ਫ਼ਸਲ ਵਿਗਿਆਨੀ ਡਾ. ਮੱਖਣ ਸਿੰਘ ਭੁੱਲਰ ਨੂੰ ਪਿਛਲੇ ਦਿਨੀਂ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਦੇ ਫ਼ਸਲ ਵਿਗਿਆਨ ਵਿਭਾਗ ਦਾ ਮੁਖੀ ਨਿਯੁਕਤ ਕੀਤਾ ਗਿਆ ਹੈ। ਉਨ੍ਹਾਂ ਨੇ ਬਾਗ਼ਬਾਨੀ ਅਤੇ ਮੁੱਖ ਫ਼ਸਲਾਂ 'ਚ ਨਦੀਨਾਂ ਦੀ ਰੋਕਥਾਮ ਲਈ ਸੰਯੁਕਤ ਨਦੀਨ ਪ੍ਰਬੰਧਨ ਵਿਧੀਆਂ ਉੱਪਰ ਅਹਿਮ ਕੰਮ ਕੀਤਾ। ਇਸ ਤੋਂ ਇਲਾਵਾ ਝੋਨੇ ਦੀ ਸਿੱਧੀ ਬਿਜਾਈ ਤੇ ਚੁਕੰਦਰ ਦੀ ਖੇਤੀ ਬਾਰੇ ਵੀ ਵਿਸ਼ੇਸ਼ ਤੌਰ 'ਤੇ ਕੰਮ ਕੀਤਾ।

ਡਾ. ਭੁੱਲਰ ਦੇ ਕੰਮ ਦੇ ਆਧਾਰ 'ਤੇ ਝੋਨੇ ਦੀ ਸਿੱਧੀ ਬਿਜਾਈ ਅਤੇ ਚੁਕੰਦਰ ਦੀਆਂ ਉਤਪਾਦਨ ਤਕਨੀਕਾਂ ਦੇ ਵਿਕਾਸ 'ਚ ਉਨ੍ਹਾਂ ਦੀਆਂ 44 ਸਿਫ਼ਾਰਸ਼ਾਂ ਸਹਾਈ ਹੋਈਆਂ। ਡਾ. ਭੁੱਲਰ ਇਨ੍ਹਾਂ ਨਵੀਆਂ

ਖੇਤੀ ਤਕਨੀਕਾਂ ਦੇ ਪਸਾਰ ਲਈ ਕਿਸਾਨਾਂ ਤੇ ਪਸਾਰ ਏਜੰਸੀਆਂ ਨਾਲ ਸਰਗਰਮੀ ਨਾਲ ਜੁੜੇ ਰਹੇ ਹਨ।

ਪੜ੍ਹਾਈ ਤੇ ਖੋਜ ਕਾਰਜ

ਡਾ. ਮੱਖਣ ਸਿੰਘ ਭੁੱਲਰ ਨੇ ਨਦੀਨ ਵਿਗਿਆਨ ਵਿਚ ਗ੍ਰੈਜੂਏਸ਼ਨ ਤੇ ਪੋਸਟ ਗ੍ਰੈਜੂਏਸ਼ਨ ਦੀ ਪੜ੍ਹਾਈ ਵਿਸ਼ੇਸ਼ ਮੁਹਾਰਤ ਨਾਲ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਲੁਧਿਆਣਾ ਤੋਂ ਕੀਤੀ। ਉਹ ਸਾਲ 2012 ਤੋਂ ਪੀਏਯੂ ਦੇ ਨਦੀਨ ਵਿਗਿਆਨ ਸੈਕਸ਼ਨ ਦੇ ਇੰਚਾਰਜ਼ ਅਤੇ ਆਲ ਇੰਡੀਆ ਕੋਆਰਡੀਨੇਟਿਡ ਖੋਜ ਪ੍ਰਾਜੈਕਟ ਦੇ ਮੁੱਖ ਨਿਗਰਾਨ ਹਨ। ਉਨ੍ਹਾਂ ਦੇ ਨਾਂ ਹੇਠ ਇਕ ਪੇਟੈਂਟ, 82 ਖੋਜ ਲੇਖ, 5 ਰੀਵਿਊ ਪੇਪਰ, 5 ਕਿਤਾਬਾਂ ਦੇ ਅਧਿਆਏ, 4 ਖੋਜ ਬੁਲੇਟਨ, ਲੇਖ ਅਤੇ 53 ਪਸਾਰ ਲੇਖ ਦਰਜ ਹਨ। ਉਨ੍ਹਾਂ ਨੇ ਬਤੌਰ ਸਹਾਇਕ ਨਿਗਰਾਨ ਤੇ ਮੁੱਖ ਨਿਗਰਾਨ 24 ਰਾਸ਼ਟਰੀ ਅਤੇ ਅੰਤਰਰਾਸ਼ਟਰੀ ਪ੍ਰਾਜੈਕਟਾਂ 'ਤੇ ਕੰਮ ਕੀਤਾ। ਡਾ. ਭੁੱਲਰ ਨੇ ਅਮਰੀਕਾ ਦੀ ਕੈਲੇਫੋਰਨੀਆ ਯੂਨੀਵਰਸਿਟੀ ਅਤੇ ਬਰਤਾਨੀਆ ਦੇ ਜੀਲਟ'ਜ਼ ਹਿਲ ਇੰਟਰਨੈਸ਼ਨਲ ਰਿਸਰਚ ਸੈਂਟਰ ਵਿਖੇ ਨਦੀਨ ਵਿਗਿਆਨ ਸਬੰਧੀ ਸਿਖਲਾਈ ਪ੍ਰੋਗਰਾਮਾਂ 'ਚ ਹਿੱਸਾ ਲਿਆ।

ਮਾਣ ਸਨਮਾਨ

ਉਹ ਫ਼ਸਲ ਵਿਗਿਆਨ ਤੇ ਨਦੀਨ ਵਿਗਿਆਨ ਦੇ ਅੰਡਰ ਗ੍ਰੈਜੂਏਟ ਤੇ ਪੋਸਟ ਗ੍ਰੈਜੂਏਟ ਕੋਰਸਾਂ ਨੂੰ ਲਗਾਤਾਰ ਪੜ੍ਹਾਉਂਦੇ ਰਹੇ ਹਨ। 14 ਵਿਦਿਆਰਥੀਆਂ ਨੇ ਡਾ. ਭੁੱਲਰ ਦੀ ਨਿਗਰਾਨੀ ਹੇਠ ਖੋਜ ਕਾਰਜ ਕੀਤੇ। ਇਨ੍ਹਾਂ ਵਿੱਚੋਂ ਇਕ ਵਿਦਿਆਰਥੀ ਨੂੰ ਵੱਕਾਰੀ 'ਜਵਾਹਰ ਲਾਲ ਨਹਿਰੂ ਖੋਜ ਪੁਰਸਕਾਰ ਨਾਲ ਨਿਵਾਜਿਆ ਗਿਆ। ਉਨ੍ਹਾਂ ਦੀ ਨਿਗਰਾਨੀ ਹੇਠ ਲੁਧਿਆਣਾ ਕੇਂਦਰ ਨੂੰ ਸਾਲ 2015-16 ਲਈ ਆਲ ਇੰਡੀਆ ਕੋਆਰਡੀਨੇਟਿਡ ਖੋਜ ਪ੍ਰਾਜੈਕਟ ਦੇ 'ਨਦੀਨ ਪ੍ਰਬੰਧਨ ਦਾ ਸਰਬੋਤਮ ਕੇਂਦਰ' ਪੁਰਸਕਾਰ ਪ੍ਰਾਪਤ ਹੋਇਆ। ਪੀਏਯੂ ਵੱਲੋਂ ਡਾ. ਭੁੱਲਰ ਨੂੰ ਨਦੀਨ ਪ੍ਰਬੰਧਨ ਤਕਨਾਲੋਜੀ ਦੇ ਖੇਤਰ 'ਚ ਵਿਸ਼ੇਸ਼ ਖੋਜ ਲਈ ਪ੍ਰਸ਼ੰਸਾ ਪੱਤਰ ਨਾਲ ਸਨਮਾਨਿਤ ਕੀਤਾ ਗਿਆ। ਇਸ ਤੋਂ ਇਲਾਵਾ ਸਾਲ 2018 ਵਿਚ ਡਾ. ਭੁੱਲਰ ਵੱਲੋਂ ਨਦੀਨ ਵਿਗਿਆਨ ਦੇ ਖੇਤਰ 'ਚ ਪਾਏ ਗਏ ਅਹਿਮ ਯੋਗਦਾਨ ਲਈ ਨਦੀਨ ਵਿਗਿਆਨ ਸਬੰਧੀ ਭਾਰਤੀ ਸੁਸਾਇਟੀ ਵੱਲੋਂ 'ਫੈਲੋ ਆਫ ਦਿ ਯੀਅਰ' ਐਵਾਰਡ ਵੀ ਪ੍ਰਾਪਤ ਹੋਇਆ।

- ਪਲਵਿੰਦਰ ਸਿੰਘ ਢੁੱਡੀਕੇ

98724-96720

Posted By: Harjinder Sodhi