ਪੰਜਾਬ ਦਾ ਨਾਂ ਆਉਦੇ ਹੀ ਹਰੇ ਇਨਕਲਾਬ ’ਚੋਂ ਉਪਜੀ ਖ਼ੁਸ਼ਹਾਲੀ ਵਾਲੇ ਸੂਬੇ ਦਾ ਅਕਸ ਉੱਭਰ ਕੇ ਆਉਦਾ ਹੈ। ਹਰੇ-ਭਰੇ ਖੇਤ, ਭੱਜਦੇ ਟਰੈਕਟਰ, ਹਾਰਵੈਸਟਰ, ਕੰਬਾਈਨਾਂ, ਆਧੁਨਿਕ ਮਸ਼ੀਨਾਂ ਅਤੇ ਖੇਤੀ ਰਸਾਇਣਾਂ ਦਾ ਛਿੜਕਾਅ ਕਰਨ ਵਾਲੇ ਕਿਸਾਨ ਹੀ ਅੱਜ ਪੰਜਾਬ ਦੀ ਅਸਲੀ ਤਸਵੀਰ ਹਨ। ਇਨ੍ਹਾਂ ਹਰੀਆਂ ਤਸਵੀਰਾਂ ਦੇ ਪਿੱਛੇ ਬਹੁਤ ਕੁੱਝ ਅਜਿਹਾ ਹੈ ਜੋ ਅੱਖਾਂ ਸਾਹਮਣੇ ਗਾਇਬ ਹੋ ਚੁੱਕਾ ਹੈ ਅਤੇ ਪੂਰੀ ਕਾਲਖ ਨਾਲ ਢੱਕਿਆ ਹੋਇਆ ਹੈ। ਪਿਛਲੇ ਚਾਲੀ ਸਾਲਾਂ ਤੋਂ ਪੰਜਾਬ ਦੇ ਹਰੇ ਇਨਕਲਾਬ ਦੀ ਕਹਾਣੀ ਦਾ ਬਹੁਤ ਗੱਜ-ਵੱਜ ਕੇ ਪ੍ਰਚਾਰ ਕੀਤਾ ਗਿਆ। ਬੇਸ਼ੱਕ ਸਰਕਾਰ ਕਿਸੇ ਦੀ ਵੀ ਰਹੀ ਹੋਵੇ, ਖੇਤੀ-ਕਿਸਾਨੀ ਦਾ ਪੀਪਾ ਦੱਬ ਕੇ ਕੁੱਟਿਆ ਗਿਆ। ਵਿਕਾਸ ਦੀਆਂ ਖ਼ੂਬਸੂਰਤ ਫ਼ਿਲਮਾਂ ਦੇਸ਼ ਦੇ ਹੋਰਨਾਂ ਬਿਮਾਰ ਸੂਬਿਆਂ ਨੂੰ ਦਿਖਾਈਆਂ ਗਈਆਂ ਪਰ ਇਨ੍ਹਾਂ ਚਮਕਦੀਆਂ ਫ਼ਿਲਮਾਂ ਨੇ ਪੰਜਾਬ ਦੀ ਜੀਵਨ ਦਿ੍ਰਸ਼ਟੀ ਨੂੰ ਹੀ ਖੰਡਿਤ ਕਰ ਦਿੱਤਾ। ਜੇਕਰ ਸੁੱਚੇ ਮਨ ਨਾਲ ਅਸੀਂ ਥੋੜ੍ਹੀ ਜਿਹੀ ਚਰਚਾ ਕਰਨ ਦੀ ਹਿੰਮਤ ਕਰੀਏ ਤਾਂ ਵਿਡੰਬਨਾ ਸਾਫ਼ ਨਜ਼ਰ ਆਵੇਗੀ ਕਿ ਪਿਛਲੇ ਚਾਲੀ-ਪੰਜਾਹ ਸਾਲਾਂ ਤੋਂ ਹਰੇ ਇਨਕਲਾਬ ਦੇ ਕੁੱਟੇ ਗਏ ਢੋਲ ਅਤੇ ਗ਼ੈਰ ਜ਼ਰੂਰੀ ਵਿਕਾਸ ਨੇ ਕੁਦਰਤੀ ਸੋਮਿਆਂ ਨਾਲ ਭਰਪੂਰ ਸੂਬੇ ਨੂੰ ਹੈਰਾਨਕੁਨ ਸਵਾਲਾਂ ਦੇ ਉਜਾੜ ਵਿੱਚ ਲਿਆ ਖੜ੍ਹਾ ਕੀਤਾ ਹੈ। ਭਾਵੇਂ ਇਹ ਪੜ੍ਹਨ, ਸੁਣਨ ਜਾਂ ਸ਼ਿਸ਼ਟਾਚਾਰ ਦੇ ਦਾਇਰੇ ਵਿਚ ਨਹੀਂ ਆਉਦਾ, ਪਰ ਜੋ ਲੱਛਣ ਅਜੋਕੇ ਪੰਜਾਬ ਵਿਚ ਦਿਖਾਈ ਦੇ ਰਹੇ ਹਨ, ਉਹ ਪੰਜਾਬ ਨੂੰ ਉਜਾੜ ਵੱਲ ਲਿਜਾਂਦੇ ਨਜ਼ਰ ਆ ਰਹੇ ਹਨ।

ਕੀਟਨਾਸ਼ਕਾਂ ਦੀ ਅੰਨੇ੍ਹਵਾਹ ਵਰਤੋਂ

ਕਈ ਅਧਿਐਨਾਂ ਤੋਂ ਪਤਾ ਲੱਗਦਾ ਹੈ ਕਿ ਪੰਜਾਬ ਦੇ ਖੇਤੀ ਉਤਪਾਦਨ ਵਿੱਚ ਕੀਟਨਾਸ਼ਕਾਂ ਦੀ ਵੱਡੀ ਮਾਤਰਾ ਕਾਰਨ ਕਣਕ ਹੁਣ ਸੂਬੇ ਦੇ ਵਸਨੀਕ ਹੀ ਖ਼ਰੀਦਣ ਜਾਂ ਖਾਣ ਲਈ ਤਿਆਰ ਨਹੀਂ ਹਨ ਤਾਂ ਇਸ ਨੂੰ ਕਿਸ ਗੱਲ ਦੀ ਨਿਸ਼ਾਨੀ ਸਮਝਿਆ ਜਾਵੇ? ਪਿਛਲੇ ਪੰਜ ਦਹਾਕਿਆਂ ਤੋਂ ਹਰੇ ਇਨਕਲਾਬ ’ਚੋਂ ਪੈਦਾ ਹੋਏ ਇਸ ਵਿਕਾਸ ਨੂੰ ਇੱਕ ਨਵਾਂ ਸੰਪਰਦਾ ਬਣਾ ਦਿੱਤਾ ਹੈ। ਭਾਖੜਾ ਡੈਮ ਨੂੰ ਵੀ ਨਵੇਂ ਭਾਰਤ ਦਾ ਮੰਦਰ ਐਲਾਨਿਆ ਗਿਆ ਸੀ। ਉਦੋਂ ਵਿਗਿਆਨੀਆਂ, ਕਿਸਾਨਾਂ, ਸਿਆਸਤਦਾਨਾਂ, ਯੋਜਨਾਕਾਰਾਂ ਤੋਂ ਲੈ ਕੇ ਨੌਕਰਸ਼ਾਹੀ, ਬੁੱਧੀਜੀਵੀਆਂ, ਲੇਖਕਾਂ ਅਤੇ ਆਮ ਲੋਕਾਂ ਵਿੱਚ ਬਹੁਤ ਯੋਜਨਾਬੱਧ ਯਤਨਾਂ ਨਾਲ ਇਸ ਨਵੇਂ ਮੰਦਰ ਪ੍ਰਤੀ ਬਹੁਤ ਸ਼ਰਧਾ ਪੈਦਾ ਹੋਈ। ਜਦੋਂ ਕਿ ਸਪਾਂਸਰਡ ਵਿਸ਼ਵਾਸ ਅਤੇ ਸ਼ਰਧਾ ਅਕਸਰ ਸੋਚ-ਹੀਣ ਹੁੰਦੇ ਹਨ। ਨਾ ਸਵਾਲ, ਨਾ ਜਵਾਬੀ ਸਵਾਲ, ਨਾ ਸ਼ੱਕ, ਕੁੱਝ ਵੀ ਪ੍ਰਗਟ ਨਹੀਂ ਕੀਤਾ ਗਿਆ। ਅੱਖਾਂ ਮੀਚ ਕੇ ਇਸ ਵਿਕਾਸ ਦਾ ਅੰਨ੍ਹਾ ਪਿੱਛਾ ਕਰਨਾ ਭੇਡਾਂ ਦੇ ਝੁੰਡ ਦੇ ਡੂੰਘੀ ਖਾਈ ਵਿੱਚ ਡਿੱਗਣ ਵਰਗਾ ਸੀ? ਇਸ ਦਾ ਨਤੀਜਾ ਇਹ ਨਿਕਲਿਆ ਕਿ ਪੰਜਾਬ ਦੇ ਧਰਤੀ ਪੁੱਤਰਾਂ ਨੇ ਰਵਾਇਤੀ ਅਤੇ ਕੁਦਰਤੀ ਖੇਤੀ ਛੱਡ ਕੇ ਜੀਵਨ ਦੇਣ ਵਾਲੇ ਦਰਿਆਵਾਂ, ਛੱਪੜਾਂ, ਟੋਬਿਆਂ, ਖੂਹਾਂ ਨੂੰ ਬੇਲੋੜਾ ਮੰਨ ਲਿਆ। ਗਾਵਾਂ ਅਤੇ ਮੱਝਾਂ ਤੋਂ ਚਰਾਂਦਾਂ ਖੋਹ ਲਈਆਂ ਅਤੇ ਚੱਕੀਆਂ ਦੇ ਨਕਲੀ ਚਾਰੇ ਦੀ ਆਦਤ ਪਾ ਦਿੱਤੀ ਗਈ। ਫਿਰ ਵੀ ਜਦੋਂ ਗਾਵਾਂ-ਮੱਝਾਂ ਉਨ੍ਹਾਂ ਦੀਆਂ ਉਮੀਦਾਂ ’ਤੇ ਖਰੀ ਨਹੀਂ ਉਤਰੀਆਂ ਤਾਂ ਉਹਨੂੰ ਟੀਕਿਆਂ ਨਾਲ ਦੁੱਧ ਦੇਣ ਦੀ ਆਦਤ ਪਾ ਦਿੱਤੀ ਗਈ। ਅੱਜ ਸੂਬੇ ਕੇ ਕਿਸੇ ਹਿੱਸੇ ਵਿੱਚ ਕੁਦਰਤੀ ਤੌਰ ’ਤੇ ਦੁੱਧ ਦੇਣ ਵਾਲੇ ਪਸ਼ੂ ਨਹੀਂ ਮਿਲਣਗੇ।

ਪੰਜਾਬ ’ਚੋਂ ਕਿਉਂ ਚੱਲਦੀ ਕੈਂਸਰ ਰੇਲ

ਪੰਜਾਬ ਦੇ ਵਾਤਾਵਰਨ, ਖੇਤੀ ਅਤੇ ਹਰੇ ਇਨਕਲਾਬ ਤੇ ਬਹੁਤ ਕੁੱਝ ਲਿਖਿਆ ਅਤੇ ਕਿਹਾ ਜਾਂਦਾ ਰਿਹਾ ਹੈ ਪਰ ਇਸ ਵਿੱਚ ਤਸਵੀਰ ਦਾ ਸਿਰਫ਼ ਇੱਕ ਪਹਿਲੂ ਦਿਖਾਇਆ ਗਿਆ ਹੈ। ਕਿਸੇ ਕਿਸਾਨ ਨੂੰ ਕਦੇ ਕਿਸੇ ਨੇ ਇਹ ਨਹੀਂ ਪੁੱਛਿਆ ਕਿ ਭਾਈ, ਜ਼ਰਾ ਦੱਸੋ, ਕੀ ਹੱਥੀ ਕੰਮ ਛੱਡ ਕੇ ਆਪਣੇ ਜੱਦੀ-ਪੁਸ਼ਤੀ ਕੰਮ ਪਰਵਾਸੀ ਮਜ਼ਦੂਰਾਂ ਦੇ ਹਵਾਲੇ ਕਰਨਾ ਕਿਸੇ ਸਰਕਾਰੀ ਨੀਤੀ ਦਾ ਹਿੱਸਾ ਸੀ? ਕੀ ਰਸਾਇਣਕ ਖਾਦਾਂ, ਕੀਟਨਾਸ਼ਕਾਂ ਦੀ ਅੰਨ੍ਹੇਵਾਹ ਵਰਤੋਂ ਕਿਸੇ ਸੰਵਿਧਾਨ ਦੀ ਲੋੜ ਸੀ? ਕਿਸ ਰਾਜਨੀਤਕ ਪਾਰਟੀ ਨੇ ਵਿਧਾਨ ਸਭਾ ਵਿੱਚ ਇਹ ਬਿਲ ਪਾਸ ਕੀਤਾ ਕਿ ਪੰਜਾਬ ਵਿੱਚ ਨਸ਼ੇ ਦਾ ਸੇਵਨ ਕਰਨਾ ਲਾਜ਼ਮੀ ਹੈ (ਭਾਵੇਂ ਸਾਰੀਆਂ ਪਾਰਟੀਆਂ ਦੇ ਸੇਵਾਦਾਰ ਹੀ ਵੇਚਦੇ ਹੋਣ)? ਕਿਸਾਨਾਂ ਨੂੰ ਪੁੱਛਿਆ ਜਾਣਾ ਚਾਹੀਦਾ ਹੈ ਕਿ ਕਰੋੜਾਂ ਦੀਆਂ ਫ਼ਸਲਾਂ, ਸਬਸਿਡੀਆਂ, ਆਟਾ-ਦਾਲ ਸਕੀਮਾਂ ਤੇ ਚੋਣਾਂ ਲੜਨ ਦੇ ਬਾਵਜੂਦ ਖ਼ੁਦਕੁਸ਼ੀਆਂ ਕਿਉ? ਜੇਕਰ ਹਰੇ ਇਨਕਲਾਬ ਕਰਕੇ ਪੰਜਾਬ ਖ਼ੁਸ਼ਹਾਲ ਹੋਇਆ ਤਾਂ ਅੱਜ ਅਨੇਕਾਂ ਪਿੰਡਾਂ ਦੇ ਬਾਹਰ ਵਿਲੇਜ ਫੌਰ ਸੇਲ ਦੇ ਬੋਰਡ ਕਿਉ ਲਟਕ ਰਹੇ ਹਨ ? ਜੇਕਰ ਹਰੇ ਇਨਕਲਾਬ ਕਰਕੇ ਹੀ ਪੰਜਾਬ ਖ਼ੁਸ਼ਹਾਲ ਹੋਇਆ ਹੈ ਤਾਂ ਕਿੱਥੇ ਗਿਆ ਸੂਬੇ ਦੀ ਧਰਤੀ ਹੇਠਲਾ ਪਾਣੀ, ਸਿਹਤਮੰਦ ਮਿੱਟੀ ਅਤੇ ਪੰਛੀਆਂ ਦੀਆਂ ਅਣਗਿਣਤ ਕਿਸਮਾਂ? ਸੈਂਕੜੇ ਪਿੰਡਾਂ ਵਿੱਚ ਸਿਰਫ਼ ਬਜ਼ੁਰਗ ਹੀ ਕਿਉ ਹਨ, ਕਿੱਥੇ ਗਏ ਉਨ੍ਹਾਂ ਪਿੰਡਾਂ ਦੇ ਨੌਜਵਾਨ? ਜੇਕਰ ਹਰੇ ਇਨਕਲਾਬ ਦਾ ਤਜਰਬਾ ਸੱਚਮੁੱਚ ਹੀ ਸ਼ਾਨਦਾਰ ਸੀ ਤਾਂ ਸੂਬੇ ਦਾ ਮਾਲਵਾ ਖੇਤਰ ਕੈਂਸਰ ਦੀ ਲਪੇਟ ਵਿੱਚ ਕਿਉ ਹੈ? ਕੈਂਸਰ ਐਕਸਪ੍ਰੈਸ ਰੇਲ ਪੰਜਾਬ ’ਚੋਂ ਹੀ ਕਿਉ ਚੱਲਦੀ ਰਹੀ? ਅਜਿਹੇ ਸੈਂਕੜੇ ਸਵਾਲ ਅੱਜ ਹਰ ਸੰਵੇਦਨਸ਼ੀਲ ਮਨ ਨੂੰ ਸੋਚਣ ਲਈ ਮਜਬੂਰ ਕਰ ਰਹੇ ਹਨ।

ਹਰੇ ਇਨਕਲਾਬ ਦਾ ਕਾਲਾ ਪੱਖ

ਹਰਾ ਇਨਕਲਾਬ ਪੰਜਾਬ ਲਈ ਮਹਿਜ਼ ਝੱਖੜ ਸਾਬਤ ਹੋਈ। ਜਿਸ ਨੇ ਆਪਣੇ ਨਾਲ ਪਿਉ-ਦਾਦਿਆਂ ਦੀ ਸਿੰਜਾਈ ਹੋਈ ਸਥਾਈ ਪੂੰਜੀ ਵੀ ਖੋਹ ਲਈ। ਹਰੇ ਇਨਕਲਾਬ ਦੇ ਪਿੱਛੇ ਦੇ ਕਾਲੇ ਬੁਰਸ਼ ਦਾ ਬੁਰਾ ਪ੍ਰਭਾਵ ਇੰਨਾ ਵੱਡਾ ਹੈ ਕਿ ਪੰਜਾਬ ਵਿੱਚ ਅੱਜ ਅਜਿਹਾ ਕੋਈ ਕਿਸਾਨ ਨਹੀਂ ਮਿਲਦਾ ਜਿਸ ਨੇ ਆਪਣੀ ਜ਼ਮੀਨ ਗਹਿਣੇ ਨਾ ਰੱਖੀ ਹੋਵੇ। ਸਿਰਫ਼ ਤਿੰਨ ਦਹਾਕੇ ਪਹਿਲਾਂ ਪਿੰਡਾਂ ਵਿੱਚ ਸੱਠ ਤੋਂ ਸੱਤਰ ਕਿਸਮ ਦੀਆਂ ਸਬਜ਼ੀਆਂ, ਦਾਲਾਂ, ਤੇਲ ਬੀਜ, ਮਸਾਲੇ, ਫਲ ਆਦਿ ਖੇਤਾਂ ਵਿੱਚੋਂ ਹੀ ਮਿਲਦੇ ਸਨ। ਅੱਜ ਇਹ ਗਿਣਤੀ ਸਿਰਫ਼ ਚਾਰ-ਪੰਜ ਤੱਕ ਹੀ ਸੀਮਤ ਹੋ ਗਈ ਹੈ। ਹਰੇ ਇਨਕਲਾਬ ਦੇ ਜਿਹਾਦ ਨੇ ਖੇਤੀਬਾੜੀ ਦੀ ਜੈਵ ਵਿਭਿੰਨਤਾ ਅਤੇ ਸਥਾਨਕ ਸਵੈ-ਨਿਰਭਰਤਾ ਨੂੰ ਪੂਰੀ ਤਰ੍ਹਾਂ ਤਬਾਹ ਕਰ ਦਿੱਤਾ ਹੈ। ਕਿਸਾਨਾਂ ਨੇ ਖੇਤੀ ਨੂੰ ਕੁਦਰਤ ਨਾਲੋਂ ਤੋੜ ਕੇ ਮੰਡੀ ਅਤੇ ਆੜਤੀ ’ਤੇ ਨਿਰਭਰ ਬਣਾ ਲਿਆ ਹੈ। ਭਾਰੀ ਮਸ਼ੀਨੀਕਰਨ ਅਤੇ ਰਸਾਇਣੀਕਰਨ ਨੇ ਔਰਤਾਂ ਨੂੰ ਖੇਤਾਂ ਅਤੇ ਖੇਤੀਬਾੜੀ ਦੇ ਕੰਮ ਨਾਲ ਜੁੜੀਆਂ ਸੋਹਣੀਆਂ ਪਰੰਪਰਾਵਾਂ ਤੋਂ ਪੂਰੀ ਤਰ੍ਹਾਂ ਦੂਰ ਕਰ ਦਿੱਤਾ ਹੈ। ਅੱਜ ਸ਼ਾਇਦ ਹੀ ਕੋਈ ਅਜਿਹੀ ਔਰਤ ਮਿਲੇਗੀ ਜਿਸ ਨੂੰ ਖੇਤੀ ਨਾਲ ਸਬੰਧਤ ਪੀੜ੍ਹੀ ਦਰ ਪੀੜ੍ਹੀ ਪੁਰਾਣੇ ਲੋਕ ਗੀਤ ਯਾਦ ਹੋਣ। ਹੁਣ ਇਸ ਸੱਭਿਆਚਾਰਕ ਅਤੇ ਪਰੰਪਰਾਗਤ ਖ਼ਾਤਮੇ ਨੂੰ ਕੌਣ ਭਰੇਗਾ? ਸੱਭਿਆਚਾਰਕ ਅਤੇ ਪਰੰਪਰਾਵਾਂ ਕਦੇ ਵੀ ਕਿਸੇ ਸਿਆਸੀ ਪਾਰਟੀ ਦੇ ਚੋਣ ਮਨੋਰਥ ਪੱਤਰ ਦਾ ਹਿੱਸਾ ਨਹੀਂ ਹੁੰਦੀਆਂ। ਪੰਜਾਬ ਦੇ ਨੇਤਾਵਾਂ ਅਤੇ ਉਨ੍ਹਾਂ ਦੇ ਸਾਥੀ ਵਪਾਰੀਆਂ ਨੇ ਇਸ ਕੁਚੱਕਰ ਦਾ ਪੂਰਾ ਫ਼ਾਇਦਾ ਉਠਾਇਆ।

ਲੱਭਣੇ ਪੈਣਗੇ ਸਵਾਲਾਂ ਦੇ ਹੱਲ

ਹਰੇ ਇਨਕਲਾਬ ’ਚੋਂ ਉੱਗੇ ਲਾਲਚਾਂ ਨੂੰ ਕੁਦਰਤ, ਧਰਮ ਅਤੇ ਜੀਵਨ ਕਦਰਾਂ-ਕੀਮਤਾਂ ਤੋਂ ਉੱਪਰ ਸਮਝਿਆ ਗਿਆ। ਹਜ਼ਾਰਾਂ ਖੁਦਕੁਸ਼ੀਆਂ ਦੇ ਬਾਵਜੂਦ ਕਿਸੇ ਵੀ ਸਰਕਾਰ, ਧਾਰਮਿਕ, ਸਮਾਜਿਕ ਸੰਸਥਾ ਵੱਲੋਂ ਕੋਈ ਪਿਆਰ ਭਰਿਆ ਯਤਨ ਨਹੀਂ ਕੀਤਾ ਗਿਆ। ਹਰੇ ਇਨਕਲਾਬ ਦੀ ਪੈਰਵੀ ਕਰਨ ਵਾਲੇ ਕਿਸਾਨ ਲੀਡਰਾਂ ਜਾਂ ਕਿਸਾਨ ਜਥੇਬੰਦੀਆਂ ਨੇ ਕਦੇ ਇਹ ਸੋਚਣਾ ਚਾਹੀਦਾ ਹੈ ਕਿ ਆਖ਼ਿਰ ਕੋਈ ਮਜ਼ਦੂਰ, ਦਿਹਾੜੀਦਾਰ ਜਾਂ ਮੰਗਤਾ ਵੀ ਖੁਦਕੁਸ਼ੀ ਨਹੀਂ ਕਰਦਾ ਪਰ ਸੈਂਕੜੇ ਏਕੜ ਜ਼ਮੀਨਾਂ ਵਾਲਿਆਂ ਨੇ ਕਿਉ ਕੀਤੀਆਂ ਖੁਦਕੁਸ਼ੀਆਂ ? ਪੰਜਾਬ ਦੇ ਜਿਹੜੇ ਚਾਰ ਜ਼ਿਲ੍ਹਿਆਂ ਵਿੱਚ ਅੰਨ੍ਹੇ ਵਾਹ ਕੀਟਨਾਸ਼ਕਾਂ ਦੀ ਵਰਤੋਂ ਕੀਤੀ ਗਈ, ਓਹੀ ਚਾਰ ਜ਼ਿਲ੍ਹਿਆਂ ਵਿੱਚ 80 ਫੀਸਦ ਕਿਸਾਨਾਂ ਦੀਆਂ ਖ਼ੁਦਕੁਸ਼ੀਆਂ ਹੋਈਆਂ ਹਨ। ਇਨ੍ਹਾਂ ਸਵਾਲਾਂ ਦੇ ਜਵਾਬ ਹਰੇ ਇਨਕਲਾਬ ’ਚੋਂ ਉੱਗੇ ਖ਼ਰਪਾਤਵਾਰਾਂ ਵਿੱਚੋਂ ਲੱਭਣੇ ਪੈਣਗੇ, ਨਹੀਂ ਤਾਂ ਆਉਣ ਵਾਲੀਆਂ ਪੀੜ੍ਹੀਆਂ ਸਾਨੂੰ ਮਾਫ਼ ਨਹੀਂ ਕਰਨਗੀਆਂ।ਅੱਜ ਨਹੀਂ ਤਾਂ ਕੱਲ੍ਹ ਪੰਜਾਬ ਦੇ ਕਿਸਾਨਾਂ ਨੂੰ ਬਿਨ੍ਹਾਂ ਫੋਕੇ, ਝੂਠੇ ਨਾਅਰਿਆਂ ਚ ਆਏ ਆਪ ਫੈਸਲਾ ਕਰਨਾ ਪਵੇਗਾ ਕਿ ਆਖਿਰ ਨੱਚਦੇ-ਟੱਪਦੇ, ਗਾਉਦੇ, ਰੰਗਲੇ ਪੰਜਾਬ ਦੀ ਹਰੀ-ਭਰੀ ਧਰਤੀ ’ਤੇ ਹਰੇ ਇਨਕਲਾਬ ਦੀ ਆੜ ਵਿਚ ਕਾਲਾ ਬੁਰਸ਼ ਕਿਸਨੇ ਫੇਰਿਆ?

ਗ਼ੈਰ-ਕੁਦਰਤੀ ਯੋਜਨਾਵਾਂ

ਹੁਣ ਸਮਾਂ ਆ ਗਿਆ ਹੈ ਕਿ ਕੇਂਦਰ ਅਤੇ ਰਾਜ ਨੂੰ ਹਰੇ ਇਨਕਲਾਬ ਦੇ ਫ਼ਾਇਦਿਆਂ, ਨੁਕਸਾਨਾਂ ਦਾ ਤਰਕਪੂਰਨ ਅਤੇ ਨਿਰਪੱਖ ਵਿਸ਼ਲੇਸ਼ਣ ਕਰਨਾ ਚਾਹੀਦਾ ਹੈ। ਹਰੇ ਇਨਕਲਾਬ ਨੂੰ ਖੇਤੀ ਖੇਤਰ ’ਚ ਸਭ ਤੋਂ ਵਧੀਆ ਪ੍ਰਯੋਗ ਮੰਨਣ ਵਾਲੇ ਯੋਜਨਾਕਾਰ ਇਹ ਸਮੀਖਿਆ ਕਦੇ ਨਹੀਂ ਕਰਨਗੇ। ਕਿਉਕਿ ਉਹ ਜਾਣਦੇ ਹਨ ਕਿ ਉਹ ਪੰਜਾਬ ਦੀ ਖੇਤੀ ਨੂੰ ਬਰਬਾਦ ਕਰਨ ਵਿੱਚ ਓਨੇ ਹੀ ਹਿੱਸੇਦਾਰ ਹਨ ਜਿੰਨਾ ਕਿਸਾਨ। ਬਿਹਤਰ ਹੋਵੇਗਾ ਜੇਕਰ ਹਰੇ ਇਨਕਲਾਬ ਦਾ ਜਾਇਜ਼ਾ ਸੂਬੇ ਦੀਆਂ ਕਿਸਾਨ ਜਥੇਬੰਦੀਆਂ ਤੇ ਪੀੜਤ ਕਿਸਾਨ ਖ਼ੁਦ ਹੀ ਕਰਨ। ਕਿਉਕਿ ਹਰੇ ਇਨਕਲਾਬ ਦੇ ਪਹਿਲੇ ਪੜਾਅ ਦੀਆਂ ਗਲਤੀਆਂ ਤੋਂ ਸਬਕ ਲਏ ਬਿਨਾਂ ਪੰਜਾਬ ਦੇ ਭਵਿੱਖ ਨੂੰ ਬਚਾਉਣਾ ਅਸੰਭਵ ਹੋ ਜਾਵੇਗਾ। ਸਾਨੂੰ ਇਹ ਅਹਿਸਾਸ ਨਹੀਂ ਹੋਇਆ ਕਿ ਇਸ ਅਦਿੱਖ ਕੁਹਾੜੇ ਨੇ ਸਾਡੀ ਖੇਤੀ-ਪਰੰਪਰਾ, ਭੋਜਨ, ਸੱਭਿਆਚਾਰ ਅਤੇ ਜੀਵਨ-ਮੁੱਲਾਂ ਨੂੰ ਕੱਟ ਦਿੱਤਾ ਹੈ। ਹਰੇ ਇਨਕਲਾਬ ਵਰਗੀਆਂ ਗੈਰ-ਕੁਦਰਤੀ ਯੋਜਨਾਵਾਂ ਨੇ ਕਿਸਾਨੀ ਦੇ ਆਪਣੇ ਪੁਰਖਿਆਂ ਵੱਲੋਂ ਕਮਾਏ ਗਿਆਨ, ਵਿਗਿਆਨ, ਪਰੰਪਰਾ, ਵਿਰਸੇ, ਕੁਦਰਤ ਨਾਲ ਇਕਸੁਰਤਾ ਵਾਲੇ ਰਿਸ਼ਤੇ ਨੂੰ ਕੱਟਣ ਦਾ ਕੰਮ ਕੀਤਾ ਹੈ। ਅਗਾਂਹਵਧੂ ਖੇਤੀ ਦੇ ਨਾਂ ’ਤੇ ਧਰਤੀ ਵਿੱਚ ਕਿੰਨਾ ਜ਼ਹਿਰ ਪਾਇਆ ਗਿਆ, ਧਰਤੀ ਹੇਠਲਾ ਪਾਣੀ ਕਿੰਨਾ ਕੱਢਿਆ ਗਿਆ, ਪਾਣੀ ਵਿੱਚ ਕਿੰਨਾ ਜ਼ਹਿਰ ਮਿਲਾਇਆ ਗਿਆ, ਉਪਜਾਊ ਜ਼ਮੀਨਾਂ ਨੂੰ ਕਿੰਨੀ ਅੱਗ ਲਾਈ ਗਈ, ਕਿੰਨੇ ਖੇਤੀ ਹਿਤੈਸ਼ੀ ਜੀਵ-ਜੰਤਾ ਨੂੰ ਸਾੜਿਆ ਗਿਆ, ਜ਼ਹਿਰੀਲਾ ਭੋਜਨ। ਕਰੋੜਾਂ ਘਰਾਂ ’ਚ ਪਹੁੰਚਾਇਆ ਗਿਆ- ਇਹ ਸਾਰੇ ਸਵਾਲ ਫ਼ਰਜ਼ੀ ਬੱਲੇ ਬੱਲੇ ’ਚ ਸੈਕੰਡਰੀ ਹੋ ਚੁੱਕੇ ਹਨ।

ਕੁਦਰਤੀ ਖੇਤੀ ਦਾ ਪਾਇਆ ਭੋਗ

ਸੂਬੇ ਦੇ ਕਿਸਾਨਾਂ ਨੇ ਖੇਤ ਅਤੇ ਕੁਦਰਤੀ ਖੇਤੀ ਦਾ ਸਾਰਾ ਵਿਰਸਾ ਚੁੱਕ ਕੇ ਦੁਕਾਨ ਦੇ ਹਵਾਲੇ ਕਰ ਦਿੱਤਾ। ਘਰੇਲੂ ਬੀਜ ਹੋਣ, ਘਰ ਦੀ ਰੂੜੀ, ਮੀਹਾਂ ਦੇ ਪਾਣੀ ਨੂੰ ਰੋਕਣ ਦੀਆਂ ਸਦੀਆਂ ਪੁਰਾਣੀਆਂ ਪਰੰਪਰਾਵਾਂ ਹੋਣ, ਸੋਨਾ ਉਗਲਣ ਵਾਲੀ ਮਿੱਟੀ ਹੋਵੇ। ਜਦੋਂ ਵੀ ਕੋਈ ਸਮਾਜ ਆਪਣੇ ਮੂਲ ਤੋਂ ਕਟਦਾ ਹੈ, ਉਸ ਨੂੰ ਵੱਡੀ ਕੀਮਤ ਚੁਕਾਉਣੀ ਪੈਂਦੀ ਹੈ। ਅਜਿਹਾ ਪੰਜਾਬ ਦੇ ਕਿਸਾਨ ਨੇ ਜਾਣ ਬੁੱਝ ਕੇ ਕੀਤਾ ਹੈ। ਸ਼ੁਰੂਆਤੀ ਸਾਲਾਂ ਵਿੱਚ ਝੋਨੇ ਦੀ ਖੇਤੀ ਨਾ ਹੋਣ ਦੇ ਬਾਵਜੂਦ ਜ਼ਮੀਨ ਦੀ ਪੁਰਾਣੀ ਮਜ਼ਬੂਤੀ ਕਾਰਨ ਜਦੋਂ ਝੋਨੇ ਦੀ ਫ਼ਸਲ ਬਹੁਤ ਜ਼ਿਆਦਾ ਉੱਗੀ ਤਾਂ ਕਿਸਾਨ ਅਮੀਰ ਹੁੰਦਾ ਸੀ। ਸਾਦੇ ਘਰਾਂ ਦੀ ਥਾਂ ਖੇਤਾਂ ਵਿੱਚ ਫਾਰਮ ਹਾਊਸ ਬਣਨ ਲੱਗੇ। ਗੁਰੂ ਸਾਹਿਬ ਦੇ ਸੰਦੇਸ਼ ‘ਸੁੱਚੀ ਕਿਰਤ’ ਨੂੰ ਭੁੱਲ ਕੇ ‘ਦਸ ਨਹੁੰ’ ਦੀ ਕਮਾਈ ਕਰਨੀ ਬੰਦ ਕਰ ਦਿੱਤੀ। ਅਮੀਰ ਭੋਜਨ ਦਾ ਵਿਰਸਾ ਛੱਡ ਪਸ਼ੂਖੋਰੀ ਨੂੰ ਉਤਸ਼ਾਹਿਤ ਕੀਤਾ। ਦੁੱਧ, ਘਿਓ, ਲੱਸੀ ਨੂੰ ਛੱਡ ਕੇ ਹਰ ਨਸ਼ੇ ਨੂੰ ਚੁੱਲ੍ਹੇ-ਚੌਂਕੇ ਦਾ ਹਿੱਸਾ ਬਣਾਇਆ ਗਿਆ। ‘ਵੰਡ ਛਕੋ ’ ਦੇ ਫਲਸਫ਼ੇ ਨੂੰ ਨਜ਼ਰਅੰਦਾਜ਼ ਕਰਕੇ ‘ਨਿੱਜਵਾਦ’ ਦਾ ਪ੍ਰਚਾਰ ਕੀਤਾ। ਸਾਦਾ ਜੀਵਨ ਤੋਂ ਇਲਾਵਾ, ਗ਼ੈਰ-ਜ਼ਰੂਰੀ ਫਜ਼ੂਲ ਖ਼ਰਚੀ ਨੂੰ ਜੀਵਨ ਦਾ ਸਮਾਨਾਰਥੀ ਮੰਨਿਆ ਜਾਂਦਾ ਸੀ। ਜਦੋਂ ਇਹ ਸਾਰੀਆਂ ਆਦਤਾਂ ਰਗ-ਰਗ ਵਿੱਚ ਨਸ਼ੇ ਵਾਂਗ ਵਸ ਗਈਆਂ ਤਾਂ ਕਰਜ਼ੇ ਅਤੇ ਖ਼ੁਦਕੁਸ਼ੀਆਂ ਦਾ ਲਗਾਤਾਰ ਸਿਲਸਿਲਾ ਸ਼ੁਰੂ ਹੋ ਗਿਆ, ਜਿਸ ਲਈ ਪੰਜਾਬ ਦੀ ਮਿੱਟੀ ਦੇ ਪੁੱਤਰ ਖ਼ੁਦ ਜ਼ਿੰਮੇਵਾਰ ਹਨ।

ਡਾਰਕ ਜ਼ੋਨ ਵੱਲ ਵਧ ਰਿਹਾ ਖਿੱਤਾ

ਕਿਸੇ ਵੀ ਸੱਭਿਅਤਾ ਨੂੰ ਨਿਰਵਿਘਨ ਰਹਿਣ ਲਈ, ਸੁਚੱਜੀ ਰਾਜਨੀਤਕ ਸਥਿਰਤਾ ਦੇ ਨਾਲ ਸ਼ੁੱਧ ਭੋਜਨ-ਪਾਣੀ, ਸ਼ੁੱਧ ਵਾਤਾਵਰਨ ਅਤੇ ਸਿਹਤਮੰਦ ਸਮਾਜ ਜ਼ਰੂਰੀ ਹੈ। ਭਾਰੀ ਮਨ ਨਾਲ ਕਹਿਣਾ ਪੈਂਦਾ ਹੈ ਕਿ ਅੱਜ ਦਾ ਪੰਜਾਬ ਸੱਭਿਅਤਾ ਦੇ ਬਹੁਤੇ ਮੂਲ ਸਿਧਾਂਤਾਂ ਨੂੰ ਲਗਪਗ ਗੁਆ ਚੁੱਕਾ ਹੈ। ਅੱਜ ਪੰਜਾਬ ਦਾ ਧਰਤੀ ਹੇਠਲਾ ਪਾਣੀ ਲਗਪਗ ਜ਼ਹਿਰੀਲਾ ਹੈ। ਸੂਬੇ ਦੇ 95 ਫੀਸਦ ਪਿੰਡ ਪੀਣ ਵਾਲੇ ਪਾਣੀ ਦੇ ਸੰਕਟ ਨਾਲ ਜੂਝ ਰਹੇ ਹਨ। ਧਰਤੀ ਹੇਠਲੇ ਪਾਣੀ ਦੀ ਜ਼ਿਆਦਾ ਦੁਰਵਰਤੋਂ ਕਾਰਨ 80 ਫੀਸਦ ਤੋਂ ਵੱਧ ਬਲਾਕ ਡਾਰਕ ਜ਼ੋਨ ਵਿੱਚ ਬਦਲ ਚੁੱਕੇ ਹਨ। ਤਾਜ਼ੇ ਪਾਣੀ ਦਾ ਇੱਕ ਵੀ ਸੋਮਾ ਨਹੀਂ ਹੈ ਜਿਸ ਨੂੰ ਸਿੱਧਾ ਪੀਤਾ ਜਾ ਸਕਦਾ ਹੈ। ਨਾਈਟ੍ਰੇਟ ਤੋਂ ਲੈ ਕੇ ਭਾਰੀ ਤੱਤ ਅਤੇ ਜ਼ਹਿਰੀਲੇ ਖੇਤੀ ਰਸਾਇਣ ਪਾਣੀ ਵਿੱਚ ਮੌਜੂਦ ਹਨ। ਜੀਵਨ ਦੇਣ ਵਾਲੇ ਪਾਣੀ ਪਿਤਾ ਦਾ ਜੀਵਨ ਹੁਣ ਖ਼ਤਰੇ ਵਿੱਚ ਹੈ।

- ਸੁਰਿੰਦਰ ਬਾਂਸਲ

Posted By: Harjinder Sodhi