ਪੰਜਾਬੀ ਜਾਗਰਣ, ਬਰਨਾਲਾ : ਸਕੱਤਰ ਖੇਤੀਬਾੜੀ ਪੰਜਾਬ ਡਾ. ਕਾਹਨ ਸਿੰਘ ਪਨੂੰ ਵੱਲੋਂ ਮਿਲੇ ਦਿਸ਼ਾਂ-ਨਿਰਦੇਸ਼ਾਂ ’ਤੇ ਖੇਤੀਬਾੜੀ ਵਿਭਾਗ ਟਿੱੱਡੀ ਦਲ ਦੇ ਟਾਕਰੇ ਲਈ ਪੂਰੀ ਤਰ੍ਹਾਂ ਤਿਆਰ ਹੈ। ਇਹ ਪ੍ਰਗਟਾਵਾ ਕਰਦੇ ਹੋਏ ਮੁੱੱਖ ਖੇਤੀਬਾੜੀ ਅਫਸਰ ਬਰਨਾਲਾ ਡਾ. ਬਲਦੇਵ ਸਿੰਘ ਨੇ ਆਖਿਆ ਕਿ ਟਿੱਡੀ ਦਲ ਰਾਜਸਥਾਨ ਦੇ ਸੰਘਰੀਆਂ ਮੰਡੀਆਂ ਤੋਂ ਪੰਜਾਬ ਵੱਲ ਵੱਧਣ ’ਤੇ ਪਿਛਲੇ ਦਿਨੀ ਬਠਿੰਡਾ, ਸਿਰਸਾ ਵਿਖੇ ਦੇਖਿਆ ਗਿਆ, ਪਰ ਹਨੇਰੀਆਂ ਦੇ ਰੁਖ ਬਦਲਣ ਕਾਰਨ ਉਹ ਵਾਪਸ ਚਲਾ ਗਿਆ।

ਡਾ. ਬਲਦੇਵ ਸਿੰਘ ਕਿਸਾਨ ਗੁਰਲਾਲ ਸਿੰਘ ਤੇ ਹਰਜੀਤ ਸਿੰਘ ਢਿੱਲੋਂ ਪਿੰਡ ਕਾਹਨਕੇ ਦੇ ਖੇਤਾਂ ਵਿੱਚ ਟਿੱਡੀ ਦਲ ਦੇ ਬਾਲਗ ਦੇਖੇ ਜਾਣ ’ਤੇ ਮੌਕੇ ’ਤੇ ਪੁੱਜੇ। ਮੁੱਖ ਖੇਤੀਬਾੜੀ ਅਫਸਰ ਨੇ ਦੇਖਿਆ ਕਿ ਇਹ ਬਾਲਗ 10 ਤੋਂ 15 ਸਨ, ਕਿਸਾਨਾਂ ਨੂੰ ਘਬਰਾਉਣ ਦੀ ਲੋੜ ਨਹੀਂ ਹੈ, ਕਿਉਂਕਿ ਇਹ ਦਲ ਨਾਲੋਂ ਅਲੱਗ ਹੋਏ ਕੁਝ ਬਾਲਗ ਸਨ, ਪਰ ਖਤਰੇ ਵਾਲੀ ਕੋਈ ਗੱਲ ਨਹੀਂ। ਉਨ੍ਹਾਂ ਕਿਸਾਨਾਂ ਨੂੰ ਅਪੀਲ ਕੀਤੀ ਹੈ ਕਿ ਟਿੱਡੀ ਦਲ ਦੇ ਹਮਲੇ ਦੇ ਖਦਸ਼ੇ ਤੋਂ ਘਬਰਾਉਣ ਦੀ ਲੋੜ ਨਹੀਂ ਹੈ, ਬਲਕਿ ਇਸ ਪ੍ਰਤੀ ਸੁਚੇਤ ਹੋਣ ਦੀ ਲੋੜ ਹੈ। ਜੇਕਰ ਜ਼ਿਲ੍ਹੇ ਵਿੱਚ ਟਿੱਡੀ ਦਲ ਦਾ ਹਮਲਾ ਹੁੰਦਾ ਵੀ ਹੈ ਤਾਂ ਇਸ ਨਾਲ ਨਜਿੱਠਣ ਲਈ ਖੇਤੀਬਾੜੀ ਅਤੇ ਕਿਸਾਨ ਭਲਾਈ ਵਿਭਾਗ ਅਤੇ ਜ਼ਿਲ੍ਹਾ ਪ੍ਰਸ਼ਾਸਨ ਪੂਰੀ ਤਰ੍ਹਾਂ ਤਿਆਰ ਹੈ।

ਉਨ੍ਹਾਂ ਕਿਹਾ ਕਿ ਖੇਤੀਬਾੜੀ ਅਤੇ ਕਿਸਾਨ ਭਲਾਈ ਵਿਭਾਗ ਵੱਲੋਂ ਇਸ ਲਈ ਪੂਰੇ ਪ੍ਰਬੰਧ ਕਰ ਲਏ ਗਏ ਹਨ ਅਤੇ ਇਸ ਲਈ ਟੀਮਾਂ ਦਾ ਗਠਨ ਕਰ ਲਿਆ ਗਿਆ ਹੈ, ਜਿਹੜੀਆਂ ਵੱਖ ਵੱਖ ਪਿੰਡਾਂ ਵਿੱਚ ਜਾ ਕੇ ਕਿਸਾਨਾਂ ਨੂੰ ਮਿਲ ਕੇ ਉਨ੍ਹਾਂ ਨੂੰ ਸੰਭਾਵੀ ਹਮਲੇ ਨੂੰ ਰੋਕਣ ਲਈ ਤਿਆਰ ਹਨ। ਉਨ੍ਹਾਂ ਕਿਹਾ ਕਿ ਇਸ ਸਮੇਂ ਜ਼ਿਲ੍ਹੇ ਦੇ ਵੱਖ ਵੱਖ ਬਲਾਕਾਂ ਵਿੱਚ ਕੁੱਲ 553 ਸਪਰੇਅ ਪੰਪ ਹਨ, ਜਿਨ੍ਹਾਂ ਨੂੰ ਪਾਣੀ ਨਾਲ ਭਰ ਕੇ ਤਿਆਰ ਕਰਵਾਇਆ ਜਾ ਰਿਹਾ ਹੈ। ਟਿੱਡੀ ਦਲ ’ਤੇ ਛਿੜਕਾਅ ਕਰਨ ਲਈ ਕਲੋਰੋਪੈਰੀਵਾਸ ਦਵਾਈ ਦਾ ਪ੍ਰਬੰਧ ਕਰ ਲਿਆ ਗਿਆ ਹੈ ਅਤੇ ਫਾਇਰ ਬ੍ਰਿਗੇਡਜ਼ ਦਾ ਪ੍ਰਬੰਧ ਵੀ ਕਰ ਲਿਆ ਗਿਆ ਹੈ, ਜਿਹੜੀਆਂ ਤਿੰਨਾਂ ਬਲਾਕਾਂ ਵਿੱਚ ਤਾਇਨਾਤ ਹਨ।

ਉਨ੍ਹਾਂ ਕਿਸਾਨਾਂ ਨੂੰ ਅਪੀਲ ਕੀਤੀ ਕਿ ਉਹ ਪਹਿਲਾਂ ਤੋਂ ਹੀ ਤਿਆਰੀ ਰੱਖਣ। ਜਿਨ੍ਹਾਂ ਕਿਸਾਨਾਂ ਕੋਲ ਟਰੈਕਟਰ ਵਾਲੇ ਸਪਰੇਅ ਪੰਪ ਹਨ, ਉਨ੍ਹਾਂ ਨੂੰ ਪਾਣੀ ਨਾਲ ਭਰ ਕੇ ਰੱਖਣ ਅਤੇ ਖੇਤ ਵਿੱਚ ਮੋਟਰ ਵਾਲੀਆਂ ਡਿੱਗੀਆਂ ਨੂੰ ਵੀ ਪਾਣੀ ਨਾਲ ਭਰ ਕੇ ਰੱਖਣ । ਇਸ ਤੋਂ ਇਲਾਵਾ ਜੇਕਰ ਟਿੱਡੀ ਦਲ ਹਮਲਾ ਕਰਦਾ ਹੈ ਤਾਂ ਪੀਪੇ ਖੜਕਾ ਕੇ ਜਾਂ ਫਿਰ ਪਟਾਖਿਆਂ ਨਾਲ ਫਸਲ ’ਤੇ ਨਾ ਬੈਠਣ ਦਿੱਤਾ ਜਾਵੇ। ਉਨ੍ਹਾਂ ਅਪੀਲ ਕੀਤੀ ਕਿ ਜੇਕਰ ਕੋਈ ਕਿਸਾਨ ਟਿੱਡੀ ਦਲ ਦੇਖਦਾ ਹੈ ਤਾਂ ਖੇਤੀਬਾੜੀ ਵਿਭਾਗ, ਬਰਨਾਲਾ ਵੱਲੋਂ ਸਥਾਪਿਤ ਕੀਤੇ ਗਏ ਕੰਟਰੋਲ ਰੂਮ ’ਤੇ ਅੰਮ੍ਰਿਤਪਾਲ ਸਿੰਘ ਏਡੀਓ ਨਾਲ 76965-95100 ਅਤੇ ਦਿਲਦਾਰ ਸਿੰਘ ਏਐਸਆਈ ਨਾਲ 94176-76133 ’ਤੇ ਸੰਪਰਕ ਕੀਤਾ ਜਾਵੇ।

Posted By: Seema Anand