ਧਰਤੀ ਹੇਠਲੇ ਪਾਣੀ ਦੀ ਬੱਚਤ ਲਈ ਪੰਜਾਬ ਸਰਕਾਰ ਨੇ ਇਸ ਵਾਰ ਸੂਬੇ ’ਚ ਝੋਨੇ ਦੀ ਸਿੱਧੀ ਬਿਜਾਈ ਨੂੰ ਉਤਸ਼ਾਹਿਤ ਕਰਨ ਦਾ ਫ਼ੈਸਲਾ ਕੀਤਾ ਹੈ। ਜਿਹੜੇ ਕਿਸਾਨ ਸਿੱਧੀ ਬਿਜਾਈ ਕਰਨਗੇ, ਉਨ੍ਹਾਂ ਨੂੰ ਸਰਕਾਰ ਵੱਲੋਂ 1500 ਰੁਪਏ ਪ੍ਰਤੀ ਏਕੜ ਮੁਆਵਜ਼ਾ ਦਿੱਤਾ ਜਾਵੇਗਾ। ਅਸਲ ’ਚ ਝੋਨੇ ਦੀ ਲੁਆਈ ਸਮੇਂ ਆ ਰਹੀ ਦਿੱਕਤ ਨੂੰ ਵੇਖਦਿਆਂ ਕੁਝ ਅਗਾਂਹਵਧੂ ਕਿਸਾਨਾਂ ਨੇ ਝੋਨੇ ਦੀ ਸਿੱਧੀ ਬਿਜਾਈ ਦੇ ਤਜਰਬੇ ਕੀਤੇ ਸਨ, ਜਿਸ ’ਚ ਉਹ ਸਫ਼ਲ ਹੋਏ ਹਨ। ਆਪਣੇ ਤਜਰਬੇ ਦੇ ਆਧਾਰ ਉੱਤੇ ਉਨ੍ਹਾਂ ਆਪਣੇ ਢੰਗ ਵੀ ਵਿਕਸਤ ਕੀਤੇ ਹਨ। ਪੰਜਾਬ ਖੇਤੀਬਾੜੀ ਯੂਨੀਵਰਸਿਟੀ ਦੇ ਵਿਗਿਆਨੀਆਂ ਨੇ ਵੀ ਸਿੱਧੀ ਬਿਜਾਈ ਸਬੰਧੀ ਖੋਜ ਕੀਤੀ ਹੈ ਤੇ ਉਨ੍ਹਾਂ ਦੋ ਢੰਗਾਂ ਦੀ ਸਿਫ਼ਾਰਸ਼ ਕੀਤੀ ਹੈ, ਜਿਨ੍ਹਾਂ ਨਾਲ ਤਕਰੀਬਨ 30 ਫ਼ੀਸਦੀ ਪਾਣੀ ਦੀ ਬੱਚਤ ਹੁੰਦੀ ਹੈ। ਕਿਸਾਨਾਂ ਨੂੰ ਚਾਹੀਦਾ ਹੈ ਕਿ ਇਨ੍ਹਾਂ ਢੰਗਾਂ ਅਨੁਸਾਰ ਝੋਨੇ ਦੀ ਬਿਜਾਈ ਕੀਤੀ ਜਾਵੇ ਤਾਂ ਜੋ ਧਰਤੀ ਹੇਠਲੇ ਪਾਣੀ ਦੀ ਬੱਚਤ ਹੋ ਸਕੇ।

ਪੰਜਾਬ ਸਰਕਾਰ ਨੇ ਸਿੱਧੀ ਬਿਜਾਈ 20 ਮਈ ਤੋਂ ਸ਼ੁਰੂ ਕਰਨ ਦਾ ਫ਼ੈਸਲਾ ਕੀਤਾ ਜਦਕਿ ਮਾਹਿਰਾਂ ਵੱਲੋਂ ਜੂਨ ਦੇ ਪਹਿਲੇ ਹਫ਼ਤੇ ਦੀ ਸਿਫਾਰਸ਼ ਕੀਤੀ ਗਈ। ਝੋਨੇ ਦੀ ਸਿੱਧੀ ਬਿਜਾਈ ਕੇਵਲ ਭਾਰੀਆਂ ਤੇ ਦਰਮਿਆਨੀਆਂ ਜ਼ਮੀਨਾਂ ’ਚ ਕਰਨੀ ਚਾਹੀਦੀ ਹੈ। ਰੇਤਲੀਆਂ ਜ਼ਮੀਨਾਂ ’ਚ ਲੋਹੇ ਦੀ ਘਾਟ ਆ ਸਕਦੀ ਹੈ।

ਕਈ ਕਿਸਾਨਾਂ ਨੇ ਕੀਤੇ ਸਫ਼ਲ ਤਜਰਬੇ

ਜੇ ਤਰ-ਵੱਤਰ ’ਚ ਬੈੱਡ ਬਣਾ ਕੇ ਬਿਜਾਈ ਕੀਤੀ ਜਾਵੇ ਤਾਂ ਪਾਣੀ ਦੀ ਹੋਰ ਵੀ ਬੱਚਤ ਹੁੰਦੀ ਹੈ। ਰੌਣੀ ਪਿੱਛੋਂ ਖੇਤ ਤਰ-ਵੱਤਰ ਹਾਲਤ ’ਚ ਆ ਜਾਵੇ ਤਾਂ ਬੈੱਡ ਪਲਾਂਟਰ (ਜਿਹੜਾ ਬੈੱਡ ਬਣਾਉਣ ਤੇ ਬਿਜਾਈ ਦਾ ਕੰਮ ਨਾਲੋ-ਨਾਲ ਕਰਦਾ ਹੈ) ਨਾਲ ਬਿਜਾਈ ਕਰ ਕੇ ਤੁਰੰਤ ਨਦੀਨਨਾਸ਼ਕ ਦਾ ਛਿੜਕਾਅ ਕਰ ਦੇਵੋ। ਸਿੱਧੀ ਬਿਜਾਈ ਲਈ ਘੱਟ ਸਮਾਂ ਲੈਣ ਵਾਲੀਆਂ ਕਿਸਮਾਂ ਦੀ ਬਿਜਾਈ ਕਰਨੀ ਚਾਹੀਦੀ ਹੈ। ਸਭ ਤੋਂ ਢੱੁਕਵੀਂ ਕਿਸਮ ਪੀਆਰ 126 ਹੈ, ਜਿਹੜੀ ਲੁਆਈ ਤੋਂ 93 ਦਿਨਾਂ ’ਚ ਪੱਕ ਜਾਂਦੀ ਹੈ ਤੇ ਇਸ ਦਾ ਝਾੜ ਵੀ 30 ਕੁਇੰਟਲ ਪ੍ਰਤੀ ਏਕੜ ਹੈ। ਜੇ ਇਸ ਦਾ ਬੀਜ ਨਾ ਮਿਲ ਸਕੇ ਤਾਂ ਕੋਈ 110 ਦਿਨਾਂ ’ਚ ਪੱੱਕਣ ਵਾਲੀਆਂ ਕਿਸਮਾਂ ਪੀਆਰ 130, ਪੀਆਰ 129, ਪੀਆਰ 128, ਪੀਆਰ 127 ਤੇ ਪੀਆਰ 121 ਦੀ ਬਿਜਾਈ ਕਰੋ। ਝੋਨੇ ਦੀ ਵੱਟਾਂ ਉੱਤੇ ਬਿਜਾਈ ਲਈ ਖ਼ਾਸ ਡਰਿੱਲ ਦੀ ਲੋੜ ਹੈ, ਜਿਹੜੀ ਬਹੁਤੇ ਕਿਸਾਨਾਂ ਕੋਲ ਨਹੀਂ ਹੈ। ਮਾਹਰਾਂ ਨੂੰ ਇਸ ਸਬੰਧੀ ਖੋਜ ਕਰਨ ਦੀ ਲੋੜ ਹੈ ਕਿ ਕੱਦੂ ਕੀਤੇ ਬਗੈਰ ਵੱਟਾਂ ਬਣਾ ਕੇ ਪਨੀਰੀ ਦੀ ਲੁਆਈ ਕੀਤਿਆਂ ਕੀ ਨਤੀਜੇ ਨਿਕਲਦੇ ਹਨ। ਕੁਝ ਕਿਸਾਨਾਂ ਨੇ ਇਸ ਸਬੰਧੀ ਸਫ਼ਲ ਤਜਰਬੇ ਕੀਤੇ ਹਨ। ਜੇ ਇਹ ਢੰਗ ਸਫ਼ਲ ਹੋ ਜਾਵੇ ਤਾਂ ਪਾਣੀ ਦੀ ਲੋੜ ਬਹੁਤ ਘਟ ਜਾਵੇਗੀ ਸਗੋਂ ਧਰਤੀ ਹੇਠ ਮੀਂਹ ਦੇ ਪਾਣੀ ਦਾ ਵਾਧਾ ਹੋਵੇਗਾ। ਜਿਹੜੇ ਕਿਸਾਨਾਂ ਨੇ ਪਹਿਲੀ ਵਾਰ ਸਿੱਧੀ ਬਿਜਾਈ ਕਰਨੀ ਹੈ, ਉਨ੍ਹਾਂ ਨੂੰ ਵਧੇਰੇ ਸਾਵਧਾਨੀ ਦੀ ਲੋੜ ਹੈ। ਉਹ ਦੋਵੇਂ ਢੰਗਾਂ ਨਾਲ ਝੋਨੇ ਦੀ ਕਾਸ਼ਤ ਕਰਨ। ਇੰਝ ਸਿੱਧੀ ਬਿਜਾਈ ਬਾਰੇ ਜਾਣਕਾਰੀ ਵੀ ਪ੍ਰਾਪਤ ਹੋ ਜਾਵੇਗੀ ਤੇ ਦੋਵੇਂ ਢੰਗਾਂ ਦਾ ਮੁਕਾਬਲਾ ਵੀ ਹੋ ਜਾਵੇਗਾ।

ਹੁਣ ਵੀ ਬੀਜੀ ਜਾ ਸਕਦੀ ਹੈ ਪਨੀਰੀ

ਜੇ ਝੋਨੇ ਦੀ ਲੁਆਈ ਪਨੀਰੀ ਨਾਲ ਕਰਨੀ ਹੈ ਤਾਂ ਤੁਸੀਂ ਪਨੀਰੀ ਜ਼ਰੂਰ ਬੀਜ ਲਈ ਹੋਵੇਗੀ ਅਤੇ ਜੇ ਨਹੀਂ ਬੀਜੀ ਤਾਂ ਦੱਸੀਆਂ ਕਿਸਮਾਂ ਦੀ ਪਨੀਰੀ ਹੁਣ ਵੀ ਬੀਜੀ ਜਾ ਸਕਦੀ ਹੈ। ਇਕ ਏਕੜ ਦੀ ਲੁਆਈ ਲਈ 8 ਕਿੱਲੋ ਬੀਜ ਦੀ ਲੋੜ ਪੈਂਦੀ ਹੈ। ਲੋੜ ਤੋਂ ਵੱਧ ਖਾਦ ਨਾ ਪਾਈ ਜਾਵੇ। ਜੇ ਹੋ ਸਕੇ ਤਾਂ ਆਪਣੇ ਖੇਤ ਦੀ ਮਿੱਟੀ ਦੀ ਪਰਖ ਕਰਵਾਓ ਤੇ ਉਸੇ ਅਨੁਸਾਰ ਖਾਦ ਪਾਓ। ਜੇ ਕਣਕ ਨੂੰ ਫਾਸਫੋਰਸ ਵਾਲੀ ਖਾਦ ਪਾਈ ਹੋਵੇ ਤਾਂ ਝੋਨੇ ਨੂੰ ਖਾਦ ਪਾਉਣ ਦੀ ਲੋੜ ਨਹੀਂ ਹੈ।

ਫ਼ਸਲ ਪੱਕਣ ਤੋਂ 15 ਦਿਨ ਪਹਿਲਾਂ ਆਖ਼ਰੀ ਪਾਣੀ ਲਾਓ। ਰਾਤ ਨੂੰ ਫ਼ਸਲ ਦੀ ਕਟਾਈ ਨਾ ਕੀਤੀ ਜਾਵੇ। ਪਾਣੀ ਦੀ ਬੱਚਤ ਲਈ ਅਗੇਤੀ ਪਨੀਰੀ ਨਾ ਲਾਓ। ਪੰਜਾਬ ਸਰਕਾਰ ਨੇ 14 ਜੂਨ ਤੋਂ ਪਨੀਰੀ ਲਾਉਣ ਦੀ ਇਜਾਜ਼ਤ ਦਿੱਤੀ ਹੈ। ਵੈਸੇ ਪਨੀਰੀ ਜੁਲਾਈ ਦੇ ਪਹਿਲੇ ਹਫ਼ਤੇ ਵੀ ਲਾਈ ਜਾ ਸਕਦੀ ਹੈ। ਉਦੋਂ ਤਕ ਬਰਸਾਤ ਸ਼ੁਰੂ ਹੋ ਜਾਂਦੀ ਹੈ। ਇਸ ਕਰਕੇ ਵਧੇਰੇ ਪਾਣੀ ਦੀ ਲੋੜ ਨਹੀਂ ਪੈਂਦੀ। ਅਗੇਤੀ ਲਾਈ ਫ਼ਸਲ ਅਗੇਤੀ ਪੱਕ ਜਾਂਦੀ ਹੈ, ਉਦੋਂ ਆਮ ਕਰਕੇ ਮੀਂਹ ਪੈ ਜਾਂਦਾ ਹੈ, ਜਿਸ ਨਾਲ ਫ਼ਸਲ ਖ਼ਰਾਬ ਹੋ ਸਕਦੀ ਹੈ।

ਘੱਟ ਸਮਾਂ ਲੈਣ ਵਾਲੀਆਂ ਕਿਸਮਾਂ ਦੀ ਕਰੋ ਕਾਸ਼ਤ

ਬਿਜਾਈ ਤੋਂ ਪਹਿਲਾਂ ਖੇਤ ਨੂੰ ਲੇਜ਼ਰ ਕਰਾਹੇ ਨਾਲ ਪੱਧਰਾ ਕਰੋ। ਹਮੇਸ਼ਾ ਘੱਟ ਸਮਾਂ ਲੈਣ ਵਾਲੀਆਂ ਕਿਸਮਾਂ ਦੀ ਹੀ ਕਾਸ਼ਤ ਕਰੋ। ਇਕ ਏਕੜ ’ਚ 10 ਕਿੱਲੋ ਬੀਜ ਵਰਤਣਾ ਚਾਹੀਦਾ ਹੈ। ਮਾਹਰਾਂ ਅਨੁਸਾਰ ਝੋਨੇ ਦੀ ਸਿੱਧੀ ਬਿਜਾਈ ਤਰ-ਵੱਤਰ ਖੇਤ ’ਚ ਕੀਤੀ ਜਾਵੇ। ਇੰਝ ਪਹਿਲਾ ਪਾਣੀ ਲਾਉਣ ਦੀ ਲੋੜ ਬਿਜਾਈ ਤੋਂ 21 ਦਿਨਾਂ ਪਿੱਛੋਂ ਪਵੇਗੀ। ਬਿਜਾਈ ਕਦੇ ਵੀ ਦੁਪਹਿਰ ਸਮੇਂ ਨਾ ਕੀਤੀ ਜਾਵੇ। ਸਿੱਧੀ ਬੀਜੀ ਫ਼ਸਲ ’ਚ ਨਦੀਨਾਂ ਦੀ ਸਮੱਸਿਆ ਆਉਂਦੀ ਹੈ। ਇਸ ਕਰਕੇ ਬਿਜਾਈ ਦੇ ਨਾਲ ਹੀ ਢੱੁਕਵੇਂ ਨਦੀਨਨਾਸ਼ਕਾਂ ਦਾ ਛਿੜਕਾਅ ਵੀ ਬਿਜਾਈ ਸਮੇਂ ਹੀ ਕਰਨਾ ਚਾਹੀਦਾ ਹੈ। ਲਕੀਸੀਡ ਡਰਿੱਲ ਨਾਲ ਬਿਜਾਈ ਕੀਤਿਆਂ ਨਦੀਨਨਾਸ਼ਕਾਂ ਦਾ ਛਿੜਕਾਅ ਵੀ ਨਾਲੋ-ਨਾਲ ਹੋ ਜਾਂਦਾ ਹੈ।

- ਡਾ. ਰਣਜੀਤ ਸਿੰਘ

Posted By: Harjinder Sodhi