ਹਲਦੀ ਦੀ ਕਾਸ਼ਤ ਘਰੇਲੂ ਬਗੀਚੀ ਤੋਂ ਲੈ ਕੇ ਵਪਾਰਕ ਪੱਧਰ ਤਕ ਕੀਤੀ ਜਾਂਦੀ ਹੈ। ਇਸ ਵਿਚ ਕਰਕਿਊਮਿਨ ਤੱਤ ਹੋਣ ਕਰਕੇ ਵੱਖ-ਵੱਖ ਦਵਾਈਆਂ ’ਚ ਵਰਤਿਆ ਜਾਂਦਾ ਹੈ। ਇਸ ’ਚੋਂ ਕੱਢੇ ਜਾਂਦੇ ਤੇਲ ਦੀ ਵਰਤੋਂ ਵੱਖ-ਵੱਖ ਖਾਧ ਪਦਾਰਥਾਂ, ਦਵਾਈਆਂ ਤੇ ਹਾਰ- ਸ਼ਿੰਗਾਰ ਦੇ ਸਾਮਾਨ ’ਚ ਕੀਤੀ ਜਾਂਦੀ ਹੈ। ਇਸ ਦੀ ਕਾਸ਼ਤ ਦਰਮਿਆਨੀ -ਭਾਰੀ ਤੇ ਚੰਗੇ ਜਲ ਨਿਕਾਸ ਵਾਲੀ ਜ਼ਮੀਨ ’ਚ ਕੀਤੀ ਜਾ ਸਕਦੀ ਹੈ। ਇਸ ਫ਼ਸਲ ਤੋਂ ਬਾਅਦ ਪਿਆਜ਼ ਜਾਂ ਪਛੇਤੀ ਕਣਕ ਦੀ ਫ਼ਸਲ ਲਈ ਜਾ ਸਕਦੀ ਹੈ।

ਬੀਜ ਤੇ ਖਾਦਾਂ

ਰੋਗ ਰਹਿਤ, ਤਾਜ਼ੀਆਂ ਅਤੇ ਇਕਸਾਰ ਆਕਾਰ ਦੀਆਂ ਗੰਢੀਆਂ ਦੀ ਵਰਤੋਂ 6-8 ਕੁਇੰਟਲ ਪ੍ਰਤੀ ਏਕੜ ਕਰੋ। ਬਿਜਾਈ ਤੋਂ ਪਹਿਲਾਂ 10-12 ਟਨ ਗਲੀ-ਸੜੀ ਰੂੜੀ ਦੀ ਖਾਦ ਪ੍ਰਤੀ ਏਕੜ ਖੇਤ ਦੀ ਤਿਆਰੀ ਸਮੇਂ ਹੀ ਪਾ ਦੇਣੀ ਚਾਹੀਦੀ ਹੈ। ਨਾਈਟ੍ਰੋਜਨ ਖਾਦ ਦੀ ਜ਼ਰੂਰਤ ਨਹੀਂ ਪਰ ਬਿਜਾਈ ਸਮੇਂ 10 ਕਿੱਲੋ ਫਾਸਫੋਰਸ (60 ਕਿੱਲੋ ਸਿੰਗਲ ਸੁਪਰ ਫਾਸਫੇਟ) ਤੇ 10 ਕਿੱਲੋ ਪੋਟਾਸ਼ (16 ਕਿੱਲੋ ਮਿਊਰੇਟ ਆਫ ਪੋਟਾਸ਼) ਪ੍ਰਤੀ ਏਕੜ ਬਿਜਾਈ ਤੋਂ ਪਹਿਲਾਂ ਪੋਰ ਦਿਓ।

ਨਦੀਨਾਂ ਦੀ ਰੋਕਥਾਮ

ਗੰਢੀਆਂ ਪੁੰਗਰਨ ਲਈ ਕਾਫ਼ੀ ਸਮਾਂ ਲੈਂਦੀਆਂ ਹਨ। ਇਸ ਲਈ ਪੁੰਗਰਨ ਤਕ ਜ਼ਮੀਨ ਨੂੰ ਨਮ ਰੱਖਣ ਲਈ ਕਾਫ਼ੀ ਸਿੰਚਾਈਆਂ ਵੀ ਕਰਨੀਆਂ ਪੈਂਦੀਆਂ ਹਨ ਤੇ ਫ਼ਸਲ ’ਚ ਨਦੀਨਾਂ ਦੀ ਕਾਫੀ ਸਮੱਸਿਆ ਆ ਜਾਂਦੀ ਹੈ। ਬਿਜਾਈ ਉਪਰੰਤ 36 ਕੁਇੰਟਲ ਪ੍ਰਤੀ ਏਕੜ ਝੋਨੇ ਦੀ ਪਰਾਲੀ ਪਾਉਣ ਨਾਲ ਨਦੀਨਾਂ ਦੀ ਸਮੱਸਿਆ ਕਾਫ਼ੀ ਹੱਦ ਤਕ ਘਟ ਜਾਂਦੀ ਹੈ। ਲੋੜ ਅਨੁਸਾਰ 1-2 ਗੋਡੀਆਂ ਕੀਤੀਆਂ ਜਾ ਸਕਦੀਆਂ ਹਨ।

ਪੁਟਾਈ

ਗੰਢੀਆਂ ਰਾਹੀ ਬੀਜੀ ਫ਼ਸਲ 7-8 ਮਹੀਨੇ ’ਚ ਤਿਆਰ ਹੋ ਜਾਂਦੀ ਹੈ। ਅਗੇਤੀ ਪੁਟਾਈ ਕਾਰਨ ਝਾੜ ਤੇ ਗੁਣਵੱਤਾ ਉੱਪਰ ਮਾੜਾ ਅਸਰ ਪੈਂਦਾ ਹੈ। ਜਦ ਫ਼ਸਲ ਦੇ ਪੱਤੇ ਪੀਲੇ ਪੈ ਕੇ ਸੁੱਕ ਜਾਣ ਤਾ ਪੁਟਾਈ ਕਰ ਲਵੋ।

ਬੀਜ ਤਿਆਰ ਕਰਨਾ

ਬੀਜ ਰੱਖਣ ਲਈ ਚੰਗੀ, ਸਿਹਤਮੰਦ ਤੇ ਤੰਦਰੁਸਤ ਫ਼ਸਲ ਦੀ ਚੋਣ ਕਰਨੀ ਚਾਹੀਦੀ ਹੈ। ਸਮੇਂ-ਸਮੇਂ ਸਿਰ ਫ਼ਸਲ ਦਾ ਨਿਰੀਖਣ ਕਰ ਕੇ ਓਪਰੇ ਬੂਟਿਆਂ ਨੂੰ ਗੰਢੀਆਂ ਸਮੇਤ ਕੱਢਦੇ ਰਹਿਣਾ ਚਾਹੀਦਾ ਹੈ। ਪੁਟਾਈ ਉਪਰੰਤ ਬੀਜ ਨੂੰ ਸਾਫ਼ ਤੇ ਛਾਂਟੀ ਕਰ ਕੇ ਠੰਢੀ ਤੇ ਖੁਸ਼ਕ ਜਗ੍ਹਾ (ਕੋਲਡ ਸਟੋਰ) ’ਤੇ ਭੰਡਾਰ ਕਰੋ। ਕੋਲਡ ਸਟੋਰ ਦੀ ਸਹੂਲਤ ਨਾ ਹੋਵੇ ਤਾਂ ਫ਼ਸਲ ਨੂੰ ਸਰਦੀ ਪੈਣ ਤਕ ਖੇਤ ’ਚ ਹੀ ਰਹਿਣ ਦਿਓ ਤੇ ਪੱਤੇ ਪੀਲੇ ਪੈ ਕੇ ਸੁੱਕ ਜਾਣ ਤੋਂ ਬਾਅਦ ਪੁੱਟਣ ਤਕ ਸਿੰਚਾਈ ਨਾ ਕਰੋ।

ਹਲਦੀ ਤਿਆਰ ਕਰਨ ਦਾ ਢੰਗ

ਗੰਢੀਆਂ ਦੇ ਰੰਗ ਦੀ ਇਕਸਾਰਤਾ ਤੇ ਰੇਸ਼ੇ ਨੂੰ ਨਰਮ ਕਰਨ ਲਈ ਗੰਢੀਆਂ ਨੂੰ ਸੁਕਾਉਣ ਤੋਂ ਪਹਿਲਾਂ ਉਬਾਲ ਲਓ। ਉਬਾਲਣ ਲਈ ਤੰਗ ਮੂੰਹ ਵਾਲੇ ਬਰਤਨ ’ਚ ਪਾ ਕੇ ਏਨਾ ਕੁ ਪਾਣੀ ਪਾਓ ਕਿ ਸਾਰੀਆਂ ਗੰਢੀਆਂ ਪਾਣੀ ’ਚ ਡੁੱਬ ਜਾਣ ਤੇ ਗੰਢੀਆਂ ਨੂੰ ਨਰਮ ਹੋ ਜਾਣ ਤਕ ਪਾਣੀ ’ਚ ਉਬਾਲੋ । ਉੱਬਲੀਆਂ ਗੰਢੀਆਂ ਨੂੰ ਧੁੱਪ ’ਚ ਸੁਕਾ ਕੇ ਕਿਸੇ ਸਖ਼ਤ ਜਗ੍ਹਾ ’ਤੇ ਰਗੜ ਕੇ ਲਿਸ਼ਕਾ ਲੈਣਾ ਚਾਹੀਦਾ ਹੈ। ਵਪਾਰਕ ਪੱਧਰ ’ਤੇ ਇਸ ਕੰਮ ਲਈ ਢੋਲ ਵਰਤੇ ਜਾ ਸਕਦੇੇ ਹਨ। ਸੁੱਕਣ ਉਪਰੰਤ ਗੰਢੀਆਂ ਨੂੰ ਪੀਸ ਕੇ ਪਾਊਡਰ ਬਣਾਇਆ ਜਾ ਸਕਦਾ ਹੈ।

ਬਿਜਾਈ ਦਾ ਢੰਗ

ਬਿਜਾਈ ਲਈ ਗੰਢੀਆਂ ਨੂੰ ਵੱਟਾਂ ਉੱਪਰ ਬਿਜਾਈ ਨਾਲ ਗੰਢੀਆਂ ਲਾਈਨਾਂ ’ਚ ਲਾਓ। ਹੱਥ ਤੇ ਮਸ਼ੀਨ ਨਾਲ ਬਿਜਾਈ ਲਈ ਕਤਾਰ ਤੋਂ ਕਤਾਰ ਦਾ ਫ਼ਾਸਲਾ 45 ਅਤੇ 67.5 ਸੈਂਟੀਮੀਟਰ ਕ੍ਰਮਵਾਰ ਰੱਖਣਾ ਚਾਹੀਦਾ ਹੈ। ਬੂਟੇ ਤੋਂ ਬੂਟੇ ਦੀ ਦੂਰੀ 15 ਸੈਂਟੀਮੀਟਰ ਰੱਖਣੀ ਚਾਹੀਦੀ ਹੈ। ਪਹਿਲੀ ਸਿੰਚਾਈ ਤੋਂ ਬਾਅਦ ਖੇਤ ਨੂੰ 25 ਟਨ ਪਰਾਲੀ ਪ੍ਰਤੀ ਏਕੜ ਨਾਲ ਢਕ ਦਿਓ। ਇਸ ਨਾਲ ਗੰਢੀਆਂ ਦਾ ਪੁੰਗਾਰਾ ਜਲਦੀ ਅਤੇ ਜ਼ਿਆਦਾ ਹੁੰਦਾ ਹੈ। ਗੰਢੀਆਂ ਪੁੰਗਰਨ ਤਕ ਜ਼ਮੀਨ ’ਚ ਨਮੀ ਰਹਿਣੀ ਚਾਹੀਦੀ ਹੈ।

- ਚਰਨਜੀਤ ਕੌਰ, ਹਰਪ੍ਰੀਤ ਸਿੰਘ ਤੇ ਹਰਪਾਲ ਸਿੰਘ ਰੰਧਾਵਾ

Posted By: Harjinder Sodhi