ਪੰਜਾਬ ਦੇ ਲੋਕਾਂ ਦਾ ਮੁੱਖ ਕਿੱਤਾ ਖੇਤੀ ਹੈ ਤੇ ਇਸ ਦਾ ਸਾਡੀ ਆਰਥਿਕਤਾ ਉੱਤੇ ਸਿੱਧਾ ਪ੍ਰਭਾਵ ਪੈਂਦਾ ਹੈ। ਛੋਟੇ ਕਿਸਾਨਾਂ ਲਈ ਤਾਂ ਹੁਣ ਖੇਤੀ ਕਰਨਾ ਬਹੁਤ ਮੁਸ਼ਕਿਲ ਹੋ ਗਿਆ ਹੈ। ਕਿਸਾਨ ਖੇਤੀ ਖੇਤਰ ਦੀਆਂ ਸਮੱਸਿਆਵਾਂ ਨੂੰ ਹੱਲ ਕਰਨ 'ਚ ਬੇਬਸ ਦਿਖਾਈ ਦੇਣ ਲੱਗਾ ਹੈ। ਉਪਜ ਦਾ ਕਿਸਾਨ ਨੂੰ ਸਹੀ ਭਾਅ ਨਹੀਂ ਮਿਲਦਾ। ਫ਼ਸਲਾਂ ਨੂੰ ਲੱਗਣ ਵਾਲੇ ਕੀੜੇ ਤੇ ਬਿਮਾਰੀਆਂ ਵੀ ਉਸ ਨੂੰ ਖੇਤੀ ਛੱਡਣ ਲਈ ਮਜਬੂਰ ਕਰ ਰਹੇ ਹਨ। ਵੱਧ ਰਹੇ ਖੇਤੀ ਖ਼ਰਚਿਆਂ ਕਾਰਨ ਕਿਸਾਨ ਬੈਂਕਾਂ ਤੇ ਸ਼ਾਹੂਕਾਰਾਂ ਦੇ ਕਰਜ਼ਿਆਂ 'ਚ ਫਸ ਜਾਂਦਾ ਹੈ ਕਿ ਉਹ ਸਾਰੀ ਉਮਰ ਕਰਜ਼ੇ ਦੀਆਂ ਕਿਸ਼ਤਾਂ ਮੋੜਦਾ ਅੰਤ ਆਤਮ-ਹੱਤਿਆ ਵਰਗਾ ਭਿਆਨਕ ਕਦਮ ਚੁੱਕਣ ਲਈ ਮਜਬੂਰ ਹੋ ਰਿਹਾ ਹੈ।

ਸਰਕਾਰੀ ਸਹੂਲਤਾਂ ਤੋਂ ਵਾਂਝੇ ਛੋਟੇ ਕਿਸਾਨ

ਹਰ ਕਿਸਾਨ ਲਈ ਖੇਤੀ ਮਸ਼ੀਨਰੀ ਖ਼ਰੀਦਣਾ ਸੰਭਵ ਨਹੀਂ। ਬਿਨਾਂ ਮਸ਼ੀਨਰੀ ਦੇ ਉਹ ਖੇਤੀ ਨੂੰ ਸਮੇਂ ਮੁਤਾਬਕ ਨਹੀਂ ਕਰ ਸਕਦਾ ਤੇ ਨਾਕਾਮੀ ਵੱਲ ਵਧਣ ਲਗਦਾ ਹੈ। ਖੇਤੀ ਮਾਹਿਰ ਤੇ ਵਿਗਿਆਨੀ ਵੀ ਇਸ ਮਾਮਲੇ 'ਚ ਛੋਟੇ ਕਿਸਾਨ ਦੀ ਬਾਂਹ ਫੜਨ 'ਚ ਨਾਕਾਮ ਰਹੇ ਹਨ। ਵੱਡੇ ਕਿਸਾਨਾਂ ਨੂੰ ਸਰਕਾਰੀ ਸਹੂਲਤਾਂ ਦੇ ਕੇ ਉਹ ਜ਼ਿਆਦਾ ਖ਼ੁਸ਼ ਹਨ। ਇਸ ਲਈ ਛੋਟੇ ਕਿਸਾਨਾਂ ਤਕ ਆਧੁਨਿਕ ਤਕਨੀਕਾਂ ਨਹੀਂ ਪਹੁੰਚਦੀਆਂ ਤੇ ਉਹ ਗ਼ਰੀਬ ਹੁੰਦੇ ਜਾ ਰਹੇ ਹਨ। ਇਹ ਤਾਂ ਸਧਾਰਣ ਕਿਸਾਨ ਦੀ ਗੱਲ ਹੈ ਪਰ ਜਿਹੜੇ ਕਿਸਾਨ ਪੰਜਾਬ ਦੇ ਬਹੁਤੇ ਪੱਛੜੇ ਹੋਏ ਤੇ ਸਰਹੱਦੀ ਇਲਾਕਿਆਂ 'ਚ ਰਹਿੰਦੇ ਹਨ ਉਨ੍ਹਾਂ ਲਈ ਤਾਂ ਸਰਕਾਰੀ ਖੇਤੀ ਸਹੂਲਤਾਂ ਨਾਮਾਤਰ ਹੀ ਹਨ। ਸਰਕਾਰ ਦਾ ਪੰਜਾਬ ਦੀ ਕਿਰਸਾਨੀ ਤੇ ਕਿਸਾਨ ਵੱਲ ਧਿਆਨ ਨਹੀਂ ਹੈ। ਕਿਸਾਨ ਪਹਿਲਾਂ ਵਾਂਗ ਖੇਤੀ ਆਮਦਨ 'ਚ ਵਾਧਾ ਨਹੀਂ ਕਰ ਪਾ ਰਹੇ। ਹੁਣ ਪੁਰਾਤਨ ਖੇਤੀ ਨੂੰ ਛੱਡਕੇ ਕਿਸਾਨਾਂ ਨੂੰ ਪ੍ਰੋਸੈਸਿੰਗ ਵੱਲ ਆਉਣ ਦੀ ਲੋੜ ਹੈ। ਖੇਤੀਬਾੜੀ ਵਿਚ ਫ਼ਸਲੀ ਵਿਭਿੰਨਤਾ ਅਪਨਾਉਣਾ ਵੀ ਕਿਸਾਨ ਲਈ ਬਹੁਤਾ ਸਾਰਥਕ ਸਿੱਧ ਨਹੀਂ ਹੋ ਰਿਹਾ। ਕਿਸਾਨਾਂ ਨੂੰ ਮੰਡੀਕਾਰੀ ਦੇ ਤਰੀਕਿਆਂ ਨੂੰ ਬਦਲਣ ਦੀ ਜ਼ਰੂਰਤ ਹੈ।

ਦੂਜਿਆਂ ਦੀ ਸਫਲਤਾ ਤੋਂ ਸਿੱਖਣ ਦੀ ਲੋੜ

ਸਰਕਾਰ ਨੂੰ ਖੇਤੀ ਨੀਤੀਆਂ ਬਣਾਉਣ ਸਮੇਂ ਉਪਜ ਦੇ ਸੁਚੱਜੇ ਮੰਡੀਕਰਨ ਲਈ ਯੋਗ ਉਪਰਾਲੇ ਕਰਨੇ ਚਾਹੀਦੇ ਹਨ। ਕਿਸਾਨ ਚਾਹੇ ਤਾਂ ਖੇਤੀ ਉਪਜ ਵੇਚਣ ਤੇ ਸਹੀ ਮੁੱਲ ਲੈਣ ਲਈ ਆਪਣੀ ਮੰਡੀ ਬਣਾਉਣ ਲਈ ਕੋਸ਼ਿਸ਼ ਕਰ ਸਕਦਾ ਹੈ। ਪੰਜਾਬ ਦੀ ਕਿਰਸਾਨੀ ਨਾਲ ਜੁੜੀ ਨਵੀਂ ਪੀੜ੍ਹੀ 'ਚ ਹੱਥੀਂ ਮਿਹਨਤ ਕਰਨ ਦਾ ਰੁਝਾਨ ਵੀ ਘਟ ਰਿਹਾ ਹੈ। ਇਸੇ ਲਈ ਉਹ ਸਹਾਇਕ ਧੰਦੇ ਵੀ ਘੱਟ ਅਪਣਾ ਰਹੇ ਹਨ ਤੇ ਕਣਕ-ਝੋਨੇ ਦੇ ਫ਼ਸਲੀ ਚੱਕਰ 'ਚੋਂ ਨਹੀਂ ਨਿਕਲ ਰਹੇ। ਖੇਤੀ ਲਈ ਮਜ਼ਦੂਰਾਂ ਤੇ ਕਾਮਿਆਂ ਉੱਪਰ ਨਿਰਭਰ ਕਰਨ ਦੀ ਥਾਂ ਹੱਥੀਂ ਕੰਮ ਕਰਨ ਨੂੰ ਪਹਿਲ ਦੇਣੀ ਚਾਹੀਦੀ ਹੈ। ਖੇਤੀ ਮਸਲਿਆਂ ਦੇ ਹੱਲ ਲਈ ਕਿਸਾਨ ਇਕ-ਦੂਜੇ ਨਾਲ ਸਲਾਹ ਕਰਨ 'ਚ ਵੀ ਵਿਸ਼ਵਾਸ ਨਹੀਂ ਰੱਖਦੇ। ਦੂਜੇ ਕਿਸਾਨਾਂ ਦੀ ਕਾਮਯਾਬੀ ਤੋਂ ਸਿੱਖਣਾ ਵੀ ਵਧੀਆ ਉਪਰਾਲਾ ਹੈ। ਔਰਤਾਂ ਦਾ ਵੀ ਖੇਤੀਬਾੜੀ 'ਚ ਘੱਟ ਯੋਗਦਾਨ ਹੈ। ਉਨ੍ਹਾਂ ਨੂੰ ਵੀ ਖੇਤੀਬਾੜੀ ਵੱਲ ਆਉਣ ਦੀ ਲੋੜ ਹੈ। ਇਸ ਤੋਂ ਇਲਾਵਾ ਨੌਜਵਾਨਾਂ ਨੂੰ ਵੀ ਖੇਤੀ 'ਚ ਰੁਝਾਨ ਦਿਖਾਉਣਾ ਜ਼ਰੂਰੀ ਹੈ।

ਆਮਦਨ ਤੇ ਖ਼ਰਚਿਆਂ 'ਚ ਤਾਲਮੇਲ

ਜਿਹੜੇ ਉੱਦਮੀ ਕਿਸਾਨ ਲੀਹ ਤੋਂ ਹਟ ਕੇ ਖੇਤੀ ਕਰਦੇ ਹਨ ਤੇ ਨਵੇਂ ਕੀਰਤੀਮਾਨ ਪੈਦਾ ਕਰ ਰਹੇ ਹਨ, ਸਰਕਾਰ ਨੂੰ ਚਾਹੀਦਾ ਹੈ ਕਿ ਅਜਿਹੇ ਕਿਸਾਨਾਂ ਨੂੰ ਸਨਮਾਨਿਤ ਤੇ ਉਤਸ਼ਾਹਿਤ ਕਰੇ। ਮਿੱਟੀ ਅਤੇ ਪਾਣੀ ਦੀ ਪਰਖ ਨਾ ਕਰਵਾਉਣਾ ਵੀ ਵਧੇਰੇ ਕਿਸਾਨਾਂ ਦੀ ਕਾਮਯਾਬੀ ਦੇ ਰਾਹ 'ਚ ਵੱਡੀ ਰੁਕਾਵਟ ਹੈ। ਇਸ ਲਈ ਵਿਭਾਗ ਦੀ ਮਦਦ ਲੈਣਾ ਜ਼ਰੂਰੀ ਹੈ। ਵਧ ਰਹੇ ਖੇਤੀ ਖ਼ਰਚੇ ਵੀ ਕਿਸਾਨਾਂ ਲਈ ਵੱਡੀ ਚੁਣੌਤੀ ਹਨ। ਕਿਸਾਨਾਂ ਦਾ ਵਿਦੇਸ਼ਾਂ ਵੱਲ ਵਧਦਾ ਰੁਝਾਨ ਵੀ ਖੇਤੀ ਦੇ ਵਿਕਾਸ ਨੂੰ ਪਿਛਾਂਹ ਖਿੱਚ ਰਿਹਾ ਹੈ। ਖੇਤੀ ਖ਼ਰਚਿਆਂ ਤੇ ਆਮਦਨ 'ਚ ਸਮਤੋਲ ਰੱਖਣ ਲਈ ਵਹੀ ਖਾਤਾ ਲਗਾ ਕੇ ਹਿਸਾਬ ਰੱਖਣਾ ਸਮੇਂ ਦੀ ਮੁੱਖ ਲੋੜ ਹੈ। ਰਵਾਇਤੀ ਖੇਤੀ ਨੂੰ ਛੱਡ ਕੇ ਕੁਝ ਨਵੀਆਂ ਫ਼ਸਲੀ ਦੀ ਖੇਤੀ ਕੀਤੀ ਜਾ ਸਕਦੀ ਹੈ। ਮਾਰਕੀਟ ਦੀ ਮੰਗ ਅਨੁਸਾਰ ਹੀ ਫ਼ਸਲ ਦਾ ਉਤਪਾਦਨ ਕੀਤਾ ਜਾਵੇ ਤਾਂ ਜੋ ਸੁਚੱਜੇ ਮੰਡੀਕਰਨ ਨੂੰ ਯਕੀਨੀ ਬਣਾਇਆ ਜਾ ਸਕੇ। ਕਿਸਾਨਾਂ ਨੂੰ ਖੇਤੀ ਖੇਤਰ ਦੀਆਂ ਚੁਣੌਤੀਆਂ ਦਾ ਹਿੰਮਤ ਤੇ ਮਿਹਨਤ ਨਾਲ ਸਾਹਮਣਾ ਕਰਨ ਦੀ ਲੋੜ ਹੈ।

- ਦਿਨੇਸ਼ ਦਮਾਥੀਆ

94177-14390Posted By: Harjinder Sodhi