ਸੂਚਨਾ ਤਕਨਾਲੋਜੀ ਦੇ ਯੁੱਗ ਨੇ ਮਨੁੱਖੀ ਜੀਵਨ ਨੂੰ ਪੂਰੀ ਤਰ੍ਹਾਂ ਬਦਲ ਦਿੱਤਾ ਹੈ। ਸਮਾਰਟ ਫੋਨ ਮਨੁੱਖੀ ਜ਼ਿੰਦਗੀ ਨੂੰ ਬੇਹੱਦ ਸੌਖਾ ਬਣਾ ਰਿਹਾ ਹੈ। ਕੋਰੋਨਾ ਮਹਾਮਾਰੀ ਦੌਰਾਨ ਲਾਕਡਾਊਨ ਲਾਗੂ ਹੋਣ ਨਾਲ ਡਿਜੀਟਲ ਯੁੱਗ ਦੀ ਨੀਂਹ ਹੋਰ ਮਜ਼ਬੂਤ ਹੋਈ ਹੈ। ਇਸ ਦੌਰਾਨ ਦਫ਼ਤਰ, ਵਿੱਦਿਅਕ ਅਦਾਰੇ, ਸਨਅਤੀ ਤੇ ਵਪਾਰਕ ਸੰਸਥਾਵਾਂ ਆਦਿ ਸਭ ਬੰਦ ਰਹੇ ਪਰ ਆਨਲਾਈਨ ਚੀਜ਼ਾਂ, ਸਿਖਲਾਈ ਤੇ ਸੂਚਨਾ ਦਾ ਅਦਾਨ-ਪ੍ਰਦਾਨ ਜਾਰੀ ਰਿਹਾ। ਸੋਸ਼ਲ ਮੀਡੀਆ ਦਾ ਫ਼ਾਇਦਾ ਹਰ ਵਰਗ ਨੂੰ ਹੋਇਆ। ਕਿਸਾਨਾਂ ਨੂੰ ਵੀ ਇਨ੍ਹਾਂ ਕੜੀਆਂ ਨਾਲ ਜੋੜਿਆ ਜਾ ਰਿਹਾ ਹੈ। ਭਾਰਤ ਸਰਕਾਰ ਨੇ ਕਿਸਾਨਾਂ ਦੀ ਸਹਾਇਤਾ ਲਈ ਮੌਸਮ ਨਾਲ ਸਬੰਧਤ ਤਿੰਨ ਮੋਬਾਈਲ ਐਪ ਜਾਰੀ ਕੀਤੀਆਂ ਹਨ। ਮੋਬਾਈਲ ਐਪ 'ਮੇਘਦੂਤ' ਮੌਸਮ ਸਬੰਧੀ ਜਾਣਕਾਰੀ ਤੇ ਖੇਤੀ ਧੰਦਿਆਂ ਨੂੰ ਉਲੀਕਣ 'ਚ ਸਹਾਈ ਹੈ, 'ਮੌਸਮ' ਐੱਪ ਦੇਸ਼ ਦੇ 150 ਤੋਂ ਵੱਧ ਜ਼ਿਲ੍ਹਿਆਂ ਤੋਂ ਮੌਸਮ ਦੇ ਅੰਕੜੇ ਤੇ ਪੂਰਵ-ਅਨੁਮਾਨ ਦੀ ਜਾਣਕਾਰੀ ਦਿੰਦੀ ਹੈ। 'ਦਾਮਿਨੀ' ਨਾਂ ਦੀ ਐਪ ਅਸਮਾਨੀ ਬਿਜਲੀ ਬਾਰੇ ਸੁਚੇਤ ਕਰਦੀ ਹੈ।

ਮੇਘਦੂਤ ਐਪ

ਭਾਰਤ ਸਰਕਾਰ ਦੇ ਧਰਤ ਵਿਗਿਆਨ ਤੇ ਖੇਤੀਬਾੜੀ ਮੰਤਰਾਲੇ ਵੱਲੋਂ ਲਾਂਚ ਕੀਤੀ ਗਈ ਐਪ 'ਮੇਘਦੂਤ' ਕਿਸਾਨਾਂ ਨੂੰ ਮੌਸਮ ਅਨੁਸਾਰ ਫ਼ਸਲਾਂ ਤੇ ਪਸ਼ੂ-ਪਾਲਣ ਬਾਰੇ ਜਾਣਕਾਰੀ ਦਿੰਦੀ ਹੈ। ਇਹ ਐਪ ਭਾਰਤ ਦੇ ਮੌਸਮ ਵਿਗਿਆਨ ਵਿਭਾਗ ਤੇ ਭਾਰਤੀ ਖੇਤੀ ਖੋਜ ਕੌਂਸਲ ਦੀ ਸਾਂਝੀ ਦੇਣ ਹੈ ਅਤੇ ਇਹ 28 ਜੁਲਾਈ 2019 ਨੂੰ ਜਾਰੀ ਕੀਤੀ ਗਈ। ਇਸ ਜ਼ਰੀਏ ਕਿਸਾਨਾਂ ਤਕ ਹਰ ਭਾਸ਼ਾ 'ਚ ਮੌਸਮ ਆਧਾਰਿਤ ਖੇਤੀ ਸਲਾਹ ਪਹੁੰਚਾਈ ਜਾਂਦੀ ਹੈ। ਇਸ ਐਪ ਜ਼ਰੀਏ ਦੇਸ਼ ਦੇ 150 ਜ਼ਿਲ੍ਹਿਆਂ ਦੇ ਤਾਪਮਾਨ, ਬਾਰਿਸ਼, ਨਮੀ, ਹਵਾ ਦੀ ਦਿਸ਼ਾ ਤੇ ਗਤੀ ਬਾਰੇ ਜਾਣਕਾਰੀ ਪ੍ਰਾਪਤ ਕੀਤੀ ਜਾ ਸਕਦੀ ਹੈ।

ਇਸ ਐਪ ਨੂੰ ਵ੍ਹਟਸਐਪ ਤੇ ਫੇਸਬੁੱਕ ਨਾਲ ਵੀ ਜੋੜਿਆ ਜਾ ਰਿਹਾ ਹੈ। ਇਸ ਵਿਚ ਮੌਸਮ ਸਬੰਧੀ ਜਾਣਕਾਰੀ ਜਾਂ ਖੇਤੀ ਸਲਾਹ ਹਰ ਮੰਗਲਵਾਰ ਤੇ ਸ਼ੁੱਕਰਵਾਰ ਨੂੰ ਅੱਪਡੇਟ ਕੀਤੀ ਜਾਂਦੀ ਹੈ, ਜਿਸ ਵਿਚ ਆਉਣ ਵਾਲ 3-4 ਦਿਨਾਂ ਦੇ ਮੌਸਮ ਦੀ ਜਾਣਕਾਰੀ ਤੇ ਮੌਸਮ ਅਨੁਸਾਰ ਖੇਤੀ ਧੰਦੇ ਉਲੀਕਣ ਬਾਰੇ ਦੱਸਿਆ ਜਾਂਦਾ ਹੈ।

ਅਗਲੇ ਸਾਲ ਤਕ ਦੇਸ਼ ਦੇ ਬਾਕੀ ਜ਼ਿਲ੍ਹਿਆਂ 'ਚ ਵੀ ਇਸ ਦੇ ਵਿਸਥਾਰ ਦੀ ਯੋਜਨਾ ਹੈ। ਇਹ ਗੂਗਲ ਪਲੇਅ ਸਟੋਰ ਤੇ ਐਪਲ ਸਟੋਰ 'ਤੇ ਉਪਲਬਧ ਹੈ। ਡਾਊਨਲੋਡ ਕਰਨ ਲਈ ਆਪਣਾ ਨਾਂ ਤੇ ਜ਼ਿਲ੍ਹਾ ਦਰਜ ਕਰਨਾ ਪਵੇਗਾ ਤਾਂ ਕਿ ਫ਼ਸਲ ਤੇ ਸ਼ਹਿਰ ਅਨੁਸਾਰ ਜਾਣਕਾਰੀ ਮਿਲ ਸਕੇ।

ਮੌਸਮ ਐਪ

ਮੌਸਮ ਬਾਰੇ ਜਾਣਕਾਰੀ ਦੇਣ ਵਾਲੀ ਐਪ 'ਮੌਸਮ' ਵੀ ਭਾਰਤ ਸਰਕਾਰ ਦੇ ਧਰਤ ਵਿਗਿਆਨ ਮੰਤਰਾਲੇ ਦੇ ਮੌਸਮ ਵਿਗਿਆਨ ਵਿਭਾਗ ਵੱਲੋਂ ਜਾਰੀ ਕੀਤੀ ਗਈ ਹੈ। ਇਸ ਨੂੰ ਇੰਟਰਨੈਸ਼ਨਲ ਕ੍ਰੋਪਸ ਰਿਸਰਚ ਇੰਸਟੀਚਿਊਟ ਫਾਰ ਸੈਮੀ ਐਰਿਡ ਟਰਾਪਿਕਸ (ICRISAT) ਤੇ ਭਾਰਤ ਊਸ਼ਣ ਕਟੀਬੰਧੀ ਮੌਸਮ ਵਿਗਿਆਨ ਸੰਸਥਾ ਤੇ ਭਾਰਤ ਦੇ ਮੌਸਮ ਵਿਗਿਆਨ ਵਿਭਾਗ ਨੇ ਤਿਆਰ ਕੀਤਾ ਹੈ। ਇਹ ਐਪ 27 ਜੁਲਾਈ 2020 ਨੂੰ ਜਾਰੀ ਕੀਤੀ ਗਈ। ਇਸ ਵਿਚ ਦਿਨ 'ਚ ਅੱਠ ਪ੍ਰਕਾਰ ਦੀਆਂ ਸੂਚਨਾਵਾਂ ਅਪਡੇਟ ਕੀਤੀਆਂ ਜਾਂਦੀਆਂ ਹਨ। ਇਹ 24 ਘੰਟਿਆਂ ਦੇ ਮੌਸਮ, ਸੰਭਾਵੀਂ ਮੌਸਮ, ਚਿੱਤਰਾਂ ਤੇ ਮੌਸਮੀ ਘਟਨਾਵਾਂ ਬਾਰੇ ਜਾਣਕਾਰੀ ਦਿੰਦੀ ਹੈ।

ਇਹ ਭਾਰਤ ਦੀ ਪਹਿਲੀ ਐਪ ਹੈ ਜਿਸ ਨੂੰ ਆਮ ਜਨਤਾ ਲਈ ਜਾਰੀ ਕੀਤਾ ਗਿਆ। ਇਹ ਦੇਸ਼ ਦੇ 459 ਸ਼ਹਿਰਾਂ ਦੇ ਮੌਸਮ ਦੀ ਭਵਿੱਖਬਾਣੀ ਅਗਲੇ ਸੱਤ ਦਿਨਾਂ ਦਿੰਦੀ ਹੈ। ਇਹ ਐਪ ਇਨ੍ਹਾਂ ਸ਼ਹਿਰਾਂ ਦੇ ਮੌਸਮ, ਤਾਪਮਾਨ, ਨਮੀਂ, ਹਵਾ ਦੀ ਗਤੀ ਤੇ ਦਿਸ਼ਾ ਬਾਰੇ ਦੱਸਦੀ ਹੈ। ਐਪ ਨੂੰ ਭਾਰਤ ਦੇ ਮੌਸਮ ਵਿਗਿਆਨ ਵਿਭਾਗ ਦੀ ਵੈੱਬਸਾਈਟ www.imd.gov.in ਨਾਲ ਵੀ ਜੋੜਿਆ ਗਿਆ ਹੈ। ਇਸ 'ਚ ਸਾਰੇ ਜ਼ਿਲਿਆਂ ਦੇ ਮੌਸਮ ਦੀ ਜਾਣਕਾਰੀ ਵੱਖ-ਵੱਖ ਰੰਗਾਂ ਰਾਹੀਂ ਦਰਸਾਈ ਜਾਂਦੀ ਹੈ। ਮੌਸਮ ਤੋਂ ਇਲਾਵਾ ਇਹ ਹਵਾ ਦੇ ਪ੍ਰਦੂਸ਼ਣ ਤੇ ਮੌਸਮ ਸਬੰਧੀ ਚਿਤਾਵਨੀਆਂ ਵੀ ਦਿੰਦੀ ਹੈ। ਇਸ ਵਿਚ ਅਗਲੇ ਮੌਸਮ ਦੇ ਨਾਲ-ਨਾਲ ਪਿਛਲੇ 24 ਘੰਟਿਆਂ ਦੇ ਮੌਸਮ ਬਾਰੇ ਵੀ ਜਾਣਕਾਰੀ ਉਪਲਬਧ ਹੁੰਦੀ ਹੈ। ਮੌਸਮੀ ਘਟਨਾਵਾਂ ਬਾਰੇ ਦਿਨ 'ਚ ਦੋ ਵਾਰ ਚੌਕੰਨਾ ਕੀਤਾ ਜਾਂਦਾ ਹੈ।

ਦਾਮਿਨੀ ਐਪ

ਅਸਮਾਨੀ ਬਿਜਲੀ ਅਜਿਹੀ ਕੁਦਰਤੀ ਆਫ਼ਤ ਹੈ ਜਿਸ ਨੂੰ ਰੋਕਿਆ ਨਹੀਂ ਜਾ ਸਕਦਾ ਪਰ ਜਾਗਰੂਕਤਾ ਨਾਲ ਕੀਮਤੀ ਜਾਨਾਂ ਬਚਾਈਆਂ ਜਾ ਸਕਦੀਆਂ ਹਨ। ਦੁਨੀਆ 'ਚ ਹਰ ਸਾਲ 20 ਹਜ਼ਾਰ ਲੋਕ ਅਸਮਾਨੀ ਬਿਜਲੀ ਨਾਲ ਪ੍ਰਭਾਵਿਤ ਹੁੰਦੇ ਹਨ। ਭਾਰਤ 'ਚ ਕਰੀਬ ਦੋ ਹਜ਼ਾਰ ਲੋਕ ਹਰ ਸਾਲ ਅਸਮਾਨੀ ਬਿਜਲੀ ਕਾਰਨ ਮਾਰੇ ਜਾਂਦੇ ਹਨ। ਇਸ ਤੋਂ ਬਚਾਅ ਲਈ ਭਾਰਤੀ ਟਰੌਪੀਕਲ ਮਟੀਰੋਲੋਜੀ ਸੰਸਥਾਨ (99“M) ਵੱਲੋਂ 18 ਨਵੰਬਰ 2018 ਨੂੰ ਇਹ ਐਪ ਜਾਰੀ ਕੀਤੀ ਗਈ। ਇਹ ਬਿਜਲੀ ਚਮਕਣ ਜਾਂ ਬਿਜਲੀ ਡਿੱਗਣ ਜਿਹੀਆਂ ਘਟਨਾਵਾਂ ਬਾਰੇ ਸੁਚੇਤ ਕਰਦੀ ਹੈ। ਇਸ ਐਪ ਦੀ ਮਦਦ ਨਾਲ ਬਿਜਲੀ ਡਿੱਗਣ ਤੋਂ 30-40 ਮਿੰਟ ਪਹਿਲਾਂ ਮੋਬਾਈਲ 'ਤੇ ਚਿਤਾਵਨੀ ਦਿੱਤੀ ਜਾਂਦੀ ਹੈ। ਇਸ ਰਾਹੀਂ ਦੇਸ਼ ਭਰ 'ਚ ਬਿਜਲੀ ਡਿੱਗਣ ਦੀਆਂ ਘਟਨਾਵਾਂ ਦੀ ਨਿਗਰਾਨੀ ਕੀਤੀ ਜਾਂਦੀ ਹੈ ਜੋ 20 ਤੋਂ 40 ਕਿਲੋਮੀਟਰ ਤਕ ਅਸਰਦਾਰ ਹੁੰਦੀ ਹੈ। ਇਹ ਐਪ ਚਿਤਾਵਨੀ ਦੇ ਨਾਲ ਬਚਾਅ ਬਾਰੇ ਵੀ ਜਾਣਕਾਰੀ ਦਿੰਦੀ ਹੈ।

ਐਪ 'ਚ ਲੋਕੇਸ਼ਨ ਭਰ ਕੇ ਸਬੰਧਤ ਜਗ੍ਹਾ ਬਾਰੇ ਜਾਇਜ਼ਾ ਲਿਆ ਜਾ ਸਕਦਾ ਹੈ। ਐਪ ਰਾਹੀਂ ਅੰਗਰੇਜ਼ੀ ਤੇ ਹਿੰਦੀ ਭਾਸ਼ਾ 'ਚ ਜਾਣਕਾਰੀ ਦਿੱਤੀ ਜਾਂਦੀ ਹੈ। ਇਸ ਨੂੰ ਬਾਕੀ ਭਾਸ਼ਾਵਾਂ 'ਚ ਵੀ ਅਪਡੇਟ ਕੀਤਾ ਜਾਵੇਗਾ। ਐਪ 'ਚ ਅਸਮਾਨੀ ਬਿਜਲੀ ਤੋਂ ਸੁਰੱਖਿਆ ਤੇ ਮੁੱਢਲੀ ਸਹਾਇਤਾ ਬਾਰੇ ਵੀ ਜਾਣਕਾਰੀ ਦਿੱਤੀ ਗਈ ਹੈ।

ਇਹ ਐਪ ਕਿਸਾਨਾਂ ਦੇ ਤੋ ਆਮ ਲੋਕਾਂ ਲਈ ਲਾਭਦਾਇਕ ਹੈ।ਇਸ ਨੂੰ ਫੋਨ 'ਤੇ ਡਾਊਨਲੋਡ ਕਰ ਕੇ ਆਪਣਾ ਨਾਂ, ਮੋਬਾਈਲ ਨੰਬਰ, ਪਿੰਨ ਕੋਡ, ਲੋਕੇਸ਼ਨ ਤੇ ਕਿੱਤਾ ਭਰ ਕੇ ਰਜ਼ਿਸਟਰ ਕੀਤਾ ਜਾ ਸਕਦਾ ਹੈ। ਅਸਮਾਨੀ ਬਿਜਲੀ ਵਰਗੀ ਤਕੜੀ ਕੁਦਰਤੀ ਆਫ਼ਤ ਬਾਰੇ ਸਮੇਂ ਸਿਰ ਜਾਣਕਾਰੀ ਮਿਲਣ ਨਾਲ ਕਿਸਾਨ ਜਿੱਥੇ ਆਪਣੀ ਜਾਨ ਬਚਾ ਸਕਦੇ ਹਨ ਉੱਥੇ ਪਸ਼ੂਆਂ ਨੂੰ ਵੀ ਸੁਰੱਖਿਅਤ ਰੱਖ ਕੇ ਜਾਨੀ ਤੇ ਮਾਲੀ ਨੁਕਸਾਨ ਤੋਂ ਬਚ ਸਕਦੇ ਹਨ। ਡਾਊਨਲੋਡ ਕਰਨ ਲਈ ਲਿੰਕ :

ਮੌਸਮ ਐਪ

ਐਂਡਰਾਇਡ ਫੋਨ :https://play.google.com/store/apps/details?id=com.imd.masuam


ਐਪਲ ਫੋਨ : https://apps.apple.com/us/app/id1522893967

ਮੇਘਦੂਤ ਐਪ

ਐਂਡਰਾਇਡ ਫੋਨ : https://play.google.com/store/apps/details?id=com.aas.meghdoot

ਐਪਲ ਫੋਨ : https://apps.apple.com/in/app/meghdoot/id1474048155

ਦਾਮਿਨੀ ਐਪ

ਐਂਡਰਾਇਡ ਫੋਨ : https://play.google.com/store/apps/details?id=com.lightening.live.damini

ਐਪਲ ਫੋਨ : https://itunes.apple.com/WebObjects/MZStore.woa/wa/viewSoftware?id=1502385645

- ਕੁਲਵਿੰਦਰ ਕੌਰ ਗਿੱਲ

98553-85287


Posted By: Harjinder Sodhi