60ਵਿਆਂ ਦੇ ਅੱਧ ਤਕ ਭਾਰਤ 'ਚ ਅਨਾਜ ਦੀ ਘਾਟ ਕਾਰਨ ਅਨਾਜ ਬਾਹਰਲੇ ਮੁਲਕਾਂ ਤੋਂ ਦਰਾਮਦ ਕਰਨਾ ਪੈਂਦਾ ਸੀ। ਉਸ ਸਮੇਂ ਪ੍ਰਧਾਨ ਮੰਤਰੀ ਲਾਲ ਬਹਾਦਰ ਸਾਸ਼ਤਰੀ ਨੇ ਭਾਰਤੀਆਂ ਨੂੰ ਹਰ ਸੋਮਵਾਰ ਵਰਤ ਰੱਖਣ ਦੀ ਅਪੀਲ ਕੀਤੀ ਸੀ। ਇਸ ਪਿੱਛੋਂ ਆਈ ਹਰੀ ਕ੍ਰਾਂਤੀ ਵਿਚ ਸਾਇੰਸਦਾਨਾਂ, ਕਿਸਾਨਾਂ ਤੇ ਸਰਕਾਰੀ ਨੀਤੀਆਂ ਨੇ ਦੇਸ਼ ਨੂੰ ਭੁੱਖਮਰੀ 'ਚੋਂ ਕੱਢ ਕੇ ਅਨਾਜ ਦੀ ਬਰਾਮਦ ਕਰਨ ਵਾਲੇ ਮੁਲਕਾਂ ਦੀ ਕਤਾਰ 'ਚ ਲਿਆ ਖੜ੍ਹਾ ਕੀਤਾ। ਕਿਸਾਨਾਂ ਨੇ ਤਨਦੇਹੀ ਨਾਲ ਹਰੀ ਕ੍ਰਾਂਤੀ 'ਚ ਯੋਗਦਾਨ ਪਾਇਆ। ਇਸ ਕਾਰਜ 'ਚ ਸੂਬੇ ਦੇ ਜਲ ਸਰੋਤਾਂ, ਘੱਟੋ ਘੱਟ ਸਮਰਥਨ ਮੁੱਲ ਨੀਤੀ, ਜ਼ਮੀਨਾਂ ਦੀ ਮੁਰੱਬੇਬੰਦੀ, ਮੰਡੀਆਂ ਤੇ ਸੜਕਾਂ ਦੇ ਜਾਲ, ਖੇਤੀ ਲਈ ਆਸਾਨ ਕਰਜ਼ੇ ਆਦਿ ਦਾ ਬਹੁਤ ਸਹਾਰਾ ਮਿਲਿਆ। ਸਿਰਫ਼ 1.53 ਫ਼ੀਸਦੀ ਰਕਬੇ ਵਿੱਚੋਂ ਪੰਜਾਬ ਨੇ ਪੂਰੇ ਮੁਲਕ ਦੀ 19 ਫ਼ੀਸਦੀ ਕਣਕ, 11 ਫ਼ੀਸਦੀ ਚੌਲ ਤੇ 12 ਫ਼ੀਸਦੀ ਨਰਮੇ ਦੀ ਰਿਕਾਰਡ ਪੈਦਾਵਾਰ ਕੀਤੀ। ਖੇਤੀ ਵਿਕਾਸ ਦੀ ਇਸ ਦੌੜ 'ਚ ਪੰਜਾਬ ਦੇ ਫ਼ਸਲੀ ਚੱਕਰਾਂ 'ਚ ਹੈਰਾਨੀਜਨਕ ਤਬਦੀਲੀਆਂ ਆਈਆਂ।

ਝੋਨੇ ਨੇ ਵਿਗਾੜਿਆ ਫ਼ਸਲੀ ਚੱਕਰ

70ਵਿਆਂ 'ਚ ਸੁਰੂ ਹੋਏ ਝੋਨੇ ਨੇ ਸਾਢੇ ਚਾਰ ਦਹਾਕਿਆਂ ਵਿਚ ਪੰਜਾਬ ਦੇ ਸਮੁੱਚੇ ਫ਼ਸਲੀ ਚੱਕਰ ਨੂੰ ਵਿਗਾੜ ਦਿੱਤਾ। ਸੂਬੇ ਵਿਚ ਸਾਉਣੀ ਹੇਠ ਫ਼ਸਲਾਂ ਦੇ ਕੁੱਲ ਰਕਬੇ ਦਾ 80 ਫ਼ੀਸਦੀ ਤੋਂ ਜ਼ਿਆਦਾ ਹਿੱਸਾ ਝੋਨੇ ਹੇਠ ਹੈ। ਝੋਨੇ ਦੀ ਫ਼ਸਲ ਬਾਕੀ ਫ਼ਸਲਾਂ, ਜਿਵੇਂ ਦਾਲਾਂ, ਤੇਲ ਬੀਜ ਫ਼ਸਲਾਂ, ਮੱਕੀ, ਨਰਮੇ ਆਦਿ ਦੇ ਰਕਬੇ ਨੂੰ ਕਾਫ਼ੀ ਖੋਰਾ ਲਾ ਚੁੱਕੀ ਹੈ। ਪਰਮਲ, ਝੋਨੇ ਤੇ ਬਾਸਮਤੀ ਨੇ ਆਪਣੇ ਪੈਰ ਨਰਮਾ ਪੱਟੀ 'ਚ ਪਸਾਰ ਕੇ ਨਵੀਂ ਚੁਣੌਤੀ ਦਿੱਤੀ ਹੈ। ਨਰਮਾ ਪੱਟੀ ਦੇ ਕੁਝ ਕਿਸਾਨ ਧਰਤੀ ਹੇਠਲੇ ਮਾੜੇ ਪਾਣੀ 'ਚ ਵੀ ਬਾਸਮਤੀ ਦੀ ਕਾਸ਼ਤ ਕਰ ਰਹੇ ਹਨ ਜੋ ਬਹੁਤ ਮਾਰੂ ਰੁਝਾਨ ਹੈ। ਧਰਤੀ ਹੇਠਲੇ ਮਾੜੇ ਪਾਣੀ ਨਾਲ ਜ਼ਮੀਨਾਂ ਦੇ ਬੰਜਰ ਹੋਣ ਦੀ ਸੰਭਾਵਨਾ ਵਧ ਜਾਂਦੀ ਹੈ ਜਿਸ ਕਰਕੇ ਇਹ ਕਣਕ ਦੀ ਕਾਸ਼ਤ ਦੇ ਕਾਬਲ ਵੀ ਨਹੀਂ ਰਹਿਣੀਆਂ।

ਨਰਮੇ ਤੋਂ ਸ਼ੁੱਧ ਮੁਨਾਫ਼ਾ

ਪੰਜਾਬ ਖੇਤੀਬਾੜੀ ਯੂਨੀਵਰਸਿਟੀ ਦੀਆਂ ਸ਼ਿਫ਼ਾਰਸ਼ਾਂ ਮੁਤਾਬਕ ਨਰਮੇ ਦੀ ਫ਼ਸਲ ਤੋਂ 29,808 ਰੁਪਏ ਪ੍ਰਤੀ ਏਕੜ ਦਾ ਸ਼ੁੱਧ ਮੁਨਾਫ਼ਾ ਹੋ ਸਕਦਾ ਹੈ ਜਦਕਿ ਬਾਸਮਤੀ 'ਚ 18,365 ਰੁਪਏ ਪ੍ਰਤੀ ਏਕੜ ਮੁਨਾਫ਼ਾ ਹੁੰਦਾ ਹੈ। ਇਸ ਤੋਂ ਇਲਾਵਾ ਨਰਮੇ ਵਿਚ ਘੱਟੋ ਘੱਟ ਸਮਰਥਨ ਮੁੱਲ ਦੇ ਮੁਕਾਬਲੇ ਬਾਸਮਤੀ ਦਾ ਕੋਈ ਸਮਰਥਨ ਮੁੱਲ ਨਹੀਂ ਹੁੰਦਾ ਤੇ ਇਸ ਦੀਆਂ ਕੀਮਤਾਂ 'ਚ ਪ੍ਰਾਈਵੇਟ ਖ਼ਰੀਦਦਾਰਾਂ ਕਰਕੇ ਬਹੁਤ ਉਤਾਰ-ਚੜ੍ਹਾਅ ਆਉਂਦਾ ਹੈ। ਪਿਛਲੇ ਦਹਾਕੇ ਬਾਸਮਤੀ ਦੀ ਕੀਮਤ 1200 ਰੁਪਏ ਤੋਂ 3500 ਰੁਪਏ ਪ੍ਰਤੀ ਕੁਇੰਟਲ ਰਹੀ। ਪਿਛਲੇ ਸਾਲਾਂ ਦੀਆਂ ਕੀਮਤਾਂ 'ਤੇ ਨਿਗਾਹ ਮਾਰੀਏ ਤਾਂ ਇਕ ਗੱਲ ਸਪਸਟ ਹੈ ਕਿ ਬਾਸਮਤੀ ਹੇਠ ਰਕਬਾ ਵਧਣ ਨਾਲ ਇਸ ਦੀਆਂ ਕੀਮਤਾਂ 'ਚ ਗਿਰਾਵਟ ਆਉਂਦੀ ਹੈ ਜਦਕਿ ਨਰਮੇ 'ਚ ਘੱਟੋ ਘੱਟ ਸਮਰਥਨ ਮੁੱਲ ਵਧਦਾ ਰਹਿੰਦਾ ਹੈ। ਕੇਂਦਰ ਸਰਕਾਰ ਨੇ ਫ਼ਸਲਾਂ ਦਾ ਘੱਟੋ-ਘੱਟ ਸਮਰਥਨ ਮੁੱਲ ਨਿਰਧਾਰਿਤ ਕਰਨ ਲਈ ਹੁਣ ਨਵੀਂ ਨੀਤੀ ਬਣਾਈ ਹੈ, ਜਿਸ ਤਹਿਤ ਕੀਮਤਾਂ ਤੇ ਘਰ ਦੇ ਕਾਮਿਆਂ ਦੀ ਲਾਗਤ ਉੱਪਰ 50 ਫ਼ੀਸਦੀ ਮੁਨਾਫ਼ਾ ਯਕੀਨੀ ਬਣਾਇਆ ਜਾਵੇਗਾ। ਸਰਕਾਰ ਦੇ ਇਸ ਨੀਤੀਗਤ ਫ਼ੈਸਲੇ ਨਾਲ ਆਉਣ ਵਾਲੇ ਸਮੇਂ ਵਿਚ ਕਿਸਾਨਾਂ ਦੇ ਮੁਨਾਫ਼ੇ 'ਚ ਹੋਰ ਵਾਧਾ ਹੋਵੇਗਾ ਅਤੇ ਨਰਮੇ/ਕਪਾਹ ਦਾ ਭਵਿੱਖ ਹੋਰ ਉੱਜਲ ਹੋਣ ਦੀ ਉਮੀਦ ਕੀਤੀ ਜਾ ਸਕਦੀ ਹੈ।

ਬਾਸਮਤੀ ਲਈ ਸਖ਼ਤ ਕੌਮਾਂਤਰੀ ਮਾਪਦੰਡ

ਯੂਰਪੀਅਨ ਯੂਨੀਅਨ ਵੱਲੋਂ ਬਾਸਮਤੀ ਵਿਚ ਵਰਤੇ ਜਾਂਦੇ ਉੱਲੀਨਾਸ਼ਕ ਰਸਾਇਣ (ਟਰਾਈਸਾਈਕਲਾਜੋਲ) ਦੀ ਰਹਿੰਦ-ਖੂੰਹਦ ਸਬੰਧੀ ਕਰੜੇ ਮਾਪਦੰਡ ਅਪਣਾਏ ਜਾਣ ਨਾਲ ਆਉਣ ਵਾਲੇ ਸਮੇਂ ਦੌਰਾਨ ਯੂਰਪੀ ਦੇਸ਼ਾਂ ਨੂੰ ਇਸ ਦੀ ਬਰਾਮਦ ਉੱਪਰ ਨਕਾਰਾਤਮਿਕ ਪ੍ਰਭਾਵ ਪੈ ਸਕਦਾ ਹੈ। ਬਾਸਮਤੀ ਦਾ ਖ਼ਰੀਦਦਾਰ ਪ੍ਰਾਈਵੇਟ ਵਪਾਰੀ ਵਰਗ ਹੈ। ਬਾਸਮਤੀ ਦੇ ਭਾਅ ਵੀ ਮੁਲਕ ਵਿੱਚੋਂ ਹੋਣ ਵਾਲੀ ਫ਼ਸਲ ਦੀ ਬਰਾਮਦ 'ਤੇ ਨਿਰਭਰ ਕਰਦੇ ਹਨ। ਇਸ ਲਈ ਕਿਸਾਨਾਂ ਨੂੰ ਚਾਹੀਦਾ ਹੈ ਕਿ ਪੰਜਾਬ ਦੀ ਨਰਮਾ ਪੱਟੀ ਵਿਚ ਧਰਤੀ ਹੇਠਲੇ ਮਾੜੇ ਪਾਣੀ ਨਾਲ ਬਾਸਮਤੀ ਉਗਾਉਣ ਨਾਲੋਂ ਨਹਿਰੀ ਪਾਣੀ ਨਾਲ ਨਰਮੇ ਦੀ ਫ਼ਸਲ ਲੈਣੀ ਇਕ ਸਿਆਣਾ ਫ਼ੈਸਲਾ ਹੋਵੇਗਾ। ਇਹ ਫ਼ੈਸਲਾ ਜਿੱਥੇ ਸਾਡੀ ਜ਼ਮੀਨ ਨੂੰ ਬੰਜਰ ਹੋਣ ਤੋਂ ਬਚਾਉਣ 'ਚ ਸਹਾਈ ਹੋਵੇਗਾ ਉੱਥੇ ਖੇਤੀ ਵਿਭਿੰਨਤਾ ਵੱਲ ਵੀ ਇਕ ਉੱਦਮ ਹੋਵੇਗਾ।

ਮਹੱਤਵਪੂਰਨ ਫ਼ਸਲ ਹੈ ਨਰਮਾ

ਝੋਨੇ ਜਾਂ ਬਾਸਮਤੀ ਦੇ ਮੁਕਾਬਲੇ ਨਰਮਾ ਇਕ ਮਹੱਤਵਪੂਰਨ ਫ਼ਸਲ ਹੈ ਜਿਸ ਦੀ ਰਾਸ਼ਟਰੀ ਅਤੇ ਅੰਤਰਰਾਸ਼ਟਰੀ ਮੰਡੀ ਵਿਚ ਬਹੁਤ ਮੰਗ ਹੈ। ਗੁਣਵੱਤਾ ਪੱਖੋਂ ਪੰਜਾਬ 'ਚ ਪੈਦਾ ਹੋਈ ਰੂੰ ਉੱਚੇ ਦਰਜੇ ਦੀ ਹੈ ਤੇ ਇਸ ਦੀ ਕਾਫ਼ੀ ਮੰਗ ਵੀ ਹੈ। ਸਾਲ 2016 ਤੋਂ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਤੇ ਖੇਤੀਬਾੜੀ ਵਿਭਾਗ ਵੱਲੋਂ ਨਰਮੇ/ਕਪਾਹ ਦੀ ਸਫਲ ਕਾਸ਼ਤ ਲਈ ਵੱਡੇ ਪੱਧਰ 'ਤੇ ਚਲਾਈ ਗਈ ਮੁਹਿੰਮ ਦੇ ਸਾਰਥਕ ਸਿੱਟੇ ਨਿਕਲ ਰਹੇ ਹਨ। 2017-18 ਵਿਚ ਪੰਜਾਬ 'ਚ ਨਰਮੇ ਦਾ ਝਾੜ 750 ਕਿੱਲੋ ਰੂੰ ਪ੍ਰਤੀ ਹੈਕਟੇਅਰ ਨਿਕਲਿਆ ਜੋ 2018-19 ਵਿਚ ਵੱਧ ਕੇ 776 ਕਿੱਲੋ ਪ੍ਰਤੀ ਹੈਕਟੇਅਰ ਹੋ ਗਿਆ, ਜੋ ਹੁਣ ਤਕ ਦਾ ਰਿਕਾਰਡ ਝਾੜ ਹੈ। ਬਾਸਮਤੀ ਲਈ 15-20 ਪਾਣੀਆਂ ਦੇ ਮੁਕਾਬਲੇ ਨਰਮੇ ਦੀ ਫ਼ਸਲ ਸਿਰਫ 4-6 ਪਾਣੀਆਂ ਨਾਲ ਪਲਦੀ ਹੈ।

- ਜੀਐੱਸ ਰੋਮਾਣਾ, ਰਾਜ ਕੁਮਾਰ

79736-34974

Posted By: Harjinder Sodhi