ਨਿੰਮ ਮੂਲ ਰੂਪ 'ਚ ਭਾਰਤੀ ਖੇਤਰ 'ਚ ਪੈਦਾ ਹੋਇਆ ਤੇ ਉਗਾਇਆ ਜਾਣ ਵਾਲਾ ਰੁੱਖ ਹੈ। ਇਸ 'ਚ ਮਨੁੱਖੀ ਸਿਹਤ ਤੇ ਫ਼ਸਲੀ ਕੀਟ ਪ੍ਰਬੰਧਾਂ ਦੇ ਬਹੁਤ ਸਾਰੇ ਗੁਣ ਹਨ। ਨਿੰਮ ਇਕੱਲਾ ਅਜਿਹਾ ਰੁੱਖ ਹੈ, ਜਿਸ ਦੇ ਹਰ ਹਿੱਸੇ ਨੂੰ ਲਾਭਕਾਰੀ ਕਾਰਜਾਂ ਲਈ ਵਰਤਿਆ ਜਾ ਸਕਦਾ ਹੈ।

ਨਿੰਮ ਤੋਂ ਪ੍ਰਾਪਤ ਹੋਣ ਵਾਲੇ ਪਦਾਰਥ

ਨਿੰਮ ਦਾ ਰੁੱਖ 'ਮਿਲੇਸੀਆ' ਪਰਿਵਾਰ ਨਾਲ ਸਬੰਧਤ ਹੈ। ਫ਼ਾਰਸੀ ਸਾਹਿਤ 'ਚ ਇਸ ਨੂੰ 'ਆਜ਼ਾਦ-ਏ-ਦਰੱਖ਼ਤ-ਏ-ਹਿੰਦ' ਵੀ ਕਿਹਾ ਗਿਆ ਹੈ, ਜਿਸ ਦਾ ਅਰਥ ਹੈ-ਹਿੰਦੁਸਤਾਨ ਦਾ ਆਜ਼ਾਦ ਰੁੱਖ। ਭਾਰਤ 'ਚ ਇਸ ਸਮੇਂ 13.8 ਮਿਲੀਅਨ ਨਿੰਮ ਦੇ ਰੁੱਖ ਹਨ, ਜਿਨ੍ਹਾਂ ਤੋਂ 83 ਹਜ਼ਾਰ ਟਨ ਨਿੰਮ ਦਾ ਤੇਲ, 3.3 ਲੱਖ ਟਨ ਨਿੰਮ ਦੇ ਕੇਕ ਤੇ 4.13 ਲੱਖ ਟਨ ਬੀਜ ਤਿਆਰ ਕੀਤਾ ਜਾ ਸਕਦਾ ਹੈ। ਨਿੰਮ ਤੋਂ ਹਰ ਸਾਲ 37-50 ਕਿੱਲੋ ਨਿਮੋਲੀਆਂ ਪ੍ਰਾਪਤ ਹੁੰਦੀਆਂ ਹਨ। ਇਸ ਦੇ 40 ਕਿੱਲੋ ਫਲ ਤੋਂ 24 ਕਿੱਲੋ ਸੁੱਕਾ ਮਾਦਾ ਤੇ 11.52 ਕਿੱਲੋ ਗੁੱਦਾ, 6 ਕਿੱਲੋ ਬੂਰਾ ਤੇ 1.1 ਕਿੱਲੋ ਬੀਜ ਦੀ ਛਿੱਲ ਪ੍ਰਾਪਤ ਹੁੰਦੀ ਹੈ।

ਸਿਹਤ ਲਈ ਲਾਹੇਵੰਦ

ਅਨੇਕਾਂ ਬਿਮਾਰੀਆਂ ਦੇ ਇਲਾਜ 'ਚ ਨਿੰਮ ਦੀ ਵਰਤੋਂ ਕੀਤੀ ਜਾਂਦੀ ਹੈ। ਨਿੰਮ ਦੇ ਪੱਤੇ ਪਾਲਤੂ ਜਾਨਵਰਾਂ ਦੀ ਸਿਹਤ ਸੁਰੱਖਿਆ ਲਈ ਵਰਤੇ ਜਾਂਦੇ ਹਨ, ਜਦਕਿ ਫਲ ਤੇ ਬੀਜਾਂ ਤੋਂ ਤੇਲ ਤਿਆਰ ਕੀਤਾ ਜਾਂਦਾ ਹੈ। ਨਿੰਮ ਦੇ ਬੀਜ ਦੰਦਾਂ ਦੀ ਸੰਭਾਲ ਲਈ ਲਾਭਕਾਰੀ ਹਨ। ਨਿੰਮ ਦੀਆਂ ਜੜ੍ਹਾਂ ਵੀ ਦਵਾਈਆਂ ਬਣਾਉਣ ਲਈ ਵਰਤੀਆਂ ਜਾਂਦੀਆਂ ਹਨ। ਲੱਕੜ ਫਰਨੀਚਰ ਤੇ ਹੋਰ ਘਰੇਲੂ ਸਮਾਨ ਲਈ ਵਰਤੀ ਜਾਂਦੀ ਹੈ। ਨਿੰਮ ਦੇ ਬੀਜ ਤੋਂ ਬੀਜ ਕੇਕ ਤੇ ਦੇਸੀ ਖਾਦ ਤਿਆਰ ਹੁੰਦੀ ਹੈ। ਨਿੰਮ ਦੇ ਪੱਤੇ ਖ਼ੂਨ ਦੀ ਸਫ਼ਾਈ ਸ਼ੂਗਰ ਦੀ ਰੋਕਥਾਮ, ਚਿਹਰੇ ਦੇ ਕਿੱਲਾਂ ਤੇ ਚਮੜੀ ਦੇ ਹੋਰਨਾਂ ਰੋਗਾਂ 'ਚ ਬੇਹੱਦ ਕਾਰਗਰ ਹਨ। ਇਨ੍ਹਾਂ ਗੁਣਾਂ ਕਾਰਨ ਕਰਕੇ ਹੀ ਭਾਰਤ 'ਚ ਨਿੰਮ ਸਭ ਤੋਂ ਪੂਜਨੀਕ ਰੁੱਖ ਮੰਨਿਆ ਜਾਂਦਾ ਹੈ। ਬਹੁਤ ਸਾਰੇ ਧਾਰਮਿਕ ਕੰਮਾਂ 'ਚ ਵੀ ਨਿੰਮ ਦੀ ਵਰਤੋਂ ਕੀਤੀ ਜਾਂਦੀ ਹੈ। ਨਿੰਮ ਦਾ ਰੁੱਖ ਮਨੁੱਖ ਦੀਆਂ ਧਾਰਮਿਕ, ਸਮਾਜਿਕ, ਚਕਿਤਸਕ, ਸੁੰਦਰਤਾ ਦੀਆਂ ਭਾਵਨਾਵਾਂ ਦਾ ਅਟੁੱਟ ਅੰਗ ਰਿਹਾ ਹੈ।

ਕੀੜਿਆਂ ਦੀ ਰੋਕਥਾਮ

ਨਿੰਮ ਤੋਂ ਤਿਆਰ ਕੀਤੇ ਗਏ ਪਦਾਰਥ ਫ਼ਸਲਾਂ ਦੇ ਕਈ ਦੁਸ਼ਮਣ ਕੀੜਿਆਂ ਦੇ ਵਾਧੇ ਨੂੰ ਰੋਕਣ ਦੀ ਸਮਰਥਾ ਰੱਖਦੇ ਹਨ, ਪਰ ਹੁਣ ਤਕ ਇਸ ਤੋਂ ਬਹੁਤ ਘੱਟ ਪਦਾਰਥ ਤਿਆਰ ਕੀਤੇ ਗਏ ਹਨ। ਇਹ ਪਦਾਰਥ ਨਰਮੇ ਤੇ ਝੋਨੇ ਦੀ ਖੇਤੀ ਵਿਚ ਸਿਫ਼ਾਰਸ਼ ਕੀਤੇ ਗਏ ਹਨ। ਚਿੱਟੀ ਮੱਖੀ ਤੇ ਤਣਾ ਛੇਦਕ ਸੁੰਡੀ ਦੀ ਰੋਕਥਾਮ ਲਈ ਨਿੰਮ ਅਧਾਰਿਤ ਘੋਲ 'ਨਿੰਬੀਸਾਈਡ' ਜਾਂ 'ਅਚੂਕ' ਇਕ ਲੀਟਰ ਦੀ ਪ੍ਰਤੀ ਏਕੜ ਲਈ ਸਿਫ਼ਾਰਸ਼ ਕੀਤੀ ਗਈ ਹੈ। ਨਿੰਮ ਦਾ ਘੋਲ ਤਿਆਰ ਕਰਨ ਲਈ ਨਿੰਮ ਦੀਆਂ ਚਾਰ ਕਿੱਲੋ ਕਰੂੰਬਲਾਂ (ਪੱਤੇ, ਹਰੀਆਂ ਟਹਿਣੀਆਂ ਤੇ ਨਿਮੋਲੀਆਂ) ਨੂੰ 10 ਲੀਟਰ ਪਾਣੀ ਵਿਚ 30 ਮਿੰਟ ਲਈ ਉਬਾਲੋ। ਇਸ ਘੋਲ ਨੂੰ ਕੱਪੜੇ ਨਾਲ ਛਾਣ ਲਵੋ ਤੇ ਤਰਲ ਦਾ ਸਿਫ਼ਾਰਸ਼ ਕੀਤੀ ਮਾਤਰਾ ਮੁਤਾਬਕ ਛਿੜਕਾਅ ਕਰੋ। ਇਹ ਬਿਮਾਰੀਆਂ ਨੂੰ ਕਾਬੂ ਕਰਨ ਲਈ ਕਾਫੀ ਲਾਭਕਾਰੀ ਸਿੱਧ ਹੁੰਦਾ ਹੈ। ਉਮੀਦ ਹੈ ਕਿ ਨੇੜਲੇ ਭਵਿੱਖ ਵਿਚ ਨਿੰਮ ਤੋਂ ਤਿਆਰ ਕੀਤੇ ਗਏ ਹੋਰ ਪਦਾਰਥਾਂ ਬਾਰੇ ਸਿਫ਼ਾਰਸ਼ਾਂ ਵੀ ਕੀਤੀਆਂ ਜਾਣਗੀਆਂ ਤੇ ਇਸ ਗੁਣਕਾਰੀ ਰੁੱਖ ਦੀ ਵੱਧ ਤੋਂ ਵੱਧ ਵਰਤੋਂ ਕੀਤੀ ਜਾਵੇਗੀ।

ਮਿੱਟੀ ਤੇ ਫ਼ਸਲਾਂ ਲਈ ਲਾਭਕਾਰੀ

ਪੂਰੀ ਤਰ੍ਹਾਂ ਵਿਕਸਿਤ ਨਿੰਮ ਦਾ ਰੁੱਖ 10 ਮੀਟਰ ਘੇਰੇ ਤਕ ਫੈਲ ਸਕਦਾ ਹੈ। ਬਹੁਮੰਤਵੀ ਰੁੱਖ ਹੋਣ ਦੇ ਬਾਵਜੂਦ ਇਸ ਦੀ ਜਿਣਸ-ਸੁਧਾਰ ਕਾਰਜਾਂ ਨੂੰ ਅਪਨਾਉਣ ਦੀ ਲੋੜ ਹੈ। ਕੁਝ ਸਮਾਂ ਪਹਿਲਾਂ ਖਾਦਾਂ ਵਿਚ ਨੀਮ ਲਿਪਤ ਯੂਰੀਆ ਦੀ ਵਰਤੋਂ ਸ਼ੁਰੂ ਕੀਤੀ ਗਈ। ਇਸ ਨਾਲ ਮਿੱਟੀ ਦੀ ਸਿਹਤ 'ਚ ਆ ਰਹੇ ਨਿਘਾਰ ਨੂੰ ਠੱਲ੍ਹ ਪਾਈ ਜਾ ਸਕਦੀ ਹੈ ਤੇ ਇਸ ਕਾਰਨ ਨਿੰਮ ਦੇ ਤੇਲ ਦੀ ਮੰਗ ਕਾਫ਼ੀ ਵਧੀ ਹੈ। ਨਿੰਮ ਅਜਿਹਾ ਵਿਲੱਖਣ ਰੁੱਖ ਹੈ, ਜਿਸ ਅੰਦਰ ਗੁਣਕਾਰੀ ਔਸ਼ਧੀਆਂ, ਜਿਵੇਂ ਬੈਕਟੀਰੀਆ ਨਾਲ ਲੜਣ ਦੀ ਸ਼ਕਤੀ, ਉੱਲੀ ਰੋਗਾਂ ਨੂੰ ਖ਼ਤਮ ਕਰਨ ਦੀ ਸ਼ਕਤੀ, ਕੀੜੇ-ਮਕੌੜਿਆਂ ਨੂੰ ਭਜਾਉਣ ਵਰਗੀਆਂ ਅਹਿਮ ਵਿਸ਼ੇਸ਼ਤਾਵਾਂ ਹਨ। ਇਸ ਲਈ ਇਸ ਸਬੰਧੀ ਆਰਥਿਕ ਪੱਧਰ 'ਤੇ ਪੜਚੋਲ ਕਰਨ ਦੀ ਲੋੜ ਹੈ।

- ਅਸ਼ੋਕ ਕੁਮਾਰ

Posted By: Harjinder Sodhi