ ਏਸੀ ਕਮਰਿਆਂ 'ਚ ਬੈਠੇ ਲੋਕ ਹੀ ਨਹੀਂ ਜੂਝ ਰਹੇ ਬਲਕਿ ਖੇਤ ਨੂੰ ਅੱਗ ਲਗਾਉਣ ਵਾਲੇ ਸਭ ਤੋਂ ਪਹਿਲਾਂ ਹਾਨੀਕਾਰਕ ਧੂੰਏਂ ਦਾ ਸ਼ਿਕਾਰ ਹੁੰਦੇ ਹਨ। ਇਸ ਵਾਰ ਜੁਰਮਾਨੇ ਤੋਂ ਡਰਦਿਆਂ ਜਾਂ ਵਾਤਾਵਰਨ ਸਬੰਧੀ ਚਿੰਤਤ ਹੋ ਕੇ ਜਿਨ੍ਹਾਂ ਕਿਸਾਨਾਂ ਨੇ ਫ਼ਸਲੀ ਰਹਿੰਦ-ਖੂੰਹਦ ਨੂੰ ਅੱਗ ਨਹੀਂ ਲਗਾਈ, ਉਹ ਅੱਜ ਖੇਤ ਵਿਚ ਦੁਬਾਰਾ ਕਣਕ ਬੀਜਣ ਲਈ ਮਜਬੂਰ ਹਨ। ਇਸ ਨਾਲ ਕਿਸਾਨਾਂ ਉੱਪਰ ਮਸ਼ੀਨਰੀ, ਖਾਦ ਤੇ ਬੀਜਾਂ ਦਾ ਬੋਝ ਪੈਣਾ ਲਾਜ਼ਮੀ ਹੈ। ਇਸ ਲਈ ਲੋੜ ਹੈ ਕਿ ਸਰਕਾਰ, ਸਬੰਧਤ ਵਿਭਾਗ, ਪ੍ਰਦੂਸ਼ਣ ਕੰਟਰੋਲ ਬੋਰਡ ਇਸ ਮਸਲੇ 'ਤੇ ਸਖ਼ਤੀ ਕਰਨ ਤੋਂ ਪਹਿਲਾਂ ਇਸ ਦਾ ਸਥਾਈ ਹੱਲ ਕਿਸਾਨਾਂ ਨੂੰ ਮੁਹੱਈਆ ਕਰਵਾਉਣ। ਪੰਜਾਬ ਦੀ ਆਰਥਿਕਤਾ ਦੀ ਰੀੜ੍ਹ ਦੀ ਹੱਡੀ ਹੈ ਕਿਰਸਾਨੀ ਪਰ ਅੱਜ ਇਸ ਨੂੰ ਖ਼ੁਦ ਆਰਥਿਕ ਸਹਾਰੇ ਦੀ ਲੋੜ ਹੈ।

ਖਾਦ ਦੀ ਨਹੀਂ ਹੁੰਦੀ ਸੁਚੱਜੀ ਵਰਤੋਂ

ਅਗਲੀ ਸਮੱਸਿਆ ਕਣਕ ਦੇ ਉੱਗਣ ਤੋਂ ਬਾਅਦ ਯੂਰੀਆ ਖਾਦ ਦੀ ਕਿਸ਼ਤ ਵੇਲੇ ਵੀ ਮੁਸ਼ਕਿਲ ਹੁੰਦੀ ਹੈ। ਜਿਸ ਖੇਤ ਵਿਚ ਪਰਾਲੀ ਨੂੰ ਬਿਲਕੁਲ ਅੱਗ ਨਹੀਂ ਲਗਾਈ ਜਾਂਦੀ, ਉੱਥੇ ਧਰਤੀ ਦੀ ਪੂਰੀ ਪਰਤ ਪਰਾਲੀ ਨਾਲ ਢਕੀ ਹੁੰਦੀ ਹੈ ਅਤੇ ਖਾਦ ਪਰਾਲੀ ਦੀ ਸਤਹ 'ਤੇ ਹੀ ਰਹਿ ਜਾਂਦੀ ਹੈ। ਜਿਸ ਨਾਲ ਬੂਟੇ ਨੂੰ ਪੂਰੀ ਖਾਦ ਨਹੀਂ ਪ੍ਰਾਪਤ ਹੋ ਰਹੀ। ਨਦੀਨ ਨਾਸ਼ਕ ਦੀ ਸਪਰੇਅ ਕਰਨ ਵੇਲੇ ਵੀ ਪਰਾਲੀ ਮੁੱਖ ਸਮੱਸਿਆ ਬਣ ਕੇ ਉੱਭਰ ਰਹੀ ਹੈ। ਪਿਛਲੇ ਸਾਲ ਦੇਖਿਆ ਗਿਆ ਕਿ ਜਿਨ੍ਹਾਂ ਕਿਸਾਨਾਂ ਨੇ ਹੈਪੀ ਸੀਡਰ ਨਾਲ ਕਣਕ ਦੀ ਬਿਜਾਈ ਕੀਤੀ ਸੀ, ਗੁੱਲੀ ਡੰਡਾ ਵੀ ਸਭ ਤੋਂ ਵੱਧ ਉਨ੍ਹਾਂ ਖੇਤਾਂ ਵਿਚ ਹੀ ਹੋਇਆ ਕਿਉਂਕਿ ਨਦੀਨਨਾਸ਼ਕਾਂ ਦਾ ਬਹੁਤਾ ਹਿੱਸਾ ਧਰਤੀ ਦੀ ਸਤਹ ਜਾਂ ਬੂਟੇ ਤਕ ਪਹੁੰਚਿਆ ਹੀ ਨਹੀਂ।

- ਪ੍ਰੋ. ਗੁਰਵੀਰ ਸਿੰਘ ਸਰੌਦ

94179-71451

Posted By: Harjinder Sodhi